ਮਕਾਨਸੂਚੀਕਰਣ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਅਧਿਕਾਰੀਆਂ ਨੂੰ ਵਿਸਥਾਰਪੂਰਵਕ ਸਿਖਲਾਈ
- 16 Views
- kakkar.news
- March 31, 2026
- Punjab
ਮਕਾਨਸੂਚੀਕਰਣ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਅਧਿਕਾਰੀਆਂ ਨੂੰ ਵਿਸਥਾਰਪੂਰਵਕ ਸਿਖਲਾਈ
ਫ਼ਿਰੋਜ਼ਪੁਰ, 31 ਮਾਰਚ 2026 (ਅਨੁਜ ਕੱਕੜ ਟੀਨੂੰ)
ਭਾਰਤ ਦੀ ਮਰਦਮਸ਼ੁਮਾਰੀ 2027 ਨੂੰ ਸੁਚਾਰੂ, ਸਹੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਤਿਆਰੀਆਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਇਸੇ ਸਿਲਸਿਲੇ ਵਿੱਚ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ, ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀ ਅਗਵਾਈ ਹੇਠ ਟ੍ਰੇਨਿੰਗ ਹਾਲ ਡੀਸੀ ਕੰਪਲੈਕਸ ਵਿਖੇ ਮਕਾਨਸੂਚੀਕਰਣ ਅਤੇ ਮਕਾਨਾਂ ਦੀ ਗਿਣਤੀ ਸਬੰਧੀ 3 ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਮਰਦਮਸ਼ੁਮਾਰੀ ਦੇ ਪਹਿਲੇ ਪੜਾਅ ਨੂੰ ਪੂਰੀ ਤਰ੍ਹਾਂ ਵਿਗਿਆਨਕ ਅਤੇ ਪ੍ਰਮਾਣਿਕ ਢੰਗ ਨਾਲ ਪੂਰਾ ਕਰਨਾ ਹੈ, ਤਾਂ ਜੋ ਅਗਲੇ ਪੜਾਅ ਦੀ ਯੋਜਨਾ ਸਹੀ ਅਧਾਰ ‘ਤੇ ਬਣ ਸਕੇ।
ਇਸ ਟ੍ਰੇਨਿੰਗ ਵਿੱਚ ਜ਼ਿਲ੍ਹੇ ਭਰ ਤੋਂ ਆਏ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਟ੍ਰੇਨਿੰਗ ਦੌਰਾਨ ਕਾਰਤਿਕ ਆਰਿਆ, ਜ਼ਿਲ੍ਹਾ ਕੋਆਰਡੀਨੇਟਰ ਜਨਗਣਨਾ, ਸ੍ਰੀ ਗੁਰਿੰਦਰ ਸਿੰਘ ਖੋਜ ਅਫ਼ਸਰ, ਸ੍ਰੀ ਤਰਸੇਮ ਲਾਲ ਸਹਾਇਕ ਖੋਜ ਅਫ਼ਸਰ, ਗੁਰਨਾਮ ਸਿੰਘ ਜੇ ਵਾਈ ਪੀ, ਹਰਜਿੰਦਰ ਪਾਲ ਸਟੈਨੋ , ਸ੍ਰੀ ਅੰਕੁਸ਼ ਵਡੇਰਾ ਵਾਈ ਪੀ, ਜ਼ਿਲ੍ਹਾ ਅੰਕੜਾ ਦਫਤਰ ਫਿਰੋਜ਼ਪੁਰ ਅਤੇ ਜ਼ਿਲ੍ਹਾ ਸਿੱਖਿਆ ਵਿਭਾਗ ਫਿਰੋਜ਼ਪੁਰ ਦੇ ਮਾਸਟਰ ਟਰੇਨਰ ਸੁਖਜਿੰਦਰ ਸਿੰਘ ਅਤੇ ਮਲਕੀਤ ਸਿੰਘ ਹਰਾਜ ਵੱਲੋਂ ਮਰਦਮਸ਼ੁਮਾਰੀ ਨਾਲ ਜੁੜੇ ਹਰੇਕ ਮਹੱਤਵਪੂਰਨ ਪੱਖ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ।
ਟ੍ਰੇਨਰਾਂ ਵੱਲੋਂ ਮਕਾਨਸੂਚੀਕਰਣ ਦੇ ਤਰੀਕਿਆਂ, ਮਕਾਨਾਂ ਦੀ ਸਹੀ ਪਛਾਣ, ਪਰਿਵਾਰਕ ਇਕਾਈਆਂ ਦੀ ਗਿਣਤੀ, ਡਾਟਾ ਇਕੱਠਾ ਕਰਨ ਦੀ ਵਿਧੀ ਅਤੇ ਰਿਕਾਰਡ ਭਰਨ ਦੀ ਪ੍ਰਕਿਰਿਆ ਬਾਰੇ ਸਪਸ਼ਟ ਅਤੇ ਆਸਾਨ ਢੰਗ ਨਾਲ ਸਮਝਾਇਆ ਗਿਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਕਾਨਸੂਚੀਕਰਣ ਮਰਦਮਸ਼ੁਮਾਰੀ ਦਾ ਸਭ ਤੋਂ ਮਹੱਤਵਪੂਰਨ ਪੜਾਅ ਹੁੰਦਾ ਹੈ, ਜਿਸ ਦੇ ਆਧਾਰ ‘ਤੇ ਆਗਾਮੀ ਕਾਰਵਾਈ ਨਿਰਭਰ ਕਰਦੀ ਹੈ। ਇਸ ਲਈ ਹਰ ਕਰਮਚਾਰੀ ਵੱਲੋਂ ਪੂਰੀ ਇਮਾਨਦਾਰੀ, ਜ਼ਿੰਮੇਵਾਰੀ ਅਤੇ ਚੌਕਸੀ ਨਾਲ ਆਪਣੀ ਡਿਊਟੀ ਨਿਭਾਉਣਾ ਬਹੁਤ ਜ਼ਰੂਰੀ ਹੈ।
ਟ੍ਰੇਨਿੰਗ ਦੌਰਾਨ ਮੈਦਾਨੀ ਪੱਧਰ ‘ਤੇ ਆ ਸਕਣ ਵਾਲੀਆਂ ਸੰਭਾਵਿਤ ਸਮੱਸਿਆਵਾਂ ਜਿਵੇਂ ਕਿ ਡਾਟਾ ਇਕੱਠਾ ਕਰਨ ਵਿੱਚ ਆਉਣ ਵਾਲੀਆਂ ਰੁਕਾਵਟਾਂ, ਲੋਕਾਂ ਨਾਲ ਸੰਚਾਰ ਦੀਆਂ ਚੁਣੌਤੀਆਂ ਅਤੇ ਤਕਨੀਕੀ ਦਿੱਕਤਾਂ ਬਾਰੇ ਵੀ ਚਰਚਾ ਕੀਤੀ ਗਈ ਅਤੇ ਉਨ੍ਹਾਂ ਦੇ ਹੱਲ ਵੀ ਸਾਂਝੇ ਕੀਤੇ ਗਏ। ਇਸ ਤੋਂ ਇਲਾਵਾ ਨਵੇਂ ਡਿਜ਼ੀਟਲ ਸਾਧਨਾਂ ਦੀ ਵਰਤੋਂ ਰਾਹੀਂ ਡਾਟਾ ਇਕੱਠਾ ਕਰਨ ਦੀ ਪ੍ਰਕਿਰਿਆ ਨੂੰ ਹੋਰ ਵੀ ਆਸਾਨ, ਤੇਜ਼ ਅਤੇ ਪਾਰਦਰਸ਼ੀ ਬਣਾਉਣ ‘ਤੇ ਖਾਸ ਧਿਆਨ ਦਿੱਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਮਰਦਮਸ਼ੁਮਾਰੀ ਦੇ ਸਹੀ ਅਤੇ ਭਰੋਸੇਯੋਗ ਅੰਕੜੇ ਹੀ ਸਰਕਾਰ ਦੀਆਂ ਭਵਿੱਖੀ ਨੀਤੀਆਂ, ਯੋਜਨਾਵਾਂ ਅਤੇ ਵਿਕਾਸ ਕਾਰਜਾਂ ਲਈ ਮਜ਼ਬੂਤ ਅਧਾਰ ਸਾਬਤ ਹੁੰਦੇ ਹਨ।
ਅੰਤ ਵਿੱਚ ਟ੍ਰੇਨਿੰਗ ਵਿੱਚ ਸ਼ਾਮਲ ਕਰਮਚਾਰੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਅਧੀਨ ਸਟਾਫ਼ ਨੂੰ ਵੀ ਇਸ ਬਾਰੇ ਪੂਰੀ ਤਰ੍ਹਾਂ ਜਾਗਰੂਕ ਕਰਨ ਅਤੇ ਟੀਮ ਵਰਕ ਦੇ ਨਾਲ ਇਸ ਮਹੱਤਵਪੂਰਨ ਕੰਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ, ਤਾਂ ਜੋ ਮਰਦਮਸ਼ੁਮਾਰੀ 2027 ਬਿਨਾਂ ਕਿਸੇ ਰੁਕਾਵਟ ਦੇ ਸਫਲਤਾਪੂਰਵਕ ਪੂਰੀ ਕੀਤੀ ਜਾ ਸਕੇ।
