ਈਮੇਲ ਰਾਹੀਂ ਧਮਕੀ ਤੋਂ ਬਾਅਦ ਫਿਰੋਜ਼ਪੁਰ ਡਿਸਟ੍ਰਿਕਟ ਕੋਰਟ ਕੰਪਲੈਕਸ ਖਾਲੀ ਕਰਵਾਇਆ
- kakkar.news
- August 12, 2026
- Punjab
ਈਮੇਲ ਰਾਹੀਂ ਧਮਕੀ ਤੋਂ ਬਾਅਦ ਫਿਰੋਜ਼ਪੁਰ ਡਿਸਟ੍ਰਿਕਟ ਕੋਰਟ ਕੰਪਲੈਕਸ ਖਾਲੀ ਕਰਵਾਇਆ
ਫਿਰੋਜ਼ਪੁਰ, 12 ਅਗਸਤ 2026(ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਦੇ ਡਿਸਟ੍ਰਿਕਟ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਅੱਜ ਕੋਰਟ ਕੰਪਲੈਕਸ ਨੂੰ ਐਹਤਿਆਤ ਵਜੋਂ ਖਾਲੀ ਕਰਵਾ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇਹ ਧਮਕੀ ਵਾਲੀ ਈਮੇਲ ਡਿਸਟ੍ਰਿਕਟ ਅਤੇ ਸੈਸ਼ਨਜ਼ ਜੱਜ ਨੂੰ ਪ੍ਰਾਪਤ ਹੋਈ।
ਧਮਕੀ ਵਾਲੀ ਈਮੇਲ ਮਿਲਣ ਤੋਂ ਬਾਅਦ ਡਿਸਟ੍ਰਿਕਟ ਅਤੇ ਸੈਸ਼ਨਜ਼ ਜੱਜ ਦੇ ਨਿਰਦੇਸ਼ਾਂ ਅਨੁਸਾਰ ਪੂਰੇ ਕੋਰਟ ਕੰਪਲੈਕਸ ਨੂੰ ਖਾਲੀ ਕਰਵਾ ਦਿੱਤਾ ਗਿਆ। ਇਸ ਤੋਂ ਬਾਅਦ ਪੁਲਿਸ ਵੱਲੋਂ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੂਰੇ ਕੰਪਲੈਕਸ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ।
ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਲਵਜੀਤ ਟੁਰਨਾ ਅਤੇ ਸੀਨੀਅਰ ਐਡਵੋਕੇਟ ਰੋਹਿਤ ਅਰੋੜਾ ਨੇ ਦੱਸਿਆ ਕਿ ਸੁਰੱਖਿਆ ਜਾਂਚ ਪੂਰੀ ਹੋਣ ਤੱਕ ਵਕੀਲਾਂ, ਕੇਸਾਂ ਸਬੰਧੀ ਆਉਣ ਵਾਲੇ ਲੋਕਾਂ ਅਤੇ ਹੋਰ ਵਿਜ਼ਟਰਾਂ ਨੂੰ ਕੋਰਟ ਕੰਪਲੈਕਸ ਵਿੱਚ ਨਾ ਆਉਣ ਦੀ ਸਲਾਹ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਸਾਰੇ ਲੋਕ ਪ੍ਰਸ਼ਾਸਨ ਵੱਲੋਂ ਸੁਰੱਖਿਆ ਜਾਂਚ ਪੂਰੀ ਹੋਣ ਅਤੇ ਕੋਰਟ ਕੰਪਲੈਕਸ ਵਿੱਚ ਆਉਣ ਸਬੰਧੀ ਅਧਿਕਾਰਤ ਪੁਸ਼ਟੀ ਮਿਲਣ ਤੋਂ ਬਾਅਦ ਹੀ ਇੱਥੇ ਪਹੁੰਚਣ।
ਫਿਲਹਾਲ ਪੁਲਿਸ ਅਤੇ ਸੁਰੱਖਿਆ ਟੀਮਾਂ ਵੱਲੋਂ ਕੋਰਟ ਕੰਪਲੈਕਸ ਦੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਅਗਲੀ ਜਾਣਕਾਰੀ ਦੀ ਉਡੀਕ ਹੈ।
