ਮਖੂ ਗੇਟ ‘ਚ ਗੋਲੀਬਾਰੀ: ਆਪਸੀ ਝਗੜੇ ‘ਚ ਆਸ਼ੂ ਮੋਗਾ ਦੀ ਹੋਈ ਸੀ ਮੌਤ, ਕਈ ਦੋਸ਼ੀ ਆਡੈਂਟੀਫਾਈ,
- 254 Views
- kakkar.news
- June 6, 2025
- Crime Punjab
ਮਖੂ ਗੇਟ ‘ਚ ਗੋਲੀਬਾਰੀ: ਆਪਸੀ ਝਗੜੇ ‘ਚ ਆਸ਼ੂ ਮੋਗਾ ਦੀ ਹੋਈ ਸੀ ਮੌਤ, ਕਈ ਦੋਸ਼ੀ ਆਡੈਂਟੀਫਾਈ,
ਪੁਲਿਸ ਵੱਲੋਂ ਆਰੋਪੀਆਂ ਬਾਰੇ ਸੂਚਨਾ ਦੇਣ ਵਾਲਿਆਂ ਨੂੰ ਦਿੱਤਾ ਜਾਏਗਾ ਵਾਜ਼ਬ ਇਨਾਮ
ਫਿਰੋਜ਼ਪੁਰ, 6 ਜੂਨ 2025 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਦੇ ਮਖੂ ਗੇਟ ਨੇੜੇ ਸਥਿਤ ਇੱਕ ਟੈਟੂ ਦੀ ਦੁਕਾਨ ਵਿੱਚ ਹੋਈ ਹਿੰਸਕ ਝੜਪ ਦੌਰਾਨ ਗੋਲੀਬਾਰੀ ਵਿੱਚ ਨੌਜਵਾਨ ਆਸ਼ੂ ਮੋਗਾ ਦੀ ਮੌਤ ਹੋ ਗਈ। ਇਸ ਸਬੰਧੀ ਅੱਜ ਫਿਰੋਜ਼ਪੁਰ ਦੇ SSP ਭੁਪਿੰਦਰ ਸਿੰਘ ਨੇ ਇਕ ਪ੍ਰੈਸ ਵਾਰਤਾ ਕਰਕੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ।
SSP ਨੇ ਦੱਸਿਆ ਕਿ ਆਸ਼ੂ ਮੋਗਾ ਦੀ ਗੂੜ੍ਹੀ ਦੋਸਤੀ ਅਮਰੀਕ ਸਿੰਘ ਉਰਫ ਅਮਰੀਕਾ ਨਾਲ ਸੀ, ਜੋ ਕਿ ਇਸ ਵੇਲੇ ਜੇਲ ਵਿੱਚ ਬੰਦ ਹੈ। ਹਾਲਾਂਕਿ ਹਾਲੇ ਦਿਨੀਂ ਆਸ਼ੂ ਨੇ ਅਮਰਜੀਤ ਸਿੰਘ (ਵਾਸੀ ਪੱਲਾ ਮੇਘਾ) ਨਾਲ ਦੋਸਤੀ ਵਧਾ ਲਈ ਸੀ, ਜਿਸ ਕਾਰਨ ਆਸ਼ੂ ਅਤੇ ਅਮਰੀਕਾ ਵਿਚਕਾਰ ਤਣਾਅ ਪੈਦਾ ਹੋ ਗਿਆ। ਇਹ ਤਣਾਅ ਇੰਨਾ ਵੱਧ ਗਿਆ ਕਿ ਅਮਰੀਕਾ ਦੇ ਸਾਥੀ ਸ਼ਿਵਮ ਸਹਿਗਲ ਅਤੇ ਯੁਵਰਾਜ ਨੇ ਆਸ਼ੂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਗੱਲਬਾਤ ਦੌਰਾਨ ਗਾਲੀ-ਗਲੋਚ ਹੋਈ ਅਤੇ ਭੱਦੀ ਭਾਸ਼ਾ ਵਰਤਣ ਨਾਲ ਵਿਵਾਦ ਹੋਰ ਗੰਭੀਰ ਹੋ ਗਿਆ।
ਇਸ ਘਟਨਾ ਤੋਂ ਬਾਅਦ ਆਸ਼ੂ ਨੇ ਆਪਣੇ ਸਾਥੀਆਂ – ਦੇਵ ਸ਼ਰਮਾ, ਲੱਖਾ, ਨੱਢਾ ਆਦਿ – ਦੇ ਨਾਲ ਮਿਲ ਕੇ ਮਖੂ ਗੇਟ ਨੇੜੇ ਇਕ ਟੈਟੂ ਸ਼ਾਪ ‘ਤੇ ਲੜਾਈ ਦੀ ਨੀਅਤ ਨਾਲ ਜਾ ਪਹੁੰਚਿਆ। ਉੱਥੇ ਯੁਵਰਾਜ ਸਿੰਘ ਉਰਫ ਯੂਵੀ ਪਹਿਲਾਂ ਤੋਂ ਆਪਣੇ ਸਾਥੀਆਂ ਸਮੇਤ ਮੌਜੂਦ ਸੀ। ਦੋਹਾਂ ਧਿਰਾਂ ਵਿਚਾਲੇ ਝਗੜਾ ਹੋ ਗਿਆ ਅਤੇ ਗੋਲੀਬਾਰੀ ਹੋਈ। ਇਸ ਦੌਰਾਨ ਯੂਵੀ ਵੱਲੋਂ ਚਲਾਈ ਗਈ ਗੋਲੀ ਆਸ਼ੂ ਦੀ ਅੱਖ ‘ਚ ਲੱਗੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਯੂਵੀ ਮੌਕੇ ਤੋਂ ਭੱਜ ਗਿਆ, ਹਾਲਾਂਕਿ ਆਸ਼ੂ ਦੇ ਸਾਥੀਆਂ ਨੇ ਉਸ ਦਾ ਪਿੱਛਾ ਕਰਦੇ ਹੋਏ ਹੋਰ ਗੋਲੀਆਂ ਵੀ ਚਲਾਈਆਂ।
ਇਹ ਸਾਰੀ ਘਟਨਾ ਇੱਕ ਸੀਸੀਟੀਵੀ ਅਤੇ ਵਾਇਰਲ ਵੀਡੀਓ ਰਾਹੀਂ ਸਾਹਮਣੇ ਆਈ। ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਕਈ ਦੋਸ਼ੀਆਂ ਨੂੰ ਆਡੈਂਟੀਫਾਈ ਕਰ ਲਿਆ। ਹੁਣ ਤੱਕ ਅੰਗਰੇਜ਼ ਸਿੰਘ ਉਰਫ ਲਾਲੂ ਪੁੱਤਰ ਜੋਗਿੰਦਰ ਸਿੰਘ ਅਤੇ ਜੋਗਿੰਦਰ ਸਿੰਘ (ਜਿਸ ਦੇ ਪਿਤਾ ਦਾ ਨਾਮ ਮਾਲੂਮ ਨਹੀਂ) – ਦੋਵੇਂ ਵਾਸੀ ਹੀਰਾ ਨਗਰ – ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
SSP ਭੁਪਿੰਦਰ ਸਿੰਘ ਨੇ ਦੱਸਿਆ ਕਿ ਹੋਰ ਦੋਸ਼ੀ – ਗੁਰਜਿੰਦਰ ਸਿੰਘ ਘੋੜਾ, ਸਰਬਜੀਤ ਸਿੰਘ, ਲੱਖਾ ਅਤੇ ਅਮਰਜੀਤ ਸਿੰਘ – ਆਡੈਂਟੀਫਾਈ ਕੀਤੇ ਜਾ ਚੁੱਕੇ ਹਨ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਪ੍ਰੈਸ ਵਾਰਤਾ ਦੌਰਾਨ SSP ਨੇ ਕਿਹਾ, “ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਕਾਨੂੰਨ ਹੱਥ ‘ਚ ਲੈਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਸਾਰੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।”
SSP ਨੇ ਕੁਝ ਸ਼ੱਕੀ ਦੋਸ਼ੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਉਨ੍ਹਾਂ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ। ਜਾਣਕਾਰੀ ਦੇਣ ਵਾਲਿਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਉਨ੍ਹਾਂ ਨੂੰ ਉਚਿਤ ਇਨਾਮ ਵੀ ਦਿੱਤਾ ਜਾਵੇਗਾ।


