3 ਮਾਸੂਮ ਬੱਚੀਆਂ ਦੀ ਰਹੱਸਮਈ ਹਾਲਾਤਾਂ ‘ਚ ਮੌਤ, ਪੂਰੇ ਇਲਾਕੇ ‘ਚ ਪਸਰਿਆ ਦਹਿਸ਼ਤ ਦਾ ਮਾਹੌਲ
- kakkar.news
- November 1, 2026
- Punjab
3 ਮਾਸੂਮ ਬੱਚੀਆਂ ਦੀ ਰਹੱਸਮਈ ਹਾਲਾਤਾਂ ‘ਚ ਮੌਤ, ਪੂਰੇ ਇਲਾਕੇ ‘ਚ ਪਸਰਿਆ ਦਹਿਸ਼ਤ ਦਾ ਮਾਹੌਲ
ਫਿਰੋਜ਼ਪੁਰ 1 ਨਵੰਬਰ 2026 (ਅਨੁਜ ਕੱਕੜ ਟੀਨੂੰ )
ਫਿਰੋ: ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਥਾਣਾ ਮਮਦੋਟ ਅਧੀਨ ਪੈਂਦੇ ਪਿੰਡ ਮੋਹਰੇ ਵਾਲਾ ਤੋਂ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਤਿੰਨ ਮਾਸੂਮ ਬੱਚੀਆਂ ਦੀ ਸ਼ੱਕੀ ਹਾਲਾਤਾਂ ਵਿੱਚ ਅਚਾਨਕ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਮ੍ਰਿਤਕਾਂ ਵਿੱਚ ਇੱਕੋ ਪਰਿਵਾਰ ਦੀਆਂ ਦੋ ਭੈਣਾਂ—ਖੁਸ਼ਨਸੀਬ ਅਤੇ ਗੁਰਵੀਰ—ਸ਼ਾਮਲ ਹਨ, ਜਦਕਿ ਤੀਜੀ ਬੱਚੀ ਗੁਆਂਢੀ ਪਰਿਵਾਰ ਦੀ ਮਹਿਜ਼ 6 ਮਹੀਨੇ ਦੀ ਮਾਸੂਮ ਮਨਪ੍ਰੀਤ ਕੌਰ ਹੈ।
ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਬੱਚੀਆਂ ਦੀ ਤਬੀਅਤ ਅਚਾਨਕ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਦਮ ਤੋੜ ਦਿੱਤਾ। ਬੱਚੀਆਂ ਦੀ ਮੌਤ ਕਿਸੇ ਜ਼ਹਿਰੀਲੀ ਚੀਜ਼ ਦੇ ਅਸਰ, ਖਾਣ-ਪੀਣ ਦੀ ਵਸਤੂ ‘ਚ ਇਨਫੈਕਸ਼ਨ ਜਾਂ ਕਿਸੇ ਹੋਰ ਕਾਰਨ ਹੋਈ ਹੈ, ਇਸ ਬਾਰੇ ਅਜੇ ਤੱਕ ਸਥਿਤੀ ਸਪੱਸ਼ਟ ਨਹੀਂ ਹੋ ਸਕੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਤੁਰੰਤ ਪਿੰਡ ਮੋਹਰੇ ਵਾਲਾ ਪਹੁੰਚ ਗਈਆਂ। ਸਿਹਤ ਵਿਭਾਗ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪਿੰਡ ਵਿੱਚ ਘਰ-ਘਰ ਜਾ ਕੇ ਸਰਵੇਖਣ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਜੋ ਬੀਮਾਰੀ ਜਾਂ ਲੱਛਣਾਂ ਦੇ ਅਸਲ ਸਰੋਤ ਦਾ ਪਤਾ ਲਗਾਇਆ ਜਾ ਸਕੇ।
ਮਮਦੋਟ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਤਿੰਨਾਂ ਮਾਸੂਮ ਬੱਚੀਆਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਰਖਵਾਇਆ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੋਸਟਮਾਰਟਮ ਅਤੇ ਲੈਬ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਦਾ ਖੁਲਾਸਾ ਹੋਵੇਗਾ।
