ਫਿਰੋਜ਼ਪੁਰ ਦੇ ਸ਼ਾਂਤੀ ਨਗਰ ਵਿੱਚ ਸੀਵਰੇਜ ਜਾਮ, ਗੰਦੇ ਪਾਣੀ ਕਾਰਨ ਲੋਕ ਪ੍ਰੇਸ਼ਾਨ
- kakkar.news
- July 20, 2026
- Punjab
ਫਿਰੋਜ਼ਪੁਰ ਦੇ ਸ਼ਾਂਤੀ ਨਗਰ ਵਿੱਚ ਸੀਵਰੇਜ ਜਾਮ, ਗੰਦੇ ਪਾਣੀ ਕਾਰਨ ਲੋਕ ਪ੍ਰੇਸ਼ਾਨ
ਫਿਰੋਜ਼ਪੁਰ 20 ਜੁਲਾਈ 2026 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ, ਸ਼ਹਿਰ ਦੇ ਸ਼ਾਂਤੀ ਨਗਰ ਦੀ ਗਲੀ ਨੰਬਰ 4 ਵਿੱਚ ਸੀਵਰੇਜ ਜਾਮ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ, ਪਰ ਅਜੇ ਤੱਕ ਇਸ ਦਾ ਪੱਕਾ ਹੱਲ ਨਹੀਂ ਕੀਤਾ ਗਿਆ।
ਇਲਾਕਾ ਵਾਸੀਆਂ ਨੇ ਦੱਸਿਆ ਕਿ ਸੀਵਰੇਜ ਬਲਾਕ ਹੋਣ ਕਾਰਨ ਘਰਾਂ ਦਾ ਗੰਦਾ ਪਾਣੀ ਗਲੀਆਂ ਵਿੱਚ ਹੀ ਖੜ੍ਹਾ ਰਹਿੰਦਾ ਹੈ ਅਤੇ ਅੱਗੇ ਟੀ-ਪੁਆਇੰਟ ‘ਤੇ ਇਕੱਠਾ ਹੋ ਜਾਂਦਾ ਹੈ। ਇਸ ਕਾਰਨ ਇਲਾਕੇ ਵਿੱਚ ਹਰ ਸਮੇਂ ਬਦਬੂ ਫੈਲੀ ਰਹਿੰਦੀ ਹੈ, ਜਿਸ ਨਾਲ ਲੋਕਾਂ ਦਾ ਰਹਿਣਾ, ਖਾਣਾ-ਪੀਣਾ ਅਤੇ ਰੋਜ਼ਾਨਾ ਦਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ।
ਵਸਨੀਕਾਂ ਨੇ ਕਥਿਤ ਤੌਰ ‘ਤੇ ਦਾਅਵਾ ਕੀਤਾ ਕਿ ਇਸ ਸਮੱਸਿਆ ਤੋਂ ਤੰਗ ਆ ਕੇ ਕੁਝ ਪਰਿਵਾਰ ਆਪਣੇ ਘਰ ਛੱਡ ਕੇ ਹੋਰ ਥਾਵਾਂ ‘ਤੇ ਰਹਿਣ ਲਈ ਮਜਬੂਰ ਹੋ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਵਿੱਚ ਮੱਛਰ ਪੈਦਾ ਹੋ ਚੁੱਕੇ ਹਨ, ਜਿਸ ਕਾਰਨ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਖਾਸ ਕਰਕੇ ਛੋਟੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਲੋਕਾਂ ਵਿੱਚ ਚਿੰਤਾ ਹੈ, ਕਿਉਂਕਿ ਬੱਚੇ ਗਲੀਆਂ ਵਿੱਚ ਹੀ ਖੇਡਦੇ ਹਨ।
ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਵੀ ਕਰਮਚਾਰੀ ਸੀਵਰੇਜ ਦੀ ਸਫਾਈ ਕਰਨ ਆਉਂਦੇ ਹਨ ਤਾਂ ਸਮੱਸਿਆ ਸਿਰਫ਼ ਦੋ-ਤਿੰਨ ਦਿਨ ਲਈ ਹੀ ਦੂਰ ਹੁੰਦੀ ਹੈ, ਜਿਸ ਤੋਂ ਬਾਅਦ ਹਾਲਾਤ ਮੁੜ ਪਹਿਲਾਂ ਵਾਂਗ ਹੋ ਜਾਂਦੇ ਹਨ।
ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਵਰੇਜ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ। ਜੇਕਰ ਨਵੀਂ ਪਾਈਪ ਲਾਈਨ ਵਿਛਾਉਣ ਦੀ ਲੋੜ ਹੈ ਤਾਂ ਉਹ ਵੀ ਜਲਦ ਤੋਂ ਜਲਦ ਪਾਈ ਜਾਵੇ, ਤਾਂ ਜੋ ਲੋਕਾਂ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਮਾਹੌਲ ਮਿਲ ਸਕੇ।
ਇਸ ਮਾਮਲੇ ਸਬੰਧੀ ਜਦੋਂ ਫਿਰੋਜ਼ਪੁਰ ਦੇ ਐਸਡੀਓ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸ਼ਾਂਤੀ ਨਗਰ ਵਿੱਚ ਸੀਵਰੇਜ ਦੀ ਸਮੱਸਿਆ ਦਾ ਜਲਦ ਹੱਲ ਕਰਵਾਇਆ ਜਾਵੇਗਾ।
