ਸਾਬਕਾ ਵਿਧਾਇਕ ਰਮਿੰਦਰ ਆਵਲਾ ਸੜਕ ਹਾਦਸੇ ਚ੍ਹ ਮਰੇ ਵੇਟਰਾਂ ਦੇ ਪਰਿਵਾਰਾਂ ਦੀ ਮਦਦ ਲਈ ਆਏ ਅੱਗੇ
- 140 Views
- kakkar.news
- February 4, 2025
- Punjab
ਸਾਬਕਾ ਵਿਧਾਇਕ ਰਮਿੰਦਰ ਆਵਲਾ ਸੜਕ ਹਾਦਸੇ ਚ੍ਹ ਮਰੇ ਵੇਟਰਾਂ ਦੇ ਪਰਿਵਾਰਾਂ ਦੀ ਮਦਦ ਲਈ ਆਏ ਅੱਗੇ
ਫਿਰੋਜ਼ਪੁਰ, 4 ਫ਼ਰਵਰੀ 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ-ਫਾਜ਼ਿਲਕਾ ਹਾਈਵੇਅ ‘ਤੇ ਹੋਏ ਭਿਆਨਕ ਸੜਕ ਹਾਦਸੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਇਸ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 16 ਗੰਭੀਰ ਜ਼ਖ਼ਮੀ ਹੋ ਗਏ ਸਨ । ਪੰਜਾਬ ਸਰਕਾਰ ਵੱਲੋਂ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਵਿੱਤੀ ਮਦਦ ਦਾ ਐਲਾਨ ਵੀ ਕੀਤਾ ਗਿਆ ਹੈ।
ਇਸ ਮੌਕੇ ‘ਤੇ ਜਲਾਲਾਬਾਦ ਦੇ ਸਾਬਕਾ ਵਿਧਾਇਕ ਅਤੇ ਉੱਘੇ ਸਮਾਜ ਸੇਵੀ ਰਮਿੰਦਰ ਸਿੰਘ ਆਵਲਾ ਨੇ ਵੀ ਪੀੜਤ ਪਰਿਵਾਰਾਂ ਦੀ ਮਦਦ ਲਈ ਹੱਥ ਵਧਾਇਆ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਮਦਦ ਦਿੰਦੇ ਹੋਏ ਕਿਹਾ ਕਿ ਉਹ ਹਰ ਸੰਭਵ ਮਦਦ ਲਈ ਹਮੇਸ਼ਾ ਤਿਆਰ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਜੇਕਰ ਕਿਸੇ ਪਰਿਵਾਰ ਦੇ ਬੱਚਿਆਂ ਨੂੰ ਨੌਕਰੀ ਦੀ ਲੋੜ ਹੋਵੇਗੀ, ਤਾਂ ਉਹ ਨੌਕਰੀ ਵੀ ਪ੍ਰਦਾਨ ਕਰਨਗੇ।
ਪਰਿਵਾਰਾਂ ਦੀ ਦਿਲ ਕਮਭਾਉਣ ਵਾਲੀ ਹਾਲਤ
ਮ੍ਰਿਤਕ ਸੁਖਵਿੰਦਰ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ, ਜੋ ਆਪਣੇ ਘਰ ਦਾ ਇਕੱਲਾ ਕਮਾਣ ਵਾਲਾ ਸੀ। ਉਸ ਦੀ ਮੌਤ ਨਾਲ ਪਰਿਵਾਰ ਦੀ ਮਾਲੀ ਹਾਲਤ ਬਹੁਤ ਹੀ ਨਾਜ਼ੁਕ ਹੋ ਚੁੱਕੀ ਹੈ। ਪਰਿਵਾਰ ਨੇ ਚਿੰਤਾ ਜ਼ਾਹਰ ਕੀਤੀ ਕਿ ਹੁਣ ਉਨ੍ਹਾਂ ਦੇ ਬੱਚਿਆਂ ਦੀ ਪਰਵਰਿਸ਼ ਅਤੇ ਗੁਜਾਰਾ ਕਿਵੇਂ ਹੋਵੇਗਾ।
ਮ੍ਰਿਤਕ ਗੋਬਿੰਦੇ ਦੇ ਘਰ ਵਿੱਚ ਹਾਲਾਤ ਹੋਰ ਵੀ ਖ਼ਰਾਬ ਹਨ। ਉਸ ਦੀ ਪਤਨੀ ਪਹਿਲਾਂ ਹੀ ਨਹੀਂ ਸੀ, ਹੁਣ ਤਿੰਨ ਨਿੱਕੇ ਬੱਚਿਆਂ ਦੇ ਸਿਰ ਤੋਂ ਪਿਉ ਦਾ ਸਾਇਆ ਵੀ ਉੱਠ ਗਿਆ। ਉਨ੍ਹਾਂ ਦੇ ਬੁੱਢੇ ਮਾਪਿਆਂ ‘ਤੇ ਇਹ ਭਾਰ ਆ ਗਿਆ, ਜੋ ਖੁਦ ਵੀ ਸਹਾਰੇ ਦੇ ਮੁਤਾਜ਼ ਹਨ। ਪਰਿਵਾਰ ਨੇ ਸਰਕਾਰ ਕੋਲ ਮਾਲੀ ਸਹਾਇਤਾ ਦੀ ਮੰਗ ਕੀਤੀ ਹੈ ਤਾਂ ਕਿ ਬੱਚਿਆਂ ਦੀ ਪਰਵਰਿਸ਼ ਹੋ ਸਕੇ।
ਸਮਾਜ ਸੇਵਾ ਵਿੱਚ ਹਮੇਸ਼ਾ ਅੱਗੇ ਰਹਿੰਦੇ ਆਵਲਾ
ਸਾਬਕਾ ਵਿਧਾਇਕ ਰਮਿੰਦਰ ਆਵਲਾ ਨੇ ਦੁਖੀ ਪਰਿਵਾਰਾਂ ਦੀਆਂ ਹੌਂਸਲਾ ਅਫ਼ਜ਼ਾਈ ਕਰਦੇ ਹੋਏ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੀ ਮਦਦ ਲਈ ਤਿਆਰ ਹਨ। ਉਨ੍ਹਾਂ ਆਖਿਆ ਕਿ ਜੇਕਰ ਪੀੜਤ ਪਰਿਵਾਰਾਂ ਨੂੰ ਹੋਰ ਵੀ ਕਿਸੇ ਤਰ੍ਹਾਂ ਦੀ ਲੋੜ ਹੋਈ, ਤਾਂ ਉਹ ਹਰ ਸੰਭਵ ਮਦਦ ਕਰਨਗੇ।
ਇਸ ਹਾਦਸੇ ਨੇ ਸਮਾਜ ਅਤੇ ਪ੍ਰਸ਼ਾਸਨ ਨੂੰ ਵੀ ਸੜਕ ਸੁਰੱਖਿਆ ਦੀਆਂ ਗੰਭੀਰ ਗ਼ਲਤੀਆਂ ਵੱਲ ਧਿਆਨ ਦੇਣ ਲਈ ਮਜਬੂਰ ਕਰ ਦਿੱਤਾ ਹੈ।


