ਬੱਚਿਆਂ ਦੀ ਇਤਰਾਜ਼ਯੋਗ ਵੀਡੀਓ ਸ਼ੇਅਰ ਕਰਨ ‘ਤੇ ਫਿਰੋਜ਼ਪੁਰ ‘ਚ ਮਾਮਲਾ ਦਰਜ
- kakkar.news
- October 1, 2026
- Crime Punjab
ਬੱਚਿਆਂ ਦੀ ਇਤਰਾਜ਼ਯੋਗ ਵੀਡੀਓ ਸ਼ੇਅਰ ਕਰਨ ‘ਤੇ ਫਿਰੋਜ਼ਪੁਰ ‘ਚ ਮਾਮਲਾ ਦਰਜ
ਫਿਰੋਜ਼ਪੁਰ, 01 ਅਕਤੂਬਰ 2026 (ਅਨੁਜ ਕੱਕੜ ਟੀਨੂੰ):
ਨਾਬਾਲਗ ਬੱਚਿਆਂ ਨਾਲ ਸਬੰਧਤ ਅਸ਼ਲੀਲ ਅਤੇ ਇਤਰਾਜ਼ਯੋਗ ਸਮੱਗਰੀ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਅਪਲੋਡ ਜਾਂ ਸ਼ੇਅਰ ਕਰਨ ਵਾਲਿਆਂ ਖ਼ਿਲਾਫ਼ ਥਾਣਾ ਸਾਈਬਰ ਕ੍ਰਾਈਮ ਫਿਰੋਜ਼ਪੁਰ ਵੱਲੋਂ ਸ਼ਿਕੰਜਾ ਕੱਸਿਆ ਗਿਆ ਹੈ। ਪੁਲਿਸ ਵੱਲੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਸਮੱਗਰੀ (CSEAM) ਦੇ ਮਾਮਲੇ ਵਿੱਚ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦਿਆਂ ਪਰਚਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਾਈਬਰ ਕ੍ਰਾਈਮ ਫਿਰੋਜ਼ਪੁਰ ਦੀ ਇੰਚਾਰਜ ਇੰਸਪੈਕਟਰ ਸੁਖਬੀਰ ਕੌਰ ਨੇ ਦੱਸਿਆ ਕਿ ਗ੍ਰਹਿ ਮੰਤਰਾਲਾ (ਭਾਰਤ ਸਰਕਾਰ) ਦੇ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4C) ਅਧੀਨ ਚੱਲ ਰਹੇ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (NCRP) ਰਾਹੀਂ ਇੱਕ ਵਿਸ਼ੇਸ਼ ਰਿਪੋਰਟ ਪ੍ਰਾਪਤ ਹੋਈ ਸੀ।
ਪੁਲਿਸ ਵੱਲੋਂ ਪੋਰਟਲ ‘ਤੇ ਮੌਜੂਦ ਟਿਪਲਾਈਨ ਨੰਬਰ/ਇੰਸਟਾਗਰਾਮ ਆਈ.ਡੀ. (242260489) ਨਾਲ ਸਬੰਧਤ ਫਾਈਲਾਂ ਅਤੇ ਵੀਡੀਓ/ਤਸਵੀਰਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਆਈ.ਡੀ. ਰਾਹੀਂ ਨਾਬਾਲਗ ਬੱਚਿਆਂ ਨਾਲ ਸਬੰਧਤ ਅਤਿ-ਇਤਰਾਜ਼ਯੋਗ ਅਤੇ ਅਸ਼ਲੀਲ ਸਮੱਗਰੀ ਅਪਲੋਡ ਤੇ ਟਰਾਂਸਫਰ ਕੀਤੀ ਜਾ ਰਹੀ ਸੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਸਾਈਬਰ ਕ੍ਰਾਈਮ ਫਿਰੋਜ਼ਪੁਰ ਵਿਖੇ ਮੁਕੱਦਮਾ ਨੰਬਰ 34 (ਮਿਤੀ 29 ਸਤੰਬਰ 2026) ਇਨਫਰਮੇਸ਼ਨ ਟੈਕਨਾਲੋਜੀ (IT) ਐਕਟ ਦੀ ਧਾਰਾ 67-B ਤਹਿਤ ਅਣਪਛਾਤੇ ਦੋਸ਼ੀ ਖ਼ਿਲਾਫ਼ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਸਬੰਧਤ ਮੋਬਾਈਲ ਨੰਬਰ, ਆਈ.ਪੀ. ਐਡਰੈੱਸ ਅਤੇ ਸੋਸ਼ਲ ਮੀਡੀਆ ਅਕਾਊਂਟਸ ਦੀ ਟੈਕਨੀਕਲ ਜਾਂਚ ਕਰਕੇ ਦੋਸ਼ੀ ਦੀ ਪਛਾਣ ਕਰਨ ਲਈ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ।
ਸਾਈਬਰ ਪੁਲਿਸ ਵੱਲੋਂ ਆਮ ਜਨਤਾ ਲਈ ਅਹਿਮ ਅਪੀਲ ਕੀਤੀ ਗਈ ਹੈ , ਇੰਸਪੈਕਟਰ ਸੁਖਬੀਰ ਕੌਰ ਨੇ ਆਮ ਲੋਕਾਂ ਅਤੇ ਯੂਜ਼ਰਸ ਨੂੰ ਜਾਗਰੂਕ ਕਰਦਿਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ, ਓਹਨਾ ਕਿਹਾ ਕਿ ਜੇਕਰ ਇੰਸਟਾਗਰਾਮ, ਵਟਸਐਪ, ਟੈਲੀਗ੍ਰਾਮ ਜਾਂ ਕਿਸੇ ਵੀ ਹੋਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਬੱਚਿਆਂ ਨਾਲ ਸਬੰਧਤ ਕੋਈ ਵੀ ਅਸ਼ਲੀਲ ਜਾਂ ਇਤਰਾਜ਼ਯੋਗ ਵੀਡੀਓ/ਤਸਵੀਰ ਆਉਂਦੀ ਹੈ, ਤਾਂ ਉਸ ਨੂੰ ਭੁੱਲ ਕੇ ਵੀ ਡਾਊਨਲੋਡ, ਸੇਵ ਜਾਂ ਅੱਗੇ ਸ਼ੇਅਰ ਨਾ ਕਰੋ।
ਓਹਨਾ ਸਖ਼ਤ ਲਫਜ਼ਾਂ ਵਿਚ ਵੀ ਇਹ ਕਿਹਾ ਕਿ ਅਜਿਹੀ ਸਮੱਗਰੀ ਨੂੰ ਜਾਣਬੁੱਝ ਕੇ ਜਾਂ ਅਣਜਾਣੇ ਵਿੱਚ ਅੱਗੇ ਭੇਜਣਾ ਜਾਂ ਸ਼ੇਅਰ ਕਰਨਾ ਵੀ ਗੰਭੀਰ ਅਪਰਾਧ ਹੈ , ਜੋ ਕਿ ਆਈ.ਟੀ. ਐਕਟ ਅਤੇ ਪੋਕਸੋ (POCSO) ਕਾਨੂੰਨ ਤਹਿਤ ਗੈਰ-ਜ਼ਮਾਨਤੀ ਅਪਰਾਧ ਹੈ, ਜਿਸ ਵਿੱਚ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।

- October 1, 2026
ਬੱਚਿਆਂ ਦੀ ਇਤਰਾਜ਼ਯੋਗ ਵੀਡੀਓ ਸ਼ੇਅਰ ਕਰਨ ‘ਤੇ ਫਿਰੋਜ਼ਪੁਰ ‘ਚ ਮਾਮਲਾ ਦਰਜ
- September 30, 2026