ਰਾਜ ਪੁਰਸਕਾਰ ਪ੍ਰਾਪਤ ਕਰਨ ’ਤੇ ਸੈਂਟਰ ਹੈਡ ਟੀਚਰ ਪੂਜਾ ਅਰੋੜਾ ਦਾ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ
- kakkar.news
- September 14, 2026
- Punjab
ਰਾਜ ਪੁਰਸਕਾਰ ਪ੍ਰਾਪਤ ਕਰਨ ’ਤੇ ਸੈਂਟਰ ਹੈਡ ਟੀਚਰ ਪੂਜਾ ਅਰੋੜਾ ਦਾ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ
ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਲਈ ਮਾਣਮੱਤੀ ਪ੍ਰਾਪਤੀ, ਸਕੂਲ ਅਤੇ ਪਿੰਡ ਵਾਸੀਆਂ ਨੇ ਪ੍ਰਗਟਾਈ ਖੁਸ਼ੀ
ਫ਼ਿਰੋਜ਼ਪੁਰ 14 ਸਤੰਬਰ 2026 (ਅਨੁਜ ਕੱਕੜ ਟੀਨੂੰ)
ਸਰਕਾਰੀ ਪ੍ਰਾਇਮਰੀ ਸਕੂਲ ਝੋਕ ਹਰੀਹਰ ਦੀ ਸੈਂਟਰ ਹੈਡ ਟੀਚਰ ਮੈਡਮ ਪੂਜਾ ਅਰੋੜਾ ਨੂੰ 5 ਸਤੰਬਰ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅਧਿਆਪਕ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ’ਤੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਨਿੱਘਾ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮਾਣਮੱਤੀ ਪ੍ਰਾਪਤੀ ਨਾਲ ਸਮੁੱਚੇ ਪਿੰਡ ਅਤੇ ਸਕੂਲ ਵਿੱਚ ਖੁਸ਼ੀ ਅਤੇ ਮਾਣ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਮੌਕੇ ਪਿੰਡ ਦੇ ਬੂਟਾ ਰਾਮ ਗੁਲਾਟੀ, ਉਰਮੀਲਾ ਗੁਲਾਟੀ, ਗਗਨਬੀਰ ਸਿੰਘ, ਸਰਪੰਚ ਹਰਭਜਨ ਸਿੰਘ, ਪੰਚ ਸੁਖਮੰਦਰ ਸਿੰਘ, ਗੁਰਬੀਰ ਸਿੰਘ ਲਾਡੀ, ਸਰਬਜੀਤ ਸਿੰਘ, ਜਥੇਦਾਰ ਮਲਕੀਤ ਸਿੰਘ ਸਾਬਕਾ ਸਰਪੰਚ, ਗੁਰਮੀਤ ਪਾਲ ਸਿੰਘ ਉੱਪਲ, ਗੁਰਵਿੰਦਰ ਸਿੰਘ ਸੰਧੂ, ਕਸ਼ਮੀਰ ਸਿੰਘ ਸੰਧੂ, ਗੁਰਲਾਲ ਸਿੰਘ, ਗੁਰਜੀਤ ਸਿੰਘ ਸਾਬਕਾ ਪੰਚ, ਗੁਰ ਨਿਸ਼ਾਨ ਸਿੰਘ, ਗੁਰਸੇਵਕ ਸਿੰਘ ਅਤੇ ਰਹਿਮਤ ਮੈਂਬਰ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਰਹੇ।
ਸਰਕਾਰੀ ਹਾਈ ਸਕੂਲ ਝੋਕ ਹਰੀਹਰ ਦੇ ਹੈੱਡ ਮਾਸਟਰ ਅਵਤਾਰ ਸਿੰਘ ਅਤੇ ਮਾਸਟਰ ਅਸ਼ਵਨੀ ਸ਼ਰਮਾ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਝੋਕ ਹਰੀਹਰ ਦੇ ਸਮੂਹ ਸਟਾਫ, ਵਿਦਿਆਰਥੀਆਂ, ਮਾਪਿਆਂ, ਐਸ.ਐਮ.ਸੀ. ਮੈਂਬਰਾਂ, ਆਂਗਣਵਾੜੀ ਵਰਕਰਾਂ ਅਤੇ ਕੁਕਸ ਵੱਲੋਂ ਸ੍ਰੀਮਤੀ ਪੂਜਾ ਅਰੋੜਾ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਸਨਮਾਨਿਤ ਕੀਤਾ ਗਿਆ।
ਪਿੰਡ ਵਾਸੀਆਂ ਨੇ ਕਿਹਾ ਕਿ ਪੂਜਾ ਅਰੋੜਾ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਉਪਰਾਲੇ ਸਮੁੱਚੇ ਪਿੰਡ ਅਤੇ ਸਕੂਲ ਲਈ ਮਾਣ ਵਾਲੀ ਗੱਲ ਹਨ। ਸਕੂਲ ਸਟਾਫ ਅਤੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੀ ਮਿਹਨਤ, ਲਗਨ, ਸਮਰਪਣ ਅਤੇ ਨਵੀਨਤਮ ਅਧਿਆਪਨ ਤਰੀਕਿਆਂ ਸਦਕਾ ਸਕੂਲ ਨੇ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਪਛਾਣ ਬਣਾਈ ਹੈ।
ਇਸ ਮੌਕੇ ਮੈਡਮ ਪੂਜਾ ਅਰੋੜਾ ਨੇ ਸਮੂਹ ਪਿੰਡ ਵਾਸੀਆਂ, ਪੰਚਾਇਤ, ਸਕੂਲ ਸਟਾਫ, ਵਿਦਿਆਰਥੀਆਂ, ਮਾਪਿਆਂ, ਆਂਗਣਵਾੜੀ ਵਰਕਰਾਂ ਅਤੇ ਕੁਕਸ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਸਿੱਖਿਆ ਦੇ ਖੇਤਰ ਵਿੱਚ ਹੋਰ ਵੀ ਵਧੀਆ ਅਤੇ ਸਮਰਪਿਤ ਢੰਗ ਨਾਲ ਸੇਵਾ ਕਰਨ ਲਈ ਪ੍ਰੇਰਣਾ ਦਾ ਸਰੋਤ ਹੈ। ਇਹ ਪੁਰਸਕਾਰ ਇਕੱਲੇ ਉਨ੍ਹਾਂ ਦਾ ਨਹੀਂ, ਸਗੋਂ ਪੂਰੀ ਸਕੂਲ ਟੀਮ, ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਦਾ ਸਾਂਝਾ ਮਾਣ ਹੈ।
ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਅਤੇ ਸਕੂਲ ਦੀ ਤਰੱਕੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਦੇ ਰਹਿਣਗੇ। ਇਸ ਮੌਕੇ ਸਮੁੱਚੇ ਪਿੰਡ ਵਿੱਚ ਖੁਸ਼ੀ, ਉਤਸ਼ਾਹ ਅਤੇ ਮਾਣ ਦਾ ਮਾਹੌਲ ਦੇਖਣ ਨੂੰ ਮਿਲਿਆ।
