ਮੋਬਾਈਲ ’ਚ ਵੜਿਆ RAT, ਬੈਂਕ ਖਾਤੇ ’ਤੇ ਮਾਰਿਆ ਹੱਥ! 5.75 ਲੱਖ ਦੀ ਠੱਗੀ
- kakkar.news
- September 16, 2026
- Crime Punjab
ਮੋਬਾਈਲ ’ਚ ਵੜਿਆ RAT, ਬੈਂਕ ਖਾਤੇ ’ਤੇ ਮਾਰਿਆ ਹੱਥ! 5.75 ਲੱਖ ਦੀ ਠੱਗੀ
ਫਿਰੋਜ਼ਪੁਰ 16 ਸਤੰਬਰ 2026 ( ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਵਿੱਚ ਸਾਈਬਰ ਠੱਗਾਂ ਦਾ ਇੱਕ ਨਵਾਂ ਅਤੇ ਖਤਰਨਾਕ ਕਾਰਨਾਮਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੂੰ ਫਰਜ਼ੀ ਈ-ਚਲਾਨ ਦਾ ਝਾਂਸਾ ਦੇ ਕੇ ਉਸ ਦੇ ਬੈਂਕ ਖਾਤਿਆਂ ‘ਚੋਂ ₹5,75,744 ਦੀ ਰਕਮ ਉਡਾ ਲਈ ਗਈ। ਠੱਗਾਂ ਵੱਲੋਂ ਪੀੜਤ ਦੇ ਮੋਬਾਈਲ ਵਿੱਚ ਈ-ਚਲਾਨ ਦੇ ਬਹਾਨੇ ਇੱਕ ਐਪਲੀਕੇਸ਼ਨ ਇੰਸਟਾਲ ਕਰਵਾਈ ਗਈ ਸੀ, ਜੋ ਕਿ ਬਾਅਦ ਵਿੱਚ RAT (Remote Access Trojan) ਸਾਫਟਵੇਅਰ ਨਿਕਲੀ।
ਪ੍ਰਾਪਤ ਜਾਣਕਾਰੀ ਅਨੁਸਾਰ, ਸ਼ਿਕਾਇਤਕਰਤਾ ਤੇਜਬੀਰ ਸਿੰਘ ਸੰਧੂ ਨੂੰ 12 ਅਗਸਤ ਨੂੰ ਮੋਬਾਈਲ ਨੰਬਰ +91-82959-05938 ਤੋਂ ਮੈਸੇਜ ਆਇਆ। ਮੈਸੇਜ ਕਰਨ ਵਾਲੇ ਅਣਜਾਣ ਲਿੰਕ ਰਾਹੀਂ ਐਪਲੀਕੇਸ਼ਨ ਡਾਊਨਲੋਡ ਕਰਨ ਲਈ ਕਿਹਾ।
ਸ਼ਿਕਾਇਤਕਰਤਾ ਅਨੁਸਾਰ ਐਪ ਇੰਸਟਾਲ ਕਰਨ ਤੋਂ ਤੁਰੰਤ ਬਾਅਦ ਉਸ ਨੂੰ ਫੋਨ ‘ਚ ਕੋਈ ਸ਼ੱਕੀ ਗਤੀਵਿਧੀ ਨਜ਼ਰ ਨਹੀਂ ਆਈ। ਪਰ 18 ਅਗਸਤ ਨੂੰ ਜਦੋਂ ਉਸ ਨੇ ਆਪਣੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਤਾਂ ਉਸ ਦੇ ਹੋਸ਼ ਉੱਡ ਗਏ। ਠੱਗਾਂ ਨੇ IDBI Bank, ਫਿਰੋਜ਼ਪੁਰ ਦੇ ਖਾਤੇ ‘ਚੋਂ ₹5,61,744 ਅਤੇ Punjab National Bank (PNB) ਦੇ ਖਾਤੇ ‘ਚੋਂ ₹14,000 ਕਢਵਾ ਲਏ ਸਨ!
ਸਾਈਬਰ ਮਾਹਰਾਂ ਅਨੁਸਾਰ Remote Access Trojan (RAT) ਇੱਕ ਅਜਿਹਾ ਖਤਰਨਾਕ ਵਾਇਰਸ ਹੈ, ਜਿਸ ਦੇ ਇੰਸਟਾਲ ਹੁੰਦੇ ਹੀ ਮੋਬਾਈਲ ਦਾ ਪੂਰਾ ਕੰਟਰੋਲ ਠੱਗਾਂ ਦੇ ਹੱਥਾਂ ‘ਚ ਚਲਾ ਜਾਂਦਾ ਹੈ। ਇਸ ਰਾਹੀਂ ਠੱਗ ਦੂਰ ਬੈਠੇ ਹੀ ਮੋਬਾਈਲ ਦੀ ਸਕ੍ਰੀਨ ਲਾਈਵ ਦੇਖ ਸਕਦੇ ਹਨ, ਇੰਟਰਨੈੱਟ ਬੈਂਕਿੰਗ ਦੇ ਲੌਗਇਨ-ਪਾਸਵਰਡ, ਫੋਨ ਵਿੱਚ ਆਉਣ ਵਾਲੇ ਓ.ਟੀ.ਪੀ. (OTP), ਨਿੱਜੀ ਫੋਟੋਆਂ ਅਤੇ ਕੰਟੈਕਟ ਲਿਸਟ ਤੱਕ ਪਹੁੰਚ ਬਣਾ ਲੈਂਦੇ ਹਨ।
ਇਸ ਮਾਮਲੇ ਸਬੰਧੀ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (NCRP) ‘ਤੇ 18 ਅਗਸਤ ਨੂੰ ਦੋ ਸ਼ਿਕਾਇਤਾਂ (ਨੰਬਰ 22508260023411 ਅਤੇ 22508260023422) ਦਰਜ ਕਰਵਾਈਆਂ ਗਈਆਂ ਹਨ, ਜਿਨ੍ਹਾਂ ਦੀ ਜਾਂਚ ਸਾਈਬਰ ਸੈੱਲ ਇੰਚਾਰਜ ਸੁਖਬੀਰ ਕੌਰ ਨੂੰ ਸੌਂਪੀ ਗਈ ਹੈ।
ਹਾਲਾਂਕਿ, ਫਿਰੋਜ਼ਪੁਰ ਵਿੱਚ ਸਾਈਬਰ ਠੱਗੀ ਨਾਲ ਜੁੜੇ ਅਨੇਕਾਂ ਮਾਮਲੇ ਲਗਾਤਾਰ ਦਰਜ ਹੋ ਰਹੇ ਹਨ, ਪਰ ਪੀੜਤਾਂ ਨੂੰ ਇਨਸਾਫ਼ ਮਿਲਣ ਅਤੇ ਠੱਗੀ ਹੋਈ ਰਕਮ ਵਾਪਸ ਆਉਣ ਦੀ ਦਰ ਬਹੁਤ ਘੱਟ ਹੈ। ਸਾਈਬਰ ਸੈੱਲ ਦੀ ਹੌਲੀ ਕਾਰਗੁਜ਼ਾਰੀ ਅਤੇ ਠੱਗਾਂ ਤੱਕ ਨਾ ਪਹੁੰਚ ਪਾਉਣ ਕਾਰਨ ਹੁਣ ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਵੀ ਗੰਭੀਰ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ।
ਪੁਲਿਸ ਅਤੇ ਸਾਈਬਰ ਮਾਹਰਾਂ ਵੱਲੋਂ ਅਪੀਲ
* ਈ-ਚਲਾਨ ਭਰਨ ਲਈ ਹਮੇਸ਼ਾ ਕੇਵਲ ਸਰਕਾਰੀ ਵੈੱਬਸਾਈਟ echallan.parivahan.gov.in ਦੀ ਹੀ ਵਰਤੋਂ ਕਰੋ।
* ਵਟਸਐਪ ਜਾਂ SMS ‘ਚ ਆਏ ਕਿਸੇ ਵੀ ਅਣਜਾਣ ਲਿੰਕ ਤੋਂ APK ਫਾਈਲ/ਐਪ ਇੰਸਟਾਲ ਨਾ ਕਰੋ।
* ਕਿਸੇ ਵੀ ਠੱਗੀ ਦਾ ਸ਼ਿਕਾਰ ਹੋਣ ‘ਤੇ ਤੁਰੰਤ 1930 ਨੰਬਰ ‘ਤੇ ਸ਼ਿਕਾਇਤ ਦਰਜ ਕਰਵਾਓ ਅਤੇ ਬੈਂਕ ਖਾਤੇ ਬਲਾਕ ਕਰਵਾਓ।

- September 16, 2026
ਮੋਬਾਈਲ ’ਚ ਵੜਿਆ RAT, ਬੈਂਕ ਖਾਤੇ ’ਤੇ ਮਾਰਿਆ ਹੱਥ! 5.75 ਲੱਖ ਦੀ ਠੱਗੀ