ਗ੍ਰਾਮ ਰੁਜ਼ਗਾਰ ਸੇਵਕ ਦੀ ਲਾਸ਼ ਮਿਲੀ ਸ਼ੱਕੀ ਹਾਲਾਤਾਂ ਵਿੱਚ ,ਹੱਤਿਆ ਦੀ ਆਸ਼ੰਕਾ
- 142 Views
- kakkar.news
- January 14, 2025
- Crime Punjab
ਗ੍ਰਾਮ ਰੁਜ਼ਗਾਰ ਸੇਵਕ ਦੀ ਲਾਸ਼ ਮਿਲੀ ਸ਼ੱਕੀ ਹਾਲਾਤਾਂ ਵਿੱਚ ,ਹੱਤਿਆ ਦੀ ਆਸ਼ੰਕਾ
ਫਿਰੋਜ਼ਪੁਰ 14 ਜਨਵਰੀ 2025 (ਅਨੁਜ ਕੱਕੜ ਟੀਨੂ)
ਫਿਰੋਜ਼ਪੁਰ ਤੋਂ ਦਿਲ ਦਹਲਾ ਦੇਣ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਇੱਥੇ ਦਫ਼ਤਰ ਜਾਣ ਤੋਂ ਬਾਅਦ 4 ਦਿਨਾਂ ਤੋਂ ਘਰ ਵਾਪਸ ਨਾ ਆਏ ਇੱਕ ਗ੍ਰਾਮ ਰੋਜ਼ਗਾਰ ਸੇਵਕ ਦੇ ਪਰਿਵਾਰਕ ਮੈਂਬਰ, ਜਦੋਂ ਉਸਦੀ ਗੁੰਮਸ਼ੁਦੀ ਦੀ ਰਿਪੋਰਟ ਦਰਜ ਕਰਨ ਲਈ ਪੁੱਜੇ, ਤਾਂ ਉਹਨਾਂ ਦੇ ਹੋਸ਼ ਉੱਡ ਗਏ। ਅਸਲ ਵਿੱਚ, ਭਾਵੇਂ ਕੋਈ ਵੀ ਕਿੰਨਾ ਵੀ ਹਿੰਮਤੀ ਹੋਵੇ, ਜਦੋਂ ਆਪਣੇ ਕਿਸੇ ਨੇੜਲੇ ਦੀ ਲਾਸ਼ ਸਾਹਮਣੇ ਆਉਂਦੀ ਹੈ, ਤਾਂ ਉਹ ਅੰਦਰੋਂ ਹਿਲ ਜਾਂਦਾ ਹੈ। ਇਨ੍ਹਾਂ ਦੇ ਨਾਲ ਵੀ ਕੁਝ ਅਜਿਹਾ ਹੀ ਹੋਇਆ, ਜਦੋਂ ਪੁਲਿਸ ਨੇ ਉਹਨਾਂ ਨੂੰ ਗ੍ਰਾਮ ਸੇਵਕ ਦੀ ਲਾਸ਼ ਦਿਖਾ ਕੇ ਪਛਾਣ ਕਰਨ ਲਈ ਕਿਹਾ।
ਮ੍ਰਿਤਕ ਦੀ ਪਹਿਚਾਣ ਬੀਡੀਪੀਓ ਦਫ਼ਤਰ ਵਿੱਚ ਗ੍ਰਾਮ ਰੋਜ਼ਗਾਰ ਸੇਵਕ ਵਜੋਂ ਕੰਮ ਕਰਦੇ ਫਿਰੋਜ਼ਪੁਰ ਸਿਟੀ ਦੇ ਭਗਤ ਸਿੰਘ ਨਗਰ ਦੇ ਨਿਵਾਸੀ ਪ੍ਰਦੀਪ ਦੇ ਤੌਰ ਤੇ ਹੋਈ ਹੈ। ਉਸਦੀ ਮੌਤ ਦੀ ਘਟਨਾ ਬਾਰੇ ਉਸਦੇ ਚਚੇਰੇ ਭਰਾ ਮਨੀਸ਼ ਕੁਮਾਰ ਨੇ ਦੱਸਿਆ ਕਿ ਪ੍ਰਦੀਪ 10 ਜਨਵਰੀ ਨੂੰ ਸਵੇਰੇ ਆਪਣੀ ਡਿਊਟੀ ਤੇ ਮੋਟਰਸਾਈਕਲ ਤੇ ਗਿਆ ਸੀ ਜੋ ਕਿ ਰਾਤ ਤੱਕ ਘਰ ਵਾਪਸ ਨਹੀਂ ਆਇਆ ,ਮਨੀਸ਼ ਨੇ ਦੱਸਿਆ ਉਹਨਾਂ ਪ੍ਰਦੀਪ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ,ਪਰ ਪ੍ਰਦੀਪ ਦੇ ਨਾ ਮਿਲਣ ਦੀ ਸੂਰਤ ਵਿੱਚ ਉਹਨਾਂ ਪੁਲਿਸ ਰਿਪੋਰਟ ਕਰਵਾਣ ਦਾ ਫੈਸਲਾ ਲਿਆ ।ਮਨੀਸ਼ ਨੇ ਦੱਸਿਆ ਕਿ ਜਦੋਂ ਉਹ ਅਤੇ ਪਰਿਵਾਰਿਕ ਮੈਂਬਰ ਥਾਣੇ ਪਹੁੰਚੇ ਤਾਂ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਇੱਕ ਲਾਸ਼ ਦੀ ਸ਼ਨਾਖਤ ਕਰਨ ਲਈ ਕਿਹਾ। ਜਦ ਉਹਨਾਂ ਲਾਸ਼ ਦੇਖੀ ਤਾਂ ਲਾਸ਼ ਦੇਖ ਕੇ ਉਹਨਾਂ ਦੇ ਹੋਸ਼ ਉੱਡ ਗਏ ਕਿਉਂਕਿ ਲਾਸ਼ ਪ੍ਰਦੀਪ ਦੀ ਹੀ ਸੀ ਜਿਸ ਦੇ ਸਰੀਰ ਤੇ ਸੱਟ ਦੇ ਨਿਸ਼ਾਨ ਸਨ।
ਮਨੀਸ਼ ਦੇ ਅਨੁਸਾਰ, ਪੁਲਿਸ ਨੇ ਦੱਸਿਆ ਕਿ ਪ੍ਰਦੀਪ ਦੀ ਲਾਸ਼ ਪੁਲਿਸ ਨੂੰ ਸਰਹੱਦੀ ਪਿੰਡ ਅਲੀ ਕੇ ਦੇ ਨੇੜੋਂ ਗੁਜ਼ਰਨ ਵਾਲੀ ਕੱਚੀ ਨਹਿਰ ਦੇ ਬੰਨ੍ਹ ਤੋਂ ਕੁਝ ਦੂਰੀ ‘ਤੇ ਸ਼ੱਕੀ ਹਾਲਾਤਾਂ ਵਿੱਚ ਮਿਲੀ ਹੈ। ਇਸਦੇ ਨਾਲ ਹੀ ਮਨੀਸ਼ ਨੇ ਸ਼ੱਕ ਜਤਾਇਆ ਕਿ ਉਸਦੇ ਭਰਾ ਦੀ ਹੱਤਿਆ ਕਰਕੇ ਲਾਸ਼ ਨੂੰ ਉੱਥੇ ਸੁੱਟਿਆ ਗਿਆ ਹੈ। ਇਹ ਕੰਮ ਕਿਸੇ ਇੱਕ ਵਿਅਕਤੀ ਦਾ ਨਹੀਂ ਲੱਗਦਾ। ਘਟਨਾ ਵਿੱਚ ਘੱਟੋ-ਘੱਟ ਤਿੰਨ-ਚਾਰ ਲੋਕ ਸ਼ਾਮਲ ਹੋ ਸਕਦੇ ਹਨ।
ਦੂਜੇ ਪਾਸੇ, ਫਿਰੋਜ਼ਪੁਰ ਸਦਰ ਥਾਣੇ ਦੇ ਸਬ ਇੰਸਪੈਕਟਰ ਤਰਸੇਮ ਸ਼ਰਮਾ ਨੇ ਕਿਹਾ ਕਿ ਪੁਲਿਸ ਫਿਲਹਾਲ ਲਾਸ਼ ਦਾ ਪੋਸਟਮਾਰਟਮ ਕਰਵਾ ਰਹੀ ਹੈ ਅਤੇ ਅਗਲੀ ਜਾਂਚ ਜਾਰੀ ਹੈ।


