ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਮੌਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੋਸਾਇਟੀ ਵੱਲੋਂ ਵਿਸ਼ਾਲ ਲੰਗਰ ਅਤੇ ਸੇਵਾ ਪ੍ਰਬੰਧ
- kakkar.news
- October 5, 2026
- Punjab Religious
ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਮੌਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੋਸਾਇਟੀ ਵੱਲੋਂ ਵਿਸ਼ਾਲ ਲੰਗਰ ਅਤੇ ਸੇਵਾ ਪ੍ਰਬੰਧ
ਫਿਰੋਜ਼ਪੁਰ 5 ਅਕਤੂਬਰ 2026 (ਅਨੁਜ ਕੱਕੜ ਟੀਨੂੰ)
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਮੌਕੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ। ਇਸ ਪਵਿੱਤਰ ਮੌਕੇ ’ਤੇ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੋਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਗੁਰੂ ਦਾ ਲੰਗਰ ਅਤੇ ਸੰਗਤਾਂ ਦੀ ਸੇਵਾ ਲਈ ਵੱਖ-ਵੱਖ ਪ੍ਰਬੰਧ ਕੀਤੇ ਗਏ ਹਨ।
ਸੇਵਾ ਸੋਸਾਇਟੀ ਦੇ ਸੇਵਾਦਾਰਾਂ ਵੱਲੋਂ 1 ਅਕਤੂਬਰ ਤੋਂ 5 ਅਕਤੂਬਰ ਤੱਕ ਲੰਗਰ ਦੀ ਸੇਵਾ ਨਿਰੰਤਰ ਚਲਾਈ ਜਾ ਰਹੀ ਹੈ। ਲੰਗਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਅਤੇ ਰਾਹਗੀਰ ਸ਼ਰਧਾ ਨਾਲ ਪ੍ਰਸ਼ਾਦਾ ਛਕ ਰਹੇ ਹਨ। ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਖਾਣ-ਪੀਣ ਦੇ ਨਾਲ-ਨਾਲ ਪੀਣ ਵਾਲੇ ਪਾਣੀ, ਇਸ਼ਨਾਨ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦੇ ਵੀ ਸੁਚੱਜੇ ਪ੍ਰਬੰਧ ਕੀਤੇ ਗਏ ਹਨ।
ਸੇਵਾ ਸੋਸਾਇਟੀ ਵੱਲੋਂ ਸੰਗਤਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਗਿਆ ਹੈ, ਜਿੱਥੇ ਲੋੜਵੰਦਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਦੂਰ-ਦੁਰਾਡੇ ਤੋਂ ਪੈਦਲ ਯਾਤਰਾ ਕਰਕੇ ਆਉਣ ਵਾਲੀਆਂ ਸੰਗਤਾਂ ਦੀ ਥਕਾਵਟ ਦੂਰ ਕਰਨ ਲਈ ਮਾਲਿਸ਼ ਦੀ ਸੇਵਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਸੇਵਾ ਸੋਸਾਇਟੀ ਦੇ ਸੇਵਾਦਾਰਾਂ ਨੇ ਦੱਸਿਆ ਕਿ ਇਸ ਪਵਿੱਤਰ ਕਾਰਜ ਨੂੰ ਸਫਲ ਬਣਾਉਣ ਲਈ ਸਥਾਨਕ ਸੰਗਤਾਂ ਦੇ ਨਾਲ-ਨਾਲ ਦੇਸ਼ਾਂ-ਵਿਦੇਸ਼ਾਂ ਤੋਂ ਵੀ ਸੰਗਤਾਂ ਵੱਲੋਂ ਵੱਡਾ ਸਹਿਯੋਗ ਦਿੱਤਾ ਗਿਆ ਹੈ। ਸੰਗਤਾਂ ਦੇ ਸਹਿਯੋਗ ਅਤੇ ਸੇਵਾਦਾਰਾਂ ਦੀ ਦਿਨ-ਰਾਤ ਦੀ ਮਿਹਨਤ ਸਦਕਾ ਲੰਗਰ ਦੀ ਸੇਵਾ ਬੜੇ ਸੁਚੱਜੇ ਢੰਗ ਨਾਲ ਚੱਲ ਰਹੀ ਹੈ।
ਸੇਵਾਦਾਰਾਂ ਨੇ ਕਿਹਾ ਕਿ ਗੁਰੂ ਘਰ ਦੀ ਸੇਵਾ ਸਿਰਫ਼ ਇੱਕ ਜ਼ਿੰਮੇਵਾਰੀ ਨਹੀਂ, ਸਗੋਂ ਵੱਡਾ ਸੁਭਾਗ ਹੈ। ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਮਨੁੱਖ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ। “ਸੇਵਾ ਕਰਤ ਹੋਇ ਨਿਹਕਾਮੀ, ਤਿਸ ਕਉ ਹੋਤ ਪਰਾਪਤਿ ਸੁਆਮੀ” ਦੇ ਪਵਿੱਤਰ ਸਿਧਾਂਤ ਨੂੰ ਮੁੱਖ ਰੱਖਦਿਆਂ ਸੋਸਾਇਟੀ ਵੱਲੋਂ ਸੰਗਤਾਂ ਦੀ ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਲੰਗਰ ਸਿਰਫ਼ ਭੋਜਨ ਨਹੀਂ, ਸਗੋਂ ਬਰਾਬਰੀ, ਸਾਂਝ, ਪਿਆਰ ਅਤੇ ਮਨੁੱਖਤਾ ਦਾ ਸੰਦੇਸ਼ ਹੈ। ਗੁਰੂ ਸਾਹਿਬ ਦੇ ਦਰ ’ਤੇ ਹਰ ਕੋਈ ਬਿਨਾਂ ਕਿਸੇ ਭੇਦਭਾਵ ਦੇ ਇੱਕੋ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦਾ ਹੈ। ਇਹੀ ਸਿੱਖ ਧਰਮ ਦੀ ਮਹਾਨ ਸੇਵਾ ਪਰੰਪਰਾ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਹੈ।
ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਾ ਆਵੇ, ਇਸ ਲਈ ਸੇਵਾ ਸੋਸਾਇਟੀ ਦੇ ਕਈ ਸੇਵਾਦਾਰ ਦਿਨ-ਰਾਤ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਸੋਸਾਇਟੀ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਉਹ ਵੱਧ ਤੋਂ ਵੱਧ ਗੁਰੂ ਘਰ ਦੀ ਹਾਜ਼ਰੀ ਭਰਨ, ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਇਸ ਪਵਿੱਤਰ ਸੇਵਾ ਵਿੱਚ ਆਪਣਾ ਯੋਗਦਾਨ ਪਾ ਕੇ “ਸਰਬੱਤ ਦਾ ਭਲਾ” ਦੀ ਅਰਦਾਸ ਨੂੰ ਸਾਰਥਕ ਬਣਾਉਣ।

- October 5, 2026
ਵਿਧਾਇਕ ਰਜਨੀਸ਼ ਦਹੀਯਾ ਨੇ ਫਰੀਦਕੋਟ ਤੋਂ ਆਰਮੀ ਏਰੀਆ ਸੜਕ ਦਾ ਕੀਤਾ ਉਦਘਾਟਨ
- October 1, 2026