LADC ਨੀਤੀ ਖ਼ਿਲਾਫ਼ ਫਿਰੋਜ਼ਪੁਰ ਦੇ ਵਕੀਲਾਂ ਦਾ ਸ਼ਕਤੀ ਪ੍ਰਦਰਸ਼ਨ, 100 ਤੋਂ ਵੱਧ ਵਾਹਨਾਂ ਨਾਲ ਕੱਢਿਆ ਰੋਸ ਮਾਰਚ
- kakkar.news
- July 28, 2026
- Punjab
LADC ਨੀਤੀ ਖ਼ਿਲਾਫ਼ ਫਿਰੋਜ਼ਪੁਰ ਦੇ ਵਕੀਲਾਂ ਦਾ ਸ਼ਕਤੀ ਪ੍ਰਦਰਸ਼ਨ, 100 ਤੋਂ ਵੱਧ ਵਾਹਨਾਂ ਨਾਲ ਕੱਢਿਆ ਰੋਸ ਮਾਰਚ
ਫਿਰੋਜ਼ਪੁਰ, 28 ਜੁਲਾਈ 2026 (ਅਨੁਜ ਕੱਕੜ ਟੀਨੂੰ)
ਲੀਗਲ ਏਡ ਡਿਫੈਂਸ ਕਾਊਂਸਲ (LADC) ਨੀਤੀ ਦੇ ਵਿਰੋਧ ਵਿੱਚ ਫਿਰੋਜ਼ਪੁਰ ਦੇ ਵਕੀਲਾਂ ਨੇ ਸੋਮਵਾਰ ਨੂੰ ਸ਼ਹਿਰ ਦੀਆਂ ਸੜਕਾਂ ‘ਤੇ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਅਗਵਾਈ ਹੇਠ ਕੱਢੇ ਗਏ ਰੋਸ ਮਾਰਚ ਵਿੱਚ ਕਰੀਬ 100 ਕਾਰਾਂ ਅਤੇ ਮੋਟਰਸਾਈਕਲਾਂ ਦਾ ਕਾਫਲਾ ਸ਼ਾਮਲ ਰਿਹਾ, ਜਿਸ ਵਿੱਚ ਵਕੀਲਾਂ ਦੇ ਨਾਲ ਕਲਰਕਾਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਰੋਸ ਮਾਰਚ ਜ਼ਿਲ੍ਹਾ ਕਚਹਿਰੀ ਤੋਂ ਸ਼ੁਰੂ ਹੋਇਆ ਅਤੇ ਊਧਮ ਸਿੰਘ ਚੌਕ, ਨਾਮਦੇਵ ਚੌਕ, ਬਾਗ਼ੀ ਰੋਡ, ਗੋਬਿੰਦ ਨਗਰੀ, ਬਰਟ ਰੋਡ ਅਤੇ ਰੇਲਵੇ ਸਟੇਸ਼ਨ ਹੁੰਦਾ ਹੋਇਆ ਕੈਂਟ ਸਥਿਤ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਪਹੁੰਚਿਆ। ਇਸ ਦੌਰਾਨ ਵਕੀਲਾਂ ਨੇ LADC ਨੀਤੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਰਕਾਰ ਤੋਂ ਇਸ ਫ਼ੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਵਕੀਲਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ 7 ਜੁਲਾਈ ਤੋਂ LADC ਨੀਤੀ ਦੇ ਵਿਰੋਧ ਵਿੱਚ ਅਣਮਿੱਥੇ ਸਮੇਂ ਲਈ ‘ਨੋ ਵਰਕ’ ਅੰਦੋਲਨ ਜਾਰੀ ਹੈ ਅਤੇ ਹੁਣ ਇਸ ਸੰਘਰਸ਼ ਨੂੰ ਦੇਸ਼-ਪੱਧਰ ‘ਤੇ ਹੋਰ ਮਜ਼ਬੂਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਜੁਆਇੰਟ ਐਕਸ਼ਨ ਕਮੇਟੀ, ਪੰਜਾਬ, ਹਰਿਆਣਾ ਅਤੇ ਯੂ.ਟੀ. ਚੰਡੀਗੜ੍ਹ ਨੇ ਦੇਸ਼ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ਅਤੇ ਹਾਈ ਕੋਰਟ ਬਾਰ ਐਸੋਸੀਏਸ਼ਨਾਂ ਨੂੰ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਕਮੇਟੀ ਦਾ ਦਾਅਵਾ ਹੈ ਕਿ LADC ਨੀਤੀ ਸੁਤੰਤਰ ਵਕਾਲਤ ਦੇ ਪੇਸ਼ੇ, ਵਕੀਲਾਂ ਦੀ ਮਰਿਆਦਾ ਅਤੇ ਨਿਆਂ ਪ੍ਰਣਾਲੀ ਦੀ ਆਜ਼ਾਦੀ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਹ ਲੜਾਈ ਸਿਰਫ਼ ਪੰਜਾਬ ਜਾਂ ਹਰਿਆਣਾ ਤੱਕ ਸੀਮਿਤ ਨਹੀਂ, ਸਗੋਂ ਦੇਸ਼ ਭਰ ਦੇ ਵਕੀਲ ਭਾਈਚਾਰੇ ਦੇ ਹੱਕਾਂ ਅਤੇ ਭਵਿੱਖ ਨਾਲ ਜੁੜਿਆ ਮੁੱਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਨੀਤੀ ‘ਤੇ ਮੁੜ ਵਿਚਾਰ ਨਾ ਕੀਤਾ ਤਾਂ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।
