ਫਿਰੋਜ਼ਪੁਰ ‘ਚ ਅਨੋਖਾ ਰੋਸ ਪ੍ਰਦਰਸ਼ਨ: ਫੂਡ ਇੰਸਪੈਕਟਰ ਦੀ ਵਾਪਸੀ ਲਈ ਨੈਸ਼ਨਲ ਹਾਈਵੇ ਜਾਮ
- kakkar.news
- October 8, 2026
- Punjab
ਫਿਰੋਜ਼ਪੁਰ ‘ਚ ਅਨੋਖਾ ਰੋਸ ਪ੍ਰਦਰਸ਼ਨ: ਫੂਡ ਇੰਸਪੈਕਟਰ ਦੀ ਵਾਪਸੀ ਲਈ ਨੈਸ਼ਨਲ ਹਾਈਵੇ ਜਾਮ
ਫਿਰੋਜ਼ਪੁਰ, 8 ਅਕਤੂਬਰ (ਅਨੁਜ ਕੱਕੜ ਟੀਨੂੰ)
ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਅੱਜ ਇੱਕ ਅਜਿਹਾ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਜਿਸ ਵਿੱਚ ਲੋਕਾਂ ਨੇ ਕਿਸੇ ਅਧਿਕਾਰੀ ਖ਼ਿਲਾਫ਼ ਨਹੀਂ, ਸਗੋਂ ਉਸੇ ਅਧਿਕਾਰੀ ਨੂੰ ਮੁੜ ਫਿਰੋਜ਼ਪੁਰ ਵਿੱਚ ਤਾਇਨਾਤ ਕਰਨ ਦੀ ਮੰਗ ਨੂੰ ਲੈ ਕੇ ਸੜਕ ‘ਤੇ ਉਤਰ ਕੇ ਆਵਾਜ਼ ਬੁਲੰਦ ਕੀਤੀ।
ਸਮਾਜਸੇਵੀਆਂ ਅਤੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਫਿਰੋਜ਼ਪੁਰ ਦੀ ਚੂੰਗੀ ਨੰਬਰ 7 ਨੇੜੇ ਧਰਨਾ ਲਗਾਇਆ ਗਿਆ ਅਤੇ ਨੈਸ਼ਨਲ ਹਾਈਵੇ ‘ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਸਥਾਨ ਫਿਰੋਜ਼ਪੁਰ ਨੂੰ ਫਾਜ਼ਿਲਕਾ, ਅਬੋਹਰ, ਸ੍ਰੀਗੰਗਾਨਗਰ ਦੇ ਨਾਲ-ਨਾਲ ਜਲੰਧਰ, ਲੁਧਿਆਣਾ, ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਚੰਡੀਗੜ੍ਹ ਨਾਲ ਜੋੜਨ ਵਾਲੇ ਮੁੱਖ ਰਸਤਿਆਂ ਵਿੱਚੋਂ ਇੱਕ ਹੈ।
ਧਰਨਾਕਾਰੀਆਂ ਨੇ ਫੂਡ ਇੰਸਪੈਕਟਰ ਅਭਿਨਵ ਖੋਸਲਾ ਦੀ ਫਿਰੋਜ਼ਪੁਰ ਵਾਪਸੀ ਅਤੇ ਮੁੜ ਤਾਇਨਾਤੀ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਅਭਿਨਵ ਖੋਸਲਾ ਨੇ ਫਿਰੋਜ਼ਪੁਰ ਵਿੱਚ ਤਾਇਨਾਤੀ ਦੌਰਾਨ ਕਥਿਤ ਤੌਰ ‘ਤੇ ਮਿਲਾਵਟਖੋਰੀ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਅਤੇ ਵੱਖ-ਵੱਖ ਥਾਵਾਂ ਤੋਂ ਆਉਣ ਵਾਲੀਆਂ ਮਿਠਾਈਆਂ ਸਮੇਤ ਖਾਣ-ਪੀਣ ਦੀਆਂ ਵਸਤਾਂ ਦੇ ਸੈਂਪਲ ਲਏ।
ਧਰਨੇ ਵਿੱਚ ਸ਼ਾਮਲ ਆਗੂਆਂ ਮੁਤਾਬਕ, ਅਭਿਨਵ ਖੋਸਲਾ ਦੀ ਕਾਰਵਾਈ ਕਾਰਨ ਮਿਲਾਵਟਖੋਰੀ ਕਰਨ ਵਾਲਿਆਂ ਵਿੱਚ ਕਥਿਤ ਤੌਰ ‘ਤੇ ਡਰ ਦਾ ਮਾਹੌਲ ਬਣਿਆ ਹੋਇਆ ਸੀ। ਇਸੇ ਦੌਰਾਨ ਉਨ੍ਹਾਂ ਦਾ ਤਰਨਤਾਰਨ ਤਬਾਦਲਾ ਹੋ ਗਿਆ ਅਤੇ ਵਿਭਾਗੀ ਕਾਰਵਾਈ ਤਹਿਤ ਉਨ੍ਹਾਂ ਨੂੰ ਮੁਅੱਤਲ ਵੀ ਕੀਤਾ ਗਿਆ।
ਕਿਸਾਨ ਜਥੇਬੰਦੀ ਦੇ ਆਗੂ ਅਵਤਾਰ ਸਿੰਘ ਮਹਿਮਾ ਅਤੇ ਅਦਾਕਾਰ ਤੇ ਸਮਾਜਸੇਵੀ ਆਗੂ ਗੁਰਮੀਤ ਸਿੰਘ ਗੁਮਾ ਨੇ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ, ਸਗੋਂ ਲੋਕਾਂ ਨੂੰ ਮਿਲਾਵਟੀ ਖਾਣ-ਪੀਣ ਦੀਆਂ ਵਸਤਾਂ ਤੋਂ ਬਚਾਉਣ ਲਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਧਿਕਾਰੀ ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰਦਾ ਹੈ ਤਾਂ ਉਸਨੂੰ ਹੌਸਲਾ ਮਿਲਣਾ ਚਾਹੀਦਾ ਹੈ।
ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਅਭਿਨਵ ਖੋਸਲਾ ਨੂੰ ਮੁੜ ਫਿਰੋਜ਼ਪੁਰ ਵਿੱਚ ਤਾਇਨਾਤ ਕੀਤਾ ਜਾਵੇ ਅਤੇ ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਨੂੰ ਹੋਰ ਤੇਜ਼ ਕੀਤਾ ਜਾਵੇ।
ਇਸ ਦੌਰਾਨ ਧਰਨੇ ਕਾਰਨ ਨੈਸ਼ਨਲ ਹਾਈਵੇ ‘ਤੇ ਆਵਾਜਾਈ ਪ੍ਰਭਾਵਿਤ ਹੋਈ ਅਤੇ ਮੌਕੇ ‘ਤੇ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਸਥਿਤੀ ‘ਤੇ ਨਜ਼ਰ ਰੱਖੀ ਗਈ।
