ਨਵੀਨ ਅਰੋੜਾ ਕਤਲ ਕਾਂਡ: ਮਾਸਟਰਮਾਈਂਡ ਜਤਿਨ ਕਾਲੀ ਦਾ ਪੁਲਿਸ ਵੱਲੋਂ ਇਨਕਾਊਂਟਰ
- 192 Views
- kakkar.news
- November 20, 2025
- Crime Punjab
ਨਵੀਨ ਅਰੋੜਾ ਕਤਲ ਕਾਂਡ: ਮਾਸਟਰਮਾਈਂਡ ਜਤਿਨ ਕਾਲੀ ਦਾ ਪੁਲਿਸ ਵੱਲੋਂ ਇਨਕਾਊਂਟਰ
ਫਿਰੋਜ਼ਪੁਰ, 20 ਨਵੰਬਰ 2025 (ਅਨੁਜ ਕੱਕੜ ਟੀਨੂੰ)
ਅੱਧੀ ਰਾਤ ਫਿਰੋਜ਼ਪੁਰ ਪੁਲਿਸ ਵੱਲੋਂ ਨਵੀਨ ਅਰੋੜਾ ਕਤਲ ਕਾਂਡ ਦੇ ਮੁੱਖ ਆਰੋਪੀ ਅਤੇ ਮਾਸਟਰਮਾਈਂਡ ਜਤਿਨ ਕਾਲੀ ਨੂੰ ਮੁੱਠਭੇੜ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ। ਜਾਣਕਾਰੀ ਅਨੁਸਾਰ, ਪੁਲਿਸ ਟੀਮ ਨਾਕਾਬੰਦੀ ਦੌਰਾਨ ਤਾਇਨਾਤ ਸੀ, ਜਦੋਂ ਅੱਗੋਂ ਮੋਟਰਸਾਈਕਲ ’ਤੇ ਆ ਰਿਹਾ ਜਤਿਨ ਕਾਲੀ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕਰਨ ’ਤੇ ਜਤਿਨ ਕਾਲੀ ਨੇ ਪੁਲਿਸ ਪਾਰਟੀ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ, ਬਾਅਦ ਵਿੱਚ ਪੁਲਿਸ ਨੂੰ ਜਵਾਬੀ ਗੋਲੀਬਾਰੀ ਕਰਨੀ ਪਈ। ਇਸ ਦੌਰਾਨ ਜਤਿਨ ਕਾਲੀ ਨੂੰ ਤਿੰਨ ਗੋਲੀਆਂ ਲੱਗੀਆਂ ਅਤੇ ਉਸਨੂੰ ਜ਼ਖਮੀ ਹਾਲਤ ਵਿੱਚ ਕਾਬੂ ਕੀਤਾ ਗਿਆ। ਜਖ਼ਮੀ ਹੋਏ ਜਤਿਨ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
15 ਨਵੰਬਰ ਨੂੰ ਆਰਐਸਐਸ ਵਰਕਰ ਨਵੀਨ ਅਰੋੜਾ ਦੀ ਫਿਰੋਜ਼ਪੁਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਦੀ ਤਫ਼ਤੀਸ਼ ਅਨੁਸਾਰ ਇਸ ਕਤਲ ਦੀ ਪੂਰੀ ਸਾਜ਼ਿਸ਼ ਜਤਿਨ ਕਾਲੀ ਨੇ ਹੀ ਰਚੀ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕਤਲ ਦੀ ਯੋਜਨਾ ਕਨਵ ਦੇ ਜਨਮਦਿਨ ਸਮਾਰੋਹ ਦੌਰਾਨ ਬਣਾਈ ਗਈ ਸੀ, ਜਿੱਥੇ ਜਤਿਨ ਕਾਲੀ, ਕਨਵ ਅਤੇ ਹੋਰ ਸਾਥੀ ਇਕੱਠੇ ਹੋਏ ਸਨ।
ਮਾਮਲੇ ਵਿੱਚ ਬਾਦਲ ਅਤੇ ਹਰਸ਼ ਵਾਰਦਾਤ ਵਾਲੇ ਦਿਨ ਮੌਕੇ ’ਤੇ ਮੌਜੂਦ ਸਨ ਅਤੇ ਉਹਨਾਂ ਵੱਲੋਂ ਨਵੀਨ ਅਰੋੜਾ ਨੂੰ ਨਿਸ਼ਾਨਾ ਬਣਾਇਆ ਗਿਆ। ਜੇਕਰ ਇਹ ਦੋਵੇਂ ਅਸਫਲ ਰਹਿੰਦੇ ਤਾਂ ਪੁਲਿਸ ਅਨੁਸਾਰ ਇੱਕ “ਬੀ ਟੀਮ” ਵੀ ਤਿਆਰ ਸੀ, ਜਿਸ ਵਿੱਚ ਜਤਿਨ ਕਾਲੀ ਖ਼ੁਦ ਸ਼ਾਮਲ ਸੀ ਅਤੇ ਦੂਜੇ ਹਮਲੇ ਦੀ ਯੋਜਨਾ ਬਣਾਈ ਗਈ ਸੀ।
ਜਤਿਨ ਕਾਲੀ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਹੁਣ ਇਸ ਮਾਮਲੇ ਦੇ ਹੋਰ ਸਿਰਿਆਂ ਨੂੰ ਖੰਗਾਲ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਕੀ ਸਾਥੀਆਂ ਦੀ ਭੂਮਿਕਾ, ਹਥਿਆਰਾਂ ਦੇ ਸਰੋਤ ਅਤੇ ਕਤਲ ਦੇ ਪਿੱਛੇ ਲੁਕਿਆ ਹੋਇਆ ਮਕਸਦ ਪੂਰੀ ਤਰ੍ਹਾਂ ਸਾਹਮਣੇ ਲਿਆਉਣ ਲਈ ਜਾਂਚ ਜਾਰੀ ਹੈ।
