ਅਗਨੀਵੀਰ ਫੌਜ ਭਰਤੀ ਲਈ 1 ਅਪ੍ਰੈਲ ਤੱਕ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ
- 16 Views
- kakkar.news
- March 17, 2026
- Punjab
ਅਗਨੀਵੀਰ ਫੌਜ ਭਰਤੀ ਲਈ 1 ਅਪ੍ਰੈਲ ਤੱਕ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ
ਫ਼ਿਰੋਜ਼ਪੁਰ, 17 ਮਾਰਚ 2026 (ਅਨੁਜ ਕੱਕੜ ਟੀਨੂੰ)
ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਦੇ ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ ਗੁਰਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਨੀਵੀਰ ਫੌਜ ਦੀ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ 13 ਫਰਵਰੀ 2026 ਤੋਂ ਸ਼ੁਰੂ ਹੋ ਚੁੱਕੀ ਹੈ, ਜਿਸ ਦੀ ਆਖਰੀ ਮਿਤੀ 01 ਅਪ੍ਰੈਲ 2026 ਨਿਰਧਾਰਤ ਕੀਤੀ ਗਈ ਹੈ। ਉਮੀਦਵਾਰ ਆਪਣੀ ਰਜਿਸਟ੍ਰੇਸ਼ਨ ਸਰਕਾਰੀ ਵੈੱਬਸਾਈਟ www.joinindianarmy.nic.in ’ਤੇ ਕਰ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਭਰਤੀ ਲਈ ਕੰਪਿਊਟਰ ਅਧਾਰਿਤ ਲਿਖਤੀ ਪ੍ਰੀਖਿਆ ਜੂਨ 2026 ਵਿੱਚ ਆਯੋਜਿਤ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਲਿਖਤੀ ਪ੍ਰੀਖਿਆ ਦੀ ਤਿਆਰੀ ਲਈ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਮੁਫ਼ਤ ਟ੍ਰੇਨਿੰਗ ਮੁਹੱਈਆ ਕਰਵਾਈ ਜਾ ਰਹੀ ਹੈ। ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਜ਼ਿਲ੍ਹਿਆਂ ਦੇ ਇੱਛੁਕ ਨੌਜਵਾਨ ਜਲਦੀ ਤੋਂ ਜਲਦੀ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਕੇ ਕੈਂਪ ਵਿੱਚ ਸ਼ਾਮਲ ਹੋ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਭਰਤੀ ਲਈ ਉਮੀਦਵਾਰ ਦੀ ਉਮਰ ਸਾਢੇ 17 ਤੋਂ 22 ਸਾਲ ਹੋਣੀ ਲਾਜ਼ਮੀ ਹੈ। ਕੱਦ ਘੱਟੋ-ਘੱਟ 5 ਫੁੱਟ 7 ਇੰਚ ਅਤੇ ਛਾਤੀ 77 ਸੈਂਟੀਮੀਟਰ (ਬਿਨਾਂ ਫੁਲਾਏ) ਤੋਂ 82 ਸੈਂਟੀਮੀਟਰ (ਫੁਲਾਕੇ) ਹੋਣੀ ਚਾਹੀਦੀ ਹੈ। ਸਿੱਖਿਆ ਯੋਗਤਾ ਵਜੋਂ ਉਮੀਦਵਾਰ ਦਾ ਘੱਟੋ-ਘੱਟ 10ਵੀਂ 45 ਪ੍ਰਤੀਸ਼ਤ ਅੰਕਾਂ ਨਾਲ ਪਾਸ ਹੋਣਾ ਜਾਂ 10+2 ਪਾਸ ਹੋਣਾ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਕੈਂਪ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰ ਆਪਣੇ ਨਾਲ 10ਵੀਂ ਦਾ ਅਸਲ ਸਰਟੀਫਿਕੇਟ ਅਤੇ ਫੋਟੋਕਾਪੀ, ਪੰਜਾਬ ਰਿਹਾਇਸ਼ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਧਾਰ ਕਾਰਡ, ਬੈਂਕ ਖਾਤੇ ਦੀ ਜਾਣਕਾਰੀ, ਦੋ ਪਾਸਪੋਰਟ ਸਾਈਜ਼ ਫੋਟੋਆਂ, ਕਾਪੀ, ਪੈਨ, ਖਾਣ-ਪੀਣ ਲਈ ਬਰਤਨ ਅਤੇ ਰਹਿਣ ਲਈ ਬਿਸਤਰਾ ਲੈ ਕੇ ਆਉਣ। ਕੈਂਪ ਵਿੱਚ ਆਉਣ ਦਾ ਸਮਾਂ ਸਵੇਰੇ 09:00 ਵਜੇ ਨਿਰਧਾਰਤ ਕੀਤਾ ਗਿਆ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੈਂਪ ਦੌਰਾਨ ਉਮੀਦਵਾਰਾਂ ਲਈ ਰਹਿਣ ਅਤੇ ਖਾਣ-ਪੀਣ ਦੀ ਸਹੂਲਤ ਮੁਫ਼ਤ ਪ੍ਰਦਾਨ ਕੀਤੀ ਜਾਵੇਗੀ ਅਤੇ ਟ੍ਰੇਨਿੰਗ ਲਈ ਕੋਈ ਵੀ ਫੀਸ ਨਹੀਂ ਲਈ ਜਾਵੇਗੀ। ਵਧੇਰੇ ਜਾਣਕਾਰੀ ਲਈ ਇੱਛੁਕ ਉਮੀਦਵਾਰ 73476-66557 ਨੰਬਰ ’ਤੇ ਸੰਪਰਕ ਕਰ ਸਕਦੇ ਹਨ।
