20 ਕਿਲੋ ਤੋਂ ਵੱਧ ਹੈਰੋਇਨ ਦੀ ਖੇਪ ਬਰਾਮਦ, ਨਾਲ ਮਿਲੀਆਂ 3 ਜੋੜੀਆਂ ਚਾਂਦੀ ਦੀਆਂ ਪੰਜੇਬਾਂ!
- kakkar.news
- October 8, 2026
- Crime Punjab
-20 ਕਿਲੋ ਤੋਂ ਵੱਧ ਹੈਰੋਇਨ ਦੀ ਖੇਪ ਬਰਾਮਦ, ਨਾਲ ਮਿਲੀਆਂ 3 ਜੋੜੀਆਂ ਚਾਂਦੀ ਦੀਆਂ ਪੰਜੇਬਾਂ!
-ਪਾਕਿਸਤਾਨੀ ਨਸ਼ਾ ਤਸਕਰਾਂ ਦੇ ਮਨਸੂਬਿਆਂ ਨੂੰ ਨਾਕਾਮ! ਫਿਰੋਜ਼ਪੁਰ ਦੇ ਸਰਹੱਦੀ ਪਿੰਡ ਪੱਧਰੀ ਤੋਂ 20.298 ਕਿਲੋ ਹੈਰੋਇਨ ਬਰਾਮਦ
-ਹੈਰੋਇਨ ਦੇ ਨਾਲ 3 ਜੋੜੇ ਚਾਂਦੀ ਦੀਆਂ ਝਾਂਜਰਾਂ/ਪੰਜੇਬਾਂ ਸਮੇਤ ਹੋਰ ਸਮਾਨ ਬਰਾਮਦ, ਪੰਜੇਬਾਂ ਦੇ ਪਿੱਛੇ ਕਿਸੇ ਮਹਿਲਾ ਤਸਕਰ ਦਾ ਕੁਨੈਕਸ਼ਨ? ਜਾਂਚ ਦਾ ਵਿਸ਼ਾ
ਫਿਰੋਜ਼ਪੁਰ, 8 ਅਕਤੂਬਰ (ਅਨੁਜ ਕੱਕੜ ਟੀਨੂੰ)
ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪਾਕਿਸਤਾਨ ਤੋਂ ਡਰੋਨ ਰਾਹੀਂ ਨਸ਼ਾ ਭੇਜਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਦਿਆਂ ਪੁਲਿਸ ਅਤੇ ਬੀਐਸਐਫ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਸਰਹੱਦੀ ਪਿੰਡ ਪੱਧਰੀ ਦੇ ਖੇਤਾਂ ਵਿੱਚੋਂ 20 ਕਿਲੋ 298 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਪੁਲਿਸ ਮੁਤਾਬਕ ਪਿੰਡ ਪੱਧਰੀ ਵਿੱਚ ਡਰੋਨ ਐਕਟੀਵਿਟੀ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝਾ ਸਰਚ ਆਪ੍ਰੇਸ਼ਨ ਚਲਾਇਆ ਗਿਆ। ਤਲਾਸ਼ੀ ਦੌਰਾਨ ਇੱਕ ਥਾਂ ਤੋਂ ਹੈਰੋਇਨ ਦੇ 20 ਪੈਕੇਟ ਬਰਾਮਦ ਹੋਏ।
ਇਸ ਬਰਾਮਦਗੀ ਵਿੱਚ ਸਭ ਤੋਂ ਵੱਧ ਧਿਆਨ ਖਿੱਚਣ ਵਾਲੀ ਗੱਲ ਇਹ ਹੈ ਕਿ ਹੈਰੋਇਨ ਦੇ ਨਾਲ ਚਾਂਦੀ ਦੀਆਂ 3 ਜੋੜੀਆਂ ਝਾਂਜਰਾਂ/ਪੰਜੇਬਾਂ ਵੀ ਬਰਾਮਦ ਹੋਈਆਂ ਹਨ। ਇਸ ਤੋਂ ਇਲਾਵਾ ਪੁਲਿਸ ਨੇ 12 ਬਲਿਨਕਿੰਗ ਛੜਾਂ, 2 ਮੋਟਰਸਾਈਕਲ, 1 ਪਲਾਸ ਅਤੇ 2 ਲੋਹੇ ਦੀਆਂ ਤਾਰਾਂ ਵੀ ਕਬਜ਼ੇ ਵਿੱਚ ਲਈਆਂ ਹਨ।
ਹੁਣ ਜਾਂਚ ਦੌਰਾਨ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਆਖ਼ਿਰ ਨਸ਼ੇ ਦੀ ਖੇਪ ਦੇ ਨਾਲ ਇਹ ਤਿੰਨ ਜੋੜੇ ਚਾਂਦੀ ਦੀਆਂ ਪੰਜੇਬਾਂ ਕਿਉਂ ਮੰਗਵਾਈਆਂ ਗਈਆਂ ਸਨ? ਕੀ ਇਨ੍ਹਾਂ ਪੰਜੇਬਾਂ ਦਾ ਇਸ ਨਸ਼ਾ ਤਸਕਰੀ ਨੈੱਟਵਰਕ ਨਾਲ ਕੋਈ ਸਬੰਧ ਹੈ? ਅਤੇ ਕੀ ਇਨ੍ਹਾਂ ਨੂੰ ਮੰਗਵਾਉਣ ਜਾਂ ਪ੍ਰਾਪਤ ਕਰਨ ਪਿੱਛੇ ਕਿਸੇ ਮਹਿਲਾ ਦੀ ਭੂਮਿਕਾ ਹੋ ਸਕਦੀ ਹੈ? ਫਿਲਹਾਲ ਇਹ ਸਾਰੇ ਸਵਾਲ ਪੁਲਿਸ ਜਾਂਚ ਦਾ ਹਿੱਸਾ ਹਨ ਅਤੇ ਕਿਸੇ ਮਹਿਲਾ ਦੀ ਸ਼ਮੂਲੀਅਤ ਬਾਰੇ ਪੁਸ਼ਟੀ ਅਜੇ ਸਾਹਮਣੇ ਨਹੀਂ ਆਈ।
ਇਸ ਮਾਮਲੇ ਸਬੰਧੀ ਥਾਣਾ ਸਦਰ ਫਿਰੋਜ਼ਪੁਰ ਵਿੱਚ ਮੁਕੱਦਮਾ ਨੰਬਰ 339, ਮਿਤੀ 7 ਅਕਤੂਬਰ 2026, ਐਨਡੀਪੀਐਸ ਐਕਟ ਦੀਆਂ ਧਾਰਾਵਾਂ 21-ਸੀ, 23 ਅਤੇ 25 ਤਹਿਤ ਦਰਜ ਕੀਤਾ ਗਿਆ ਹੈ।
ਪੁਲਿਸ ਅਨੁਸਾਰ ਮੁੱਢਲੀ ਜਾਂਚ ਦੌਰਾਨ ਬਰਾਮਦਗੀ ਨਾਲ ਸਬੰਧਤ ਕੁਝ ਸ਼ੱਕੀ ਵਿਅਕਤੀਆਂ ਦੀ ਪਛਾਣ ਹੋ ਚੁੱਕੀ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਸਪੈਸ਼ਲ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰੀਆਂ ਤੋਂ ਬਾਅਦ ਇਸ ਪੂਰੇ ਨੈੱਟਵਰਕ ਅਤੇ ਪਾਕਿਸਤਾਨ ਨਾਲ ਜੁੜੇ ਨਸ਼ਾ ਤਸਕਰਾਂ ਦੇ ਮਨਸੂਬਿਆਂ ਬਾਰੇ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
20 ਕਿਲੋ ਤੋਂ ਵੱਧ ਹੈਰੋਇਨ ਦੀ ਇਹ ਬਰਾਮਦਗੀ ਸਰਹੱਦੀ ਖੇਤਰ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਪੁਲਿਸ ਅਤੇ ਬੀਐਸਐਫ ਦੀ ਸਾਂਝੀ ਕਾਰਵਾਈ ਦੀ ਵੱਡੀ ਸਫਲਤਾ ਮੰਨੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਪੰਜੇਬਾਂ ਦਾ ਇਹ ਰਹੱਸ ਕੀ ਹੈ ਅਤੇ ਜਾਂਚ ਅੱਗੇ ਵਧਣ ’ਤੇ ਇਸ ਦੇ ਪਿੱਛੇ ਕਿਹੜੇ ਚਿਹਰੇ ਸਾਹਮਣੇ ਆਉਂਦੇ ਹਨ।
