ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਹੈਰੋਇਨ ਦੀ ਵੱਡੀ ਖੇਪ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
- 23 Views
- kakkar.news
- February 19, 2026
- Crime Punjab
ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਹੈਰੋਇਨ ਦੀ ਵੱਡੀ ਖੇਪ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
ਫਿਰੋਜ਼ਪੁਰ, 18 ਫਰਵਰੀ 2026 (ਅਨੁਜ ਕੱਕੜ ਟੀਨੂੰ)
ਐਸ ਐਸ ਪੀ ਫਿਰੋਜ਼ਪੁਰ ਸ. ਭੁਪਿੰਦਰ ਸਿੰਘ ਸਿੱਧੂ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਅੰਦਰ ਨਸ਼ਿਆਂ ਦੇ ਖਾਤਮੇ ਲਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਲਗਾਤਾਰ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਦੇ ਸਮੂਹ ਗਜ਼ਟਿਡ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜੋ ਇਲਾਕੇ ਵਿੱਚ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ ਮੁਸ਼ਤੈਦੀ ਨਾਲ ਕਾਰਵਾਈ ਕਰ ਰਹੀਆਂ ਹਨ।
ਇਸ ਮੁਹਿੰਮ ਤਹਿਤ ਇੰਸਪੈਕਟਰ ਮੋਹਿਤ ਧਵਨ, ਇੰਚਾਰਜ ਸੀ.ਆਈ.ਏ. ਫਿਰੋਜ਼ਪੁਰ ਦੀ ਟੀਮ ਨੂੰ 18-02-2026 ਨੂੰ ਵੱਡੀ ਸਫਲਤਾ ਹਾਸਲ ਹੋਈ। ਦੋਰਾਨੇ ਗਸ਼ਤ ਅਤੇ ਚੈਕਿੰਗ ਕਰਦੇ ਸਮੇਂ ਕਰੀਬ 8:10 ਵਜੇ ਸ਼ਾਮ, ਪਿੰਡ ਅਟਾਰੀ (ਫਿਰੋਜ਼ਪੁਰ-ਮੱਲਾਂਵਾਲਾ ਰੋਡ) ਨੇੜੇ ਮੁਖਬਰ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕੀਤੀ ਗਈ।
ਸੂਚਨਾ ਮੁਤਾਬਕ ਸੋਨੂੰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਕਿਲਚੇ, ਹਾਲ ਵਾਸੀ ਪਿੰਡ ਭੰਮਾ ਸਿੰਘ ਵਾਲਾ ਉਰਫ ਮੱਤੜ, ਥਾਣਾ ਸਦਰ ਫਿਰੋਜ਼ਪੁਰ, ਹੈਰੋਇਨ ਵੇਚਣ ਦੇ ਧੰਦੇ ਨਾਲ ਜੁੜਿਆ ਹੋਇਆ ਹੈ ਅਤੇ ਕੱਚਾ ਬੰਨ੍ਹ ਪਿੰਡ ਅੱਕੂ ਵਾਲਾ ਵਿਖੇ ਡਿਲਿਵਰੀ ਦੇ ਇੰਤਜ਼ਾਰ ਵਿੱਚ ਖੜਾ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ।
ਤਲਾਸ਼ੀ ਦੌਰਾਨ ਉਸ ਦੇ ਪਾਸੋਂ 6 ਕਿਲੋ 38 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਸਬੰਧੀ ਮੁਕੱਦਮਾ ਨੰਬਰ 24 ਮਿਤੀ 18.02.2026 ਅਧੀਨ ਧਾਰਾ 21/61/85 NDPS ਐਕਟ ਥਾਣਾ ਆਰਿਫ ਕੇ ਵਿਖੇ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਪੁੱਛ ਗਿੱਛ ਦੌਰਾਨ ਇਹ ਸਾਮਣੇ ਆਇਆ ਹੈ ਕਿ ਆਰੋਪੀ ਸੋਨੂ ਸਿੰਘ ਤੇ ਪਹਿਲਾ ਵੀ ਕਈ ਮਾਮਲੇ ਦਰਜ ਹਨ
ਐਸ.ਐਸ.ਪੀ. ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ ਸਖ਼ਤ ਕਾਰਵਾਈ ਅਗਾਂਹ ਵੀ ਜਾਰੀ ਰਹੇਗੀ ।
