ਫੂਡ ਸੇਫਟੀ ਵਿਭਾਗ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਵੱਡੀ ਕਾਰਵਾਈ
- kakkar.news
- August 24, 2026
- Health Punjab
ਫੂਡ ਸੇਫਟੀ ਵਿਭਾਗ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਵੱਡੀ ਕਾਰਵਾਈ
ਫਿਰੋਜ਼ਪੁਰ, 24 ਅਗਸਤ 2026 (ਅਨੁਜ ਕੱਕੜ ਟੀਨੂੰ)
ਫੂਡ ਸੇਫਟੀ ਵਿਭਾਗ, ਫਿਰੋਜ਼ਪੁਰ ਵੱਲੋਂ ਪਿੰਡਾਂ ਵਿੱਚ ਮਿਠਾਈਆਂ ਦੀ ਵਿਕਰੀ ਅਤੇ ਬਾਹਰੋਂ ਆ ਰਹੇ ਸ਼ੱਕੀ ਖਾਦ ਪਦਾਰਥਾਂ ਦੀ ਚੈਕਿੰਗ ਸਬੰਧੀ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਗੁਪਤ ਸੂਚਨਾ ਦੇ ਆਧਾਰ ’ਤੇ ਵਿਸ਼ੇਸ਼ ਚੈਕਿੰਗ ਕੀਤੀ ਗਈ।
ਸੂਚਨਾ ਮਿਲੀ ਸੀ ਕਿ ਫਿਰੋਜ਼ਪੁਰ ਸ਼ਹਿਰ ਤੋਂ ਵੱਡੀ ਮਾਤਰਾ ਵਿੱਚ ਮਿਠਾਈਆਂ/ਖੋਆ ਪਿੰਡਾਂ ਵਿੱਚ ਸਪਲਾਈ ਕੀਤਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਫੂਡ ਸੇਫਟੀ ਟੀਮ ਵੱਲੋਂ ਸਵੇਰ ਤੋਂ ਹੀ ਚੈਕਿੰਗ ਮੁਹਿੰਮ ਚਲਾਈ ਗਈ। ਚੈਕਿੰਗ ਦੌਰਾਨ ਲਗਭਗ 850 ਕਿਲੋਗ੍ਰਾਮ ਖੋਆ ਬਰਾਮਦ ਹੋਇਆ, ਜਿਸ ਵਿੱਚੋਂ ਨਿਯਮਾਂ ਅਨੁਸਾਰ ਸੈਂਪਲ ਲੈ ਕੇ ਜਾਂਚ ਲਈ ਭੇਜਿਆ ਗਿਆ ਹੈ।
ਇਸ ਤੋਂ ਇਲਾਵਾ ਮੋਗਾ ਤੋਂ ਆ ਰਹੀ ਲਗਭਗ 5 ਕੁਇੰਟਲ ਸ਼ੱਕੀ ਪੱਤੀਸਾ ਵੀ ਚੈਕਿੰਗ ਦੌਰਾਨ ਮਿਲਿਆ। ਉਕਤ ਪੱਤੀਸੇ ਨੂੰ ਅਗਲੇਰੀ ਜਾਂਚ ਅਤੇ ਰਿਪੋਰਟ ਆਉਣ ਤੱਕ ਸੀਲ ਕਰ ਦਿੱਤਾ ਗਿਆ ਹੈ। ਲੈਬਾਰਟਰੀ ਰਿਪੋਰਟ ਪ੍ਰਾਪਤ ਹੋਣ ਉਪਰੰਤ, ਰਿਪੋਰਟ ਦੇ ਨਤੀਜਿਆਂ ਦੇ ਆਧਾਰ ’ਤੇ Food Safety and Standards Act, 2006 ਅਤੇ ਇਸ ਅਧੀਨ ਬਣੇ ਨਿਯਮਾਂ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਫੂਡ ਸੇਫਟੀ ਵਿਭਾਗ ਵੱਲੋਂ ਸ਼ਹਿਰ ਅਤੇ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕੋਈ ਵੀ ਮਿਠਾਈ ਜਾਂ ਹੋਰ ਖਾਦ ਪਦਾਰਥ ਖਰੀਦਣ ਤੋਂ ਪਹਿਲਾਂ ਦੁਕਾਨਦਾਰ ਦਾ FSSAI ਲਾਇਸੈਂਸ/ਰਜਿਸਟ੍ਰੇਸ਼ਨ, ਸਫਾਈ-ਸੁਥਰਾਈ, ਖਾਦ ਪਦਾਰਥ ਦੀ ਗੁਣਵੱਤਾ ਅਤੇ ਮਿਆਦ ਜ਼ਰੂਰ ਚੈੱਕ ਕਰਨ। ਖਪਤਕਾਰ ਹਮੇਸ਼ਾ ਭਰੋਸੇਯੋਗ ਅਤੇ ਲਾਇਸੈਂਸਸ਼ੁਦਾ ਵਿਕਰੇਤਾ ਤੋਂ ਹੀ ਖਾਦ ਪਦਾਰਥ ਖਰੀਦਣ।
ਵਿਭਾਗ ਵੱਲੋਂ ਖਾਸ ਤੌਰ ’ਤੇ ਬਾਹਰਲੇ ਸ਼ਹਿਰਾਂ ਜਾਂ ਜ਼ਿਲ੍ਹਿਆਂ ਤੋਂ ਆਉਣ ਵਾਲੀਆਂ ਮਿਠਾਈਆਂ ਅਤੇ ਹੋਰ ਖਾਦ ਪਦਾਰਥਾਂ ਦੀ ਸਪਲਾਈ, ਸਰੋਤ ਅਤੇ ਗੁਣਵੱਤਾ ਦੀ ਜਾਂਚ ਕਰਨ ਲਈ ਵੀ ਕਿਹਾ ਗਿਆ ਹੈ। ਫੂਡ ਸੇਫਟੀ ਵਿਭਾਗ ਵੱਲੋਂ ਇਹ ਚੈਕਿੰਗ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਲਗਾਤਾਰ ਜਾਰੀ ਰੱਖੀ ਜਾਵੇਗੀ।
