ਫਿਰੋਜ਼ਪੁਰ ਦੇ ਗੋਲਡਨ ਇਨਕਲੇਵ ਵਿੱਚ ਕਾਰੋਬਾਰੀ ਨੇ ਲਾਇਸੈਂਸੀ ਹਥਿਆਰ ਨਾਲ ਕੀਤੀ ਖੁਦਕੁਸ਼ੀ
- kakkar.news
- August 17, 2026
- Punjab
ਫਿਰੋਜ਼ਪੁਰ ਦੇ ਗੋਲਡਨ ਇਨਕਲੇਵ ਵਿੱਚ ਕਾਰੋਬਾਰੀ ਨੇ ਲਾਇਸੈਂਸੀ ਹਥਿਆਰ ਨਾਲ ਕੀਤੀ ਖੁਦਕੁਸ਼ੀ
ਫਿਰੋਜ਼ਪੁਰ 17 ਅਗਸਤ 2026 (ਅਨੁਜ ਕੱਕੜ ਟੀਨੂੰ )
ਸ਼ਹਿਰ ਦੇ ਗੋਲਡਨ ਇਨਕਲੇਵ ਇਲਾਕੇ ਵਿੱਚ ਇੱਕ ਕਾਰੋਬਾਰੀ ਵੱਲੋਂ ਆਪਣੇ ਲਾਇਸੈਂਸੀ ਹਥਿਆਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਕਰੀਬ 65 ਸਾਲਾ ਗੁਰਕਿਰਪਾਲ ਸਿੰਘ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ।
ਜਾਣਕਾਰੀ ਮੁਤਾਬਕ ਗੁਰਕਿਰਪਾਲ ਸਿੰਘ ਹਰ ਰੋਜ਼ ਸਵੇਰੇ ਕਰੀਬ 4 ਵਜੇ ਉੱਠ ਕੇ ਪਾਠ ਕਰਦੇ ਸਨ। ਸੋਮਵਾਰ ਸਵੇਰੇ ਜਦੋਂ ਉਹ ਆਮ ਸਮੇਂ ‘ਤੇ ਨਹੀਂ ਉੱਠੇ ਤਾਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਬਾਰੇ ਪੁੱਛਗਿੱਛ ਕੀਤੀ। ਕੁਝ ਸਮੇਂ ਬਾਅਦ ਉਹ ਬਾਥਰੂਮ ਤੋਂ ਵਾਪਸ ਆਪਣੇ ਕਮਰੇ ਵਿੱਚ ਚਲੇ ਗਏ। ਇਸ ਦੌਰਾਨ ਅਚਾਨਕ ਕਮਰੇ ਦੇ ਅੰਦਰੋਂ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ।
ਪਰਿਵਾਰਕ ਮੈਂਬਰਾਂ ਨੇ ਉੱਪਰ ਕਿਰਾਏ ‘ਤੇ ਰਹਿੰਦੇ ਵਿਅਕਤੀ ਨੂੰ ਆਵਾਜ਼ ਮਾਰੀ ਅਤੇ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਤਾਂ ਗੁਰਕਿਰਪਾਲ ਸਿੰਘ ਗੰਭੀਰ ਹਾਲਤ ਵਿੱਚ ਪਏ ਸਨ। ਉਨ੍ਹਾਂ ਕੋਲ ਉਨ੍ਹਾਂ ਦਾ ਲਾਇਸੈਂਸੀ .32 ਬੋਰ ਹਥਿਆਰ ਵੀ ਪਿਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਪਰਿਵਾਰਕ ਮੈਂਬਰਾਂ ਮੁਤਾਬਕ ਗੁਰਕਿਰਪਾਲ ਸਿੰਘ ਪਿਛਲੇ ਕੁਝ ਸਮੇਂ ਤੋਂ ਦਿਮਾਗ ਨਾਲ ਸਬੰਧਤ ਬਿਮਾਰੀ ਦੀ ਦਵਾਈ ਲੈ ਰਹੇ ਸਨ ਅਤੇ ਪਹਿਲਾਂ ਵੀ ਇਸ ਸਮੱਸਿਆ ਤੋਂ ਪੀੜਤ ਰਹੇ ਸਨ। ਹਾਲਾਂਕਿ ਉਨ੍ਹਾਂ ਨੇ ਇਹ ਕਦਮ ਕਿਉਂ ਚੁੱਕਿਆ, ਇਸ ਬਾਰੇ ਫਿਲਹਾਲ ਕੋਈ ਸਪੱਸ਼ਟ ਕਾਰਨ ਸਾਹਮਣੇ ਨਹੀਂ ਆਇਆ।
ਘਟਨਾ ਸਮੇਂ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਕਿਸੇ ਕੰਮ ਲਈ ਰਿਸ਼ਤੇਦਾਰੀ ਵਿੱਚ ਗਏ ਹੋਏ ਸਨ। ਗੁਰਕਿਰਪਾਲ ਸਿੰਘ ਆਪਣੇ ਪਿੱਛੇ ਪਤਨੀ ਅਤੇ ਇੱਕ ਪੁੱਤਰ ਛੱਡ ਗਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਯਤਨ ਕੀਤੇ ਜਾ ਰਹੇ ਹਨ।
