ਕਿਸਾਨਾਂ ਨੂੰ ਮਿਆਰੀ ਖਾਦ ਅਤੇ ਦਵਾਈਆਂ ਮੁਹੱਈਆਂ ਕਰਵਾਉਣ ਦੇ ਮੰਤਵ ਤਹਿਤ ਉਡਣ ਦਸਤੇ ਟੀਮਾਂ ਵੱਲੋਂ ਅਚਨਚੇਤ ਚੈਕਿੰਗ
- 110 Views
- kakkar.news
- December 20, 2023
- Punjab
ਕਿਸਾਨਾਂ ਨੂੰ ਮਿਆਰੀ ਖਾਦ ਅਤੇ ਦਵਾਈਆਂ ਮੁਹੱਈਆਂ ਕਰਵਾਉਣ ਦੇ ਮੰਤਵ ਤਹਿਤ ਉਡਣ ਦਸਤੇ ਟੀਮਾਂ ਵੱਲੋਂ ਅਚਨਚੇਤ ਚੈਕਿੰਗ-
ਫਾਜ਼ਿਲਕਾ, 20 ਦਸੰਬਰ 2023(ਸਿਟੀਜ਼ਨਜ਼ ਵੋਇਸ)
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਉਚ ਮਿਆਰੀ ਖਾਦ ਅਤੇ ਦਵਾਈਆਂ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਉਡਣ ਦਸਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਗਠਿਤ ਟੀਮਾਂ ਵੱਲੋਂ ਖਾਦਾਂ ਤੇ ਦਵਾਈਆਂ ਤਿਆਰ ਕਰਨ ਵਾਲੇ ਯੂਨਿਟਾਂ/ਫੈਕਟਰੀਆਂ ਅਤੇ ਦੁਕਾਨਾਂ ਦੀ ਚੈਕਿੰਗਾਂ ਨੂੰ ਯਕੀਨੀ ਬਣਾਇਆ ਜਾਵੇ। ਇਸੇ ਲੜੀ ਤਹਿਤ ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ ਸ੍ਰੀ ਸੁਰਿੰਦਰ ਸਿੰਘ ਵਲੋਂ ਅਬੋਹਰ ਵਿਖੇ ਟੀਮ ਸਮੇਤ ਖਾਦਾਂ ਤੇ ਦਵਾਈਆਂ ਤਿਆਰ ਕਰਨ ਵਾਲੀਆਂ ਫੈਕਟਰੀਆਂ ਤੇ ਦੁਕਾਨਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਮੁੱਖ ਖੇਤੀਬਾੜੀ ਅਫਸਰ ਗੁਰਮੀਤ ਸਿੰਘ ਚੀਮਾ, ਖੇਤੀਬਾੜੀ ਵਿਕਾਸ ਅਫਸਰ ਕੇਤਨ ਚਾਵਲਾ, ਖੇਤੀਬਾੜੀ ਵਿਕਾਸ ਅਫਸਰ ਬਖਸ਼ੀਸ਼ ਸਿੰਘ ਰੰਧਾਵਾ, ਖੇਤੀਬਾੜੀ ਵਿਕਾਸ ਅਫਸਰ ਪੀ.ਪੀ. ਸ੍ਰੀ ਸ਼ੀਸਪਾਲ ਗੋਦਾਰਾ, ਪ੍ਰਵੀਨ ਕੁਮਾਰ ਵਿਸ਼ੇਸ਼ ਤੌਰ *ਤੇ ਮੌਜ਼ੂਦ ਸਨ।
ਸੰਯੁਕਤ ਡਾਇਰੈਕਟਰ ਖੇਤੀਬਾੜੀ ਨੇ ਅਬੋਹਰ ਵਿਖੇ ਖਾਦਾਂ ਅਤੇ ਦਵਾਈਆਂ ਦੇ ਮੈਨੂਫੈਕਚਰਿੰਗ, ਮਾਰਕੀਟਿੰਗ ਯੂਨਿਟ ਅਤੇ ਡੀਲਰਾਂ ਦੀਆਂ ਦੁਕਾਨਾਂ, ਫਸਲਾਂ ਲਈ ਵਰਤੀ ਜਾਣ ਵਾਲੀ ਜਿੰਕ ਬਣਾਉਣ ਵਾਲੀਆਂ ਫੈਕਟਰੀਆਂ , ਗਡਾਉਨਾਂ ਅਤੇ ਰੈਡੀਕਲ ਕਰਾਪ ਸਾਇੰਸ ਆਦਿ *ਤੇ ਚੈਕਿੰਗ ਕੀਤੀ ਅਤੇ ਸੈਂਪਲ ਵੀ ਭਰੇ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਤਰਾਂ ਦੀ ਚੈਕਿੰਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਖਾਦਾਂ, ਸਪਰੇਆਂ ਤੇ ਦਵਾਈਆਂ ਦੀ ਵਿਕਰੀ ਕਰਨੀ ਯਕੀਨੀ ਬਣਾਈ ਜਾਵੇ। ਉਨਾਂ ਇਹ ਵੀ ਹਦਾਇਤ ਕੀਤੀ ਕਿ ਜੇਕਰ ਖਾਦ ਵਿਕਰੇਤਾ ਪਾਸ ਯੂਰੀਆ ਖਾਦ ਮੌਜੂਦ ਹੈ ਤਾਂ ਕਿਸੇ ਕਿਸਾਨ ਨੂੰ ਖਾਦ ਦੇਣ ਤੋ ਇਨਕਾਰ ਨਾ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਕੋਲ ਕਿਸੇ ਵੀ ਖਾਦ ਵਿਕਰੇਤਾ ਦੀ ਸਿ਼ਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਸ਼੍ਰੀ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਲ੍ਹੇ ਅੰਦਰ ਯੂਰੀਆਂ ਖਾਦ ਲੋੜੀਂਦੀ ਮਾਤਰਾ ਵਿਚ ਉਪਲਬਧ ਹੈ। ਉਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਯੂਰੀਆਂ ਖਾਦ ਪ੍ਰਾਈਵੇਟ ਡੀਲਰਾਂ, ਇਫਕੋ ਸੈਟਰਾਂ ਜ਼ਾਂ ਸਹਿਕਾਰੀ ਸਭਾਵਾਂ ਤੋ ਖਰੀਦ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਵੀਰ ਨੂੰ ਕੋਈ ਮੁਸ਼ਕਿਲ ਪੇਸ਼ ਆਉਦੀ ਹੈ ਤਾਂ ਸਬੰਧਤ ਬਲਾਕ ਖੇਤੀਬਾੜੀ ਅਫਸਰ ਜਾਂ ਜਿਲ੍ਹੇ ਦੇ ਮੁੱਖ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਦਿਨੇਸ਼ ਕੁਮਾਰ ਅਤੇ ਸਹਾਇਕ ਪੌਦਾ ਅਫਸਰ ਸੁੰਦਰ ਲਾਲ ਆਦਿ ਮੌਜੂਦ ਸਨ।



- October 15, 2025