ਫਰੈਂਚਾਈਜ਼ੀ ਤੋਂ ਲੈ ਕੇ ਫਰਜ਼ੀ ਟਰਾਂਜੈਕਸ਼ਨ ਤੱਕ, ਸਾਈਬਰ ਠੱਗਾਂ ਨੇ ਲੋਕਾਂ ਨੂੰ ਲਾਇਆ ਲੱਖਾਂ ਦਾ ਚੂਨਾ
- kakkar.news
- September 30, 2026
- Crime Punjab
ਫਰੈਂਚਾਈਜ਼ੀ ਤੋਂ ਲੈ ਕੇ ਫਰਜ਼ੀ ਟਰਾਂਜੈਕਸ਼ਨ ਤੱਕ, ਸਾਈਬਰ ਠੱਗਾਂ ਨੇ ਲੋਕਾਂ ਨੂੰ ਲਾਇਆ ਲੱਖਾਂ ਦਾ ਚੂਨਾ
ਫਿਰੋਜ਼ਪੁਰ, 30 ਸਤੰਬਰ 2026 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਾਈਬਰ ਠੱਗੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਸਾਈਬਰ ਠੱਗਾਂ ਵੱਲੋਂ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਆਪਣੇ ਜਾਲ ਵਿੱਚ ਫਸਾ ਕੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚੋਂ ਲੱਖਾਂ ਰੁਪਏ ਕੱਢੇ ਜਾ ਰਹੇ ਹਨ। ਤਾਜ਼ਾ ਮਾਮਲਿਆਂ ਵਿੱਚ ਸਾਈਬਰ ਥਾਣਾ ਪੁਲਿਸ ਨੇ ਤਿੰਨ ਵੱਖ-ਵੱਖ ਸ਼ਿਕਾਇਤਾਂ ਦੇ ਆਧਾਰ ’ਤੇ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।
ਪਹਿਲੇ ਮਾਮਲੇ ਵਿੱਚ ਸਾਈਬਰ ਠੱਗਾਂ ਨੇ ਕੈਨੇਡਾ ਵਿੱਚ ਰਹਿੰਦੇ ਇੱਕ ਨੌਜਵਾਨ ਦੇ ਹਾਦਸੇ ਦਾ ਹਵਾਲਾ ਦੇ ਕੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਡਰਾ ਦਿੱਤਾ। ਠੱਗਾਂ ਨੇ ਕਥਿਤ ਤੌਰ ’ਤੇ ਨੌਜਵਾਨ ਦੇ ਐਕਸੀਡੈਂਟ ਵਿੱਚ ਫਸੇ ਹੋਣ ਜਾਂ ਤੁਰੰਤ ਪੈਸਿਆਂ ਦੀ ਲੋੜ ਹੋਣ ਦੀ ਗੱਲ ਕਹਿ ਕੇ ਪਰਿਵਾਰ ਤੋਂ ਕਰੀਬ 11 ਲੱਖ ਰੁਪਏ ਆਨਲਾਈਨ ਟਰਾਂਸਫਰ ਕਰਵਾ ਲਏ। ਬਾਅਦ ਵਿੱਚ ਪਰਿਵਾਰ ਨੂੰ ਠੱਗੀ ਦਾ ਪਤਾ ਲੱਗਿਆ ਅਤੇ ਮਾਮਲਾ ਸਾਈਬਰ ਥਾਣੇ ਤੱਕ ਪਹੁੰਚਿਆ।
ਦੂਜੇ ਮਾਮਲੇ ਵਿੱਚ ਆਨਲਾਈਨ ਫਰੈਂਚਾਈਜ਼ੀ ਖਰੀਦਣ ਦੇ ਨਾਮ ’ਤੇ ਇੱਕ ਵਿਅਕਤੀ ਨਾਲ ਕਰੀਬ 7 ਲੱਖ ਰੁਪਏ ਦੀ ਸਾਈਬਰ ਠੱਗੀ ਹੋਣ ਦੀ ਸ਼ਿਕਾਇਤ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਠੱਗਾਂ ਨੇ ਆਨਲਾਈਨ ਕਾਰੋਬਾਰ ਅਤੇ ਫਰੈਂਚਾਈਜ਼ੀ ਦੇਣ ਦਾ ਝਾਂਸਾ ਦੇ ਕੇ ਪੀੜਤ ਤੋਂ ਵੱਖ-ਵੱਖ ਪੜਾਵਾਂ ਵਿੱਚ ਪੈਸੇ ਟਰਾਂਸਫਰ ਕਰਵਾਏ।
ਤੀਜੇ ਮਾਮਲੇ ਵਿੱਚ ਸਾਈਬਰ ਠੱਗਾਂ ਨੇ ਇੱਕ ਵਿਅਕਤੀ ਨੂੰ ਫੋਨ ਕਰਕੇ ਉਸਨੂੰ ਕਿਹਾ ਕਿ ਉਸਦੇ ਖਾਤੇ ਵਿੱਚ ਹੋਈ ਟਰਾਂਜੈਕਸ਼ਨ ਦੀ ਜਾਂਚ ਕਰਨ ਲਈ ਇੱਕ ਖਾਸ ਨੰਬਰ ਡਾਇਲ ਕਰੇ। ਪੀੜਤ ਵੱਲੋਂ ਠੱਗਾਂ ਦੇ ਦੱਸੇ ਤਰੀਕੇ ਅਨੁਸਾਰ ਕਾਰਵਾਈ ਕਰਨ ਤੋਂ ਬਾਅਦ ਉਸਦੇ ਬੈਂਕ ਖਾਤੇ ਵਿੱਚੋਂ ਕਰੀਬ 2 ਲੱਖ ਰੁਪਏ ਨਿਕਲ ਗਏ।
ਸਾਈਬਰ ਥਾਣਾ ਇੰਚਾਰਜ ਸੁਖਬੀਰ ਕੌਰ ਨੇ ਇਨ੍ਹਾਂ ਮਾਮਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਅਣਜਾਣ ਵਿਅਕਤੀ ਨਾਲ ਬੈਂਕ ਖਾਤੇ, OTP, PIN, ਪਾਸਵਰਡ ਜਾਂ ਹੋਰ ਨਿੱਜੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ। ਸ਼ੱਕੀ ਲਿੰਕ ’ਤੇ ਕਲਿੱਕ ਕਰਨ ਜਾਂ ਅਣਜਾਣ ਨੰਬਰ ਡਾਇਲ ਕਰਨ ਤੋਂ ਵੀ ਬਚਣਾ ਚਾਹੀਦਾ ਹੈ।

- September 30, 2026
ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਸੁੱਕਾ ਝੋਨਾ ਮੰਡੀਆਂ ਵਿੱਚ ਲਿਆਉਣ ਦੀ ਅਪੀਲ
- September 30, 2026