ਫਿਰੋਜ਼ਪੁਰ ਪੁਲਿਸ ਨੇ ਲਾਪਤਾ ਹੋਈਆਂ 3 ਨਾਬਾਲਿਗ ਕੁੜੀਆਂ ਨੂੰ 48 ਘੰਟਿਆਂ ਚ ਕੀਤਾ ਟਰੇਸ
- 137 Views
- kakkar.news
- January 24, 2024
- Crime Punjab
ਫਿਰੋਜ਼ਪੁਰ ਪੁਲਿਸ ਨੇ ਲਾਪਤਾ ਹੋਈਆਂ 3 ਨਾਬਾਲਿਗ ਕੁੜੀਆਂ ਨੂੰ 48 ਘੰਟਿਆਂ ਚ ਕੀਤਾ ਟਰੇਸ
ਫਿਰੋਜ਼ਪੁਰ: 24 ਜਨਵਰੀ 2024 (ਅਨੁਜ ਕੱਕੜ ਟੀਨੂੰ)
ਜਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋ ਜਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁਰਜੋਰ ਯਤਨ ਕੀਤੇ ਜਾਂਦੇ ਹਨ। ਜਿਸ ਦੇ ਤਹਿਤ 03 ਨਾਬਾਲਗ ਲੜਕੀਆ ਜੋ ਮਿਤੀ 20-01-2024 ਨੂੰ ਲਾਪਤਾ ਹੋ ਗਈਆ ਸੀ। ਜਿਨ੍ਹਾਂ ਨੂੰ ਸਹੀ ਸਲਾਮਤ ਬਰਾਮਦ ਕੀਤਾ ਗਿਆ।
ਸ੍ਰੀ ਵਿਵੇਕਸ਼ੀਲ ਸੋਨੀ, ਆਈ.ਪੀ.ਐੱਸ, ਸੀਨੀਅਰ ਕਪਤਾਨ ਪੁਲਿਸ,ਫਿਰੋਜਪੁਰ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਸੰਬਧੀ ਜਿਲ੍ਹਾ ਪੁਲਿਸ ਦੁਆਰਾ ਜਿਲ੍ਹਾ ਦੇ ਸਮੂਹ ਗਜਟਿਡ ਅਧਿਕਾਰੀਆ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ, ਜੋ ਮੁਸ਼ਤੈਦੀ ਨਾਲ ਪੂਰੇ ਏਰੀਆ ਅੰਦਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ।
ਇਸ ਮੁਹਿੰਮ ਤਹਿਤ ਸ੍ਰੀ ਰਣਧੀਰ ਕੁਮਾਰ, ਆਈ.ਪੀ.ਐਸ, ਕਪਤਾਨ ਪੁਲਿਸ (ਇੰਨ:) ਫਿਰੋਜਪੁਰ ਅਤੇ ਸ੍ਰੀ ਬਲਕਾਰ ਸਿੰਘ, ਡੀ.ਐਸ.ਪੀ. (ਡੀ) ਦੀ ਨਿਗਰਾਨੀ ਹੇਠ ਜਿਲ੍ਹਾ ਪੁਲਿਸ ਵੱਲੋਂ ਵਿੱਢੀ ਗਈ ਸਪੈਸ਼ਲ ਮੁਹਿੰਮ ਤਹਿਤ ਜਿਲ੍ਹਾ ਪੁਲਿਸ ਫਿਰੋਜ਼ਪੁਰ ਨੂੰ ਘਨੌਰਾ ਪੁੱਤਰ ਮਦਨ ਵਾਸੀ ਸੋਕੜ ਨਹਿਰ (ਗੋਲ ਬਾਗ) ਵੱਲੋਂ ਤਿੰਨ ਨਾਬਾਲਗ ਲੜਕੀਆ ਦੇ ਲਾਪਤਾ ਹੋਣ ਸਬੰਧੀ ਸੂਚਨਾ ਦਿੱਤੀ ਗਈ ਕਿ ਇਹ ਤਿੰਨੇ ਲੜਕੀਆ ਮਿਤੀ 20-01- 2024 ਨੂੰ ਹਰ ਰੋਜ ਦੀ ਤਰਾ ਘਰੋ ਕਬਾੜ ਚੁਗਣ ਗਈਆ ਸੀ। ਜੋ ਦੇਰ ਰਾਤ ਤੱਕ ਘਰ ਵਾਪਿਸ ਨਹੀ ਆਈਆ। ਜਿਸ ਤੇ ਘਨੌਰਾ ਦੇ ਬਿਆਨ ਪਰ ਮੁਕੱਦਮਾ ਨੰ. 41 ਮਿਤੀ 22-01-2024 ਅ/ਧ 346 ਆਈ.ਪੀ.ਸੀ ਥਾਣਾ ਸਿਟੀ ਫਿਰੋਜ਼ਪੁਰ ਦਰਜ ਰਜਿਸਟਰ ਹੋਇਆ ਸੀ।
ਇੰਸਪੈਕਟਰ ਅਭਿਨਵ ਚੌਹਾਨ ਦੀ ਅਗਵਾਈ ਅਧੀਨ ਟੀਮ ਲੜਕੀਆ ਦੀ ਭਾਲ ਵਿੱਚ ਲੱਗੀ ਸੀ। ਜਿਸ ਤੇ ਤਿੰਨਾ ਲੜਕੀਆ ਦਾ ਇਸ਼ਤਿਹਾਰ ਸ਼ੇਰੇਗੋਗਾ ਜਾਰੀ ਕੀਤਾ ਗਿਆ ਸੀ ਅਤੇ ਜਿਸ ਤੇ ਲੜਕੀਆ ਦੇ ਲਾਪਤਾ ਹੋਣ ਸਬੰਧੀ ਜੀ.ਆਰ.ਪੀ ਸਮੇਤ ਹੋਰ ਸਟੇਟਾ ਦੀ ਪੁਲਿਸ ਨੂੰ ਵੀ ਇਤਲਾਹ ਦਿੱਤੀ ਗਈ ਸੀ।ਪੁਲਿਸ ਟੀਮ ਵੱਲੋਂ ਸੀ.ਸੀ.ਟੀ.ਵੀ ਕੈਮਰਿਆ ਰਾਹੀ ਚੈੱਕ ਕਰਨ ਤੇ ਸਾਹਮਣੇ ਆਇਆ ਕਿ ਤਿੰਨੇ ਲੜਕੀਆ ਰੇਲਵੇ ਸਟੇਸ਼ਨ ਫਿਰੋਜ਼ਪੁਰ ਕੈਂਟ ਤੱਕ ਆਈਆ ਹਨ। ਤਿੰਨੇ ਲੜਕੀਆ ਦੀਆ ਰਿਸ਼ਤੇਦਾਰੀਆ ਵਿੱਚ ਵੀ ਫੋਨ ਕਰਵਾਏ ਗਏ। ਘਨੌਰਾ ਨੂੰ ਅੱਜ ਮਿਤੀ 24-01-2024 ਨੂੰ ਹਬੀਜੀ ਵਾਸੀ ਖਿਰਦੇ ਜਿਲ੍ਹਾ ਕਿਸ਼ਨਗੰਜ ਬਿਹਾਰ ਦਾ ਫੋਨ ਆਇਆ ਕਿ ਤਿੰਨੇ ਲੜਕੀਆ ਉਨ੍ਹਾ ਕੋਲ ਬੈਂਗਲੋਰ ਕਰਨਾਟਕਾ ਪਹੁੰਚ ਗਈਆ ਹਨ। ਜਿਸ ਨੇ ਦੱਸਿਆ ਕਿ ਘਨੋਰਾ ਸਾਲ 2022 ਵਿੱਚ ਬੈਂਗਲੋਰ ਕਰਨਾਟਕਾ ਵਿਖੇ ਕਰੀਬ 06 ਮਹੀਨੇ ਕੰਮ ਕਰਕੇ ਆਏ ਸੀ। ਜਿਸ ਕਰਕੇ ਘਨੌਰਾ ਦੀ ਲੜਕੀ ਨੂੰ ਫਿਰੋਜ਼ਪੁਰ ਤੋਂ ਬੈਂਗਲੋਰ ਦਾ ਰਸਤਾ ਪਤਾ ਸੀ ਜੋ ਆਪਣੇ ਨਾਲ ਦੋਵਾਂ ਲੜਕੀਆ ਨੂੰ ਨਾਲ ਲੈ ਕੇ ਪੰਜਾਬ ਮੇਲ ਟਰੇਨ ਰਾਹੀ ਦਿੱਲੀ ਹੁੰਦੇ ਹੋਏ ਬੈਂਗਲੋਰ ਪਹੁੰਚ ਗਈ। ਜੋ ਤਿੰਨੇ ਲੜਕੀਆ ਬੈਂਗਲੋਰ ਕਰਨਾਟਕਾ ਵਿਖੇ ਸਹੀ ਸਲਾਮਤ ਹਨ।


