ਭੈਣ ਨਾਲ ਛੇੜਛਾੜ ਦਾ ਵਿਰੋਧ ਕਰਨ ’ਤੇ ਨੌਜਵਾਨ ਦਾ ਕਤਲ, ਪਰਿਵਾਰ ’ਚ ਮਚਿਆ ਚੀਕ-ਚਿਹਾੜਾ
- kakkar.news
- October 27, 2026
- Crime Punjab
ਭੈਣ ਨਾਲ ਛੇੜਛਾੜ ਦਾ ਵਿਰੋਧ ਕਰਨ ’ਤੇ ਨੌਜਵਾਨ ਦਾ ਕਤਲ, ਪਰਿਵਾਰ ’ਚ ਮਚਿਆ ਚੀਕ-ਚਿਹਾੜਾ
ਫਿਰੋਜ਼ਪੁਰ ’ਚ ਨੌਜਵਾਨ ਨੂੰ ਅਗਵਾ ਕਰਕੇ ਬੇਰਹਿਮੀ ਨਾਲ ਕੁੱਟਿਆ, ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ; ਸਾਥੀ ਵੀ ਗੰਭੀਰ ਜ਼ਖ਼ਮੀ
ਫਿਰੋਜ਼ਪੁਰ, 27 ਅਕਤੂਬਰ 2026 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਵਿੱਚ ਭੈਣ ਨਾਲ ਕਥਿਤ ਛੇੜਛਾੜ ਦਾ ਵਿਰੋਧ ਕਰਨਾ ਇੱਕ ਨੌਜਵਾਨ ਨੂੰ ਮਹਿੰਗਾ ਪੈ ਗਿਆ। ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਅਤੇ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਰੰਜਿਸ਼ ਦੇ ਚੱਲਦਿਆਂ ਕਰੀਬ 20 ਸਾਲਾ ਨੌਜਵਾਨ ਅਨਮੋਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਵਿੱਚ ਉਸ ਦਾ ਇੱਕ ਸਾਥੀ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਏਮਸ ਬਠਿੰਡਾ ਰੈਫਰ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਫਿਰੋਜ਼ਪੁਰ ਦੇ ਰਾਮੇ ਵਾਲਾ ਦਾ ਰਹਿਣ ਵਾਲਾ ਅਨਮੋਲ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਇੱਕ ਨੌਜਵਾਨ ਵੱਲੋਂ ਅਨਮੋਲ ਦੀ ਭੈਣ ਨਾਲ ਵਾਰ-ਵਾਰ ਛੇੜਛਾੜ ਕੀਤੀ ਜਾਂਦੀ ਸੀ। ਅਨਮੋਲ ਵੱਲੋਂ ਇਸ ਦਾ ਵਿਰੋਧ ਕਰਨ ਕਾਰਨ ਪਹਿਲਾਂ ਵੀ ਝਗੜਾ ਹੋ ਚੁੱਕਾ ਸੀ, ਪਰ ਕਥਿਤ ਤੌਰ ’ਤੇ ਵਿਵਾਦ ਖ਼ਤਮ ਨਹੀਂ ਹੋਇਆ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਅਨਮੋਲ ਕੰਮ ਦੇ ਸਿਲਸਿਲੇ ਵਿੱਚ ਕੇਵੀ ਕਲੋਨੀ ਗਿਆ ਹੋਇਆ ਸੀ, ਤਾਂ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਉਸ ਦੇ ਸਾਥੀ ਨੂੰ ਪਿਸਤੌਲ ਦਿਖਾ ਕੇ ਡਰਾਇਆ ਅਤੇ ਅਨਮੋਲ ਨੂੰ ਆਪਣੇ ਨਾਲ ਲੈ ਗਏ।
ਪਰਿਵਾਰ ਅਨੁਸਾਰ, ਅਨਮੋਲ ਨੂੰ ਅਗਵਾ ਕਰਨ ਤੋਂ ਬਾਅਦ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਹਮਲਾਵਰ ਉਸ ਨੂੰ ਮ੍ਰਿਤਕ ਸਮਝ ਕੇ ਕਿਲ੍ਹੇ ਵਾਲਾ ਚੌਕ ਦੇ ਨੇੜੇ ਝਾੜੀਆਂ ਵਿੱਚ ਸੁੱਟ ਕੇ ਫਰਾਰ ਹੋ ਗਏ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ਨੇ ਅਨਮੋਲ ਦੀ ਭਾਲ ਸ਼ੁਰੂ ਕੀਤੀ। ਝਾੜੀਆਂ ਵਿੱਚੋਂ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲਣ ’ਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਗੰਭੀਰ ਸੱਟਾਂ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਰਖਵਾਇਆ ਗਿਆ ਹੈ। ਇਸ ਘਟਨਾ ਵਿੱਚ ਜ਼ਖ਼ਮੀ ਹੋਏ ਉਸ ਦੇ ਸਾਥੀ ਨੂੰ ਗੰਭੀਰ ਹਾਲਤ ਵਿੱਚ ਏਮਸ ਬਠਿੰਡਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਇਸ ਮਾਮਲੇ ਸਬੰਧੀ ਡੀਐਸਪੀ ਦਿਹਾਤੀ ਕਰਨ ਸ਼ਰਮਾ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਮਾਮਲਾ ਮ੍ਰਿਤਕ ਦੀ ਭੈਣ ਨਾਲ ਕਥਿਤ ਛੇੜਛਾੜ ਦੇ ਵਿਵਾਦ ਨਾਲ ਜੁੜਿਆ ਸਾਹਮਣੇ ਆਇਆ ਹੈ। ਉਨ੍ਹਾਂ ਅਨੁਸਾਰ, ਅਨਮੋਲ ਵੱਲੋਂ ਛੇੜਛਾੜ ਦਾ ਵਿਰੋਧ ਕੀਤਾ ਜਾਂਦਾ ਸੀ, ਜਿਸ ਕਾਰਨ ਇਹ ਵਾਰਦਾਤ ਵਾਪਰਨ ਦਾ ਸ਼ੱਕ ਹੈ।
ਡੀਐਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਪੁਲਿਸ ਨੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਹੈ।
ਫਿਲਹਾਲ ਪੁਲਿਸ ਜਾਂਚ ਜਾਰੀ ਹੈ ਅਤੇ ਮਾਮਲੇ ਨਾਲ ਜੁੜੇ ਸਾਰੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।

- October 25, 2026