ਸਤੀਏਵਾਲਾ ਸਕੂਲ ਵਿਖੇ RBSK ਤਹਿਤ ਵਿਦਿਆਰਥੀਆਂ ਦਾ ਸਿਹਤ ਜਾਂਚ ਕੈਂਪ ਲਗਾਇਆ ਗਿਆ
- kakkar.news
- July 29, 2026
- Education Health Punjab
ਸਤੀਏਵਾਲਾ ਸਕੂਲ ਵਿਖੇ RBSK ਤਹਿਤ ਵਿਦਿਆਰਥੀਆਂ ਦਾ ਸਿਹਤ ਜਾਂਚ ਕੈਂਪ ਲਗਾਇਆ ਗਿਆ
ਫਿਰੋਜ਼ਪੁਰ, 29 ਜੁਲਾਈ 2026 (ਅਨੁਜ ਕੱਕੜ ਟੀਨੂੰ )
ਸਰਕਾਰੀ ਹਾਈ ਸਮਾਰਟ ਸਕੂਲ ਸਤੀਏਵਾਲਾ, ਫਿਰੋਜ਼ਪੁਰ ਵਿਖੇ ਅੱਜ ਸਿਵਲ ਹਸਪਤਾਲ ਫਿਰੋਜ਼ਪੁਰ ਵੱਲੋਂ ਰਾਸ਼ਟਰੀ ਬਾਲ ਸਿਹਤ ਕਾਰਜਕ੍ਰਮ (Rashtriya Bal Swasthya Karyakram – RBSK) ਅਧੀਨ ਵਿਦਿਆਰਥੀਆਂ ਲਈ ਵਿਸ਼ੇਸ਼ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਡਾ. ਲਲਿਤ ਅਤੇ ਮਨਮੀਤ ਦੀ ਅਗਵਾਈ ਹੇਠ ਮੈਡੀਕਲ ਟੀਮ ਨੇ ਸਕੂਲ ਦੇ ਵਿਦਿਆਰਥੀਆਂ ਦਾ ਵਿਸਤ੍ਰਿਤ ਸਿਹਤ ਚੈੱਕਅਪ ਕੀਤਾ।
ਕੈਂਪ ਦੌਰਾਨ ਬੱਚਿਆਂ ਦੀ ਆਮ ਸਿਹਤ ਦੇ ਨਾਲ-ਨਾਲ ਅੱਖਾਂ, ਕੰਨਾਂ, ਦੰਦਾਂ ਅਤੇ ਹੋਰ ਸਰੀਰਕ ਸਮੱਸਿਆਵਾਂ ਦੀ ਜਾਂਚ ਕੀਤੀ ਗਈ। ਮੈਡੀਕਲ ਟੀਮ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ, ਹੱਥਾਂ ਦੀ ਸਫ਼ਾਈ ਰੱਖਣ, ਸੰਤੁਲਿਤ ਖੁਰਾਕ ਲੈਣ ਅਤੇ ਬਿਮਾਰੀਆਂ ਤੋਂ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਬਾਰੇ ਵੀ ਜਾਗਰੂਕ ਕੀਤਾ।
ਡਾ. ਲਲਿਤ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਿਹਤ ਕਾਰਜਕ੍ਰਮ (RBSK) ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਜਨਮਜਾਤ ਨੁਕਸ (Defects at Birth), ਪੋਸ਼ਣ ਸੰਬੰਧੀ ਕਮੀਆਂ (Deficiencies), ਬਚਪਨ ਦੀਆਂ ਬਿਮਾਰੀਆਂ (Childhood Diseases) ਅਤੇ ਵਿਕਾਸ ਸੰਬੰਧੀ ਦੇਰੀ ਜਾਂ ਅਪੰਗਤਾਵਾਂ (Developmental Delays including Disabilities) ਦੀ ਸਮੇਂ ਸਿਰ ਪਛਾਣ ਕਰਕੇ ਉਨ੍ਹਾਂ ਦਾ ਉਚਿਤ ਇਲਾਜ ਯਕੀਨੀ ਬਣਾਉਣਾ ਹੈ, ਤਾਂ ਜੋ ਬੱਚਿਆਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।
ਸਕੂਲ ਦੇ ਮੁਖੀ ਨੇ RBSK ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਿਹਤ ਜਾਂਚ ਕੈਂਪ ਵਿਦਿਆਰਥੀਆਂ ਦੀ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਕਰਕੇ ਇਲਾਜ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਵੀ ਹਾਜ਼ਰ ਰਿਹਾ।
