ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਦੇ ਲਿਖਤੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ
- 22 Views
- kakkar.news
- October 14, 2025
- Punjab
ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਦੇ ਲਿਖਤੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ
ਫ਼ਿਰੋਜ਼ਪੁਰ, 14 ਅਕਤੂਬਰ 2025 (ਅਨੁਜ ਕੱਕੜ ਟੀਨੂੰ)
ਮਾਣਯੋਗ ਮੰਤਰੀ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸ. ਜਸਵੰਤ ਸਿੰਘ ਜਫ਼ਰ ਦੇ ਨਿਰਦੇਸ਼ਾਂ ਤਹਿਤ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਵੱਲੋਂ ਵਿਵੇਕਾਨੰਦ ਵਰਲਡ ਪਬਲਿਕ ਸਕੂਲ ਫ਼ਿਰੋਜ਼ਪੁਰ ਵਿਖੇ ਜ਼ਿਲ੍ਹੇ ਦੇ ਸਮੂਹ ਸਰਕਾਰੀ,ਅਰਧ ਸਰਕਾਰੀ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਦੇ ਲਿਖਤੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ।
ਇਸ ਮੌਕੇ ‘ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਵੱਲੋਂ ਮੁਕਾਬਲਿਆਂ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਵਿਦਿਆਰਥੀਆਂ , ਅਧਿਆਪਕਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਕਿਹਾ ਗਿਆ ਕਿ ਵਿਦਿਆਰਥੀਆਂ ਨੂੰ ਇਹਨਾਂ ਮੁਕਾਬਲਿਆਂ ਲਈ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੁਆਰਾ ਤਿਆਰੀ ਕਰਵਾ ਕੇ ਭੇਜਣਾ ਸਲਾਹੁਣਯੋਗ ਕਦਮ ਹੈ। ਵਰਤਮਾਨ ਯੁੱਗ ਮੁਕਾਬਲੇ ਦਾ ਹੈ ਜਿਸ ਵਿੱਚ ਤੁਹਾਨੂੰ ਕੋਈ ਵੱਡੀ ਪ੍ਰਾਪਤੀ ਕਰਨ ਲਈ ਸਖ਼ਤ ਮੁਕਾਬਲੇ ਦੀ ਪ੍ਰੀਖਿਆ ਵਿੱਚੋਂ ਗੁਜ਼ਰਣਾ ਪੈਂਦਾ ਹੈ । ਇਸ ਲਈ ਭਾਸ਼ਾ ਵਿਭਾਗ, ਪੰਜਾਬ ਦਾ ਮੂਲ ਉਦੇਸ਼ ਹੀ ਇਹੀ ਹੈ ਕਿ ਸਾਡੇ ਵਿਦਿਆਰਥੀਆਂ ਨੂੰ ਇਹਨਾਂ ਮੁਕਾਬਲਿਆਂ ਦਾ ਹਾਣੀ ਬਣਾਇਆ ਜਾਵੇ। ਇਸ ਤੋਂ ਇਲਾਵਾ ਭਾਸ਼ਾ ਵਿਭਾਗ, ਪੰਜਾਬ ਵੱਲੋਂ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਹਿਤ ਅਨੇਕ ਪ੍ਰੋਗਰਾਮ ਉਲੀਕੇ ਜਾ ਰਹੇ ਇਸੇ ਲੜੀ ਤਹਿਤ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਵਿੱਚ ਰੁਚੀ ਪ੍ਰਫ਼ੁੱਲਿਤ ਕਰਨ ਦੇ ਮਕਸਦ ਨਾਲ ਸਿਰਜਣਾਤਮਕ ਅਤੇ ਸੁਹਜਾਤਮਿਕ ਬਿਰਤੀਆਂ ਪ੍ਰਫੁੱਲਿਤ ਕਰਨ ਹਿੱਤ ਇਹ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਜਾਂਦੇ ਹਨ। ਇਹ ਮੁਕਾਬਲੇ ਲਿਖਤੀ ਕਰਵਾਏ ਗਏ ਹਨ ਅਤੇ ਇਹਨਾਂ ਲਈ ਇੱਕ ਘੰਟਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ। ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ, ਸਾਹਿਤ, ਧਰਮ, ਸ਼ਖਸੀਅਤਾਂ, ਸੱਭਿਆਚਾਰ, ਇਤਿਹਾਸ ਅਤੇ ਭੂਗੋਲ ਨਾਲ ਸਬੰਧਿਤ ਕੁੱਲ 100 ਪ੍ਰਸ਼ਨ ਪੁੱਛੇ ਗਏ ਤੇ ਪ੍ਰਸ਼ਨ ਪੱਤਰ ਦੇ ਕੁੱਲ ਅੰਕ 400 ਸਨ।
ਇਹਨਾਂ ਮੁਕਾਬਲਿਆਂ ਦੇ ਨਤੀਜਿਆਂ ਵਿੱਚ ਮਿਡਲ ਸ਼੍ਰੈਣੀਆਂ ਦੇ ਵਰਗ ‘ੳ’ ਵਿੱਚ ਪਹਿਲਾ ਸਥਾਨ ਜਸਦੀਪ ਕੌਰ (ਸ.ਹ.ਸ. ਮਨਸੂਰਦੇਵਾ) , ਦੂਜਾ ਸਥਾਨ ਹਰਸਿਮਰਨ ਕੌਰ (ਸ.ਹ.ਸ. ਵਾੜਾ ਭਾਈ ) ਅਤੇ ਤੀਜਾ ਸਥਾਨ ਸ਼ਰਨਦੀਪ ਕੌਰ (ਗੁਰੂ ਨਾਨਕ ਪਬਲਿਕ ਸ.ਸ.ਸ. ਸ਼ਕੂਰ) ਨੇ ਪ੍ਰਾਪਤ ਕੀਤਾ । ਸੈਕੰਡਰੀ ਜਮਾਤਾਂ ਦੇ ਵਰਗ ‘ਅ’ ਵਿੱਚੋਂ ਪਹਿਲਾਂ ਸਥਾਨ ਗੁਰਵਿੰਦਰ ਸਿੰਘ (ਸ.ਹ.ਸ. ਵਾੜਾ ਭਾਈ), ਦੂਜਾ ਸਥਾਨ ਜਸ਼ਨਦੀਪ ਸਿੰਘ (ਸ.ਹ.ਸ. ਵਾੜਾ ਭਾਈ) ਅਤੇ ਤੀਜਾ ਸਥਾਨ ਗੁਰਮਹਿਰ ਸਿੰਘ (ਗੁਰੂ ਨਾਨਕ ਪਬਲਿਕ ਸ.ਸ.ਸ. ਸ਼ਕੂਰ) ਨੇ ਪ੍ਰਾਪਤ ਕੀਤਾ । ਇਸੇ ਪ੍ਰਕਾਰ ਗ੍ਰੈਜੂਏਸ਼ਨ ਜਮਾਤਾਂ ਦੇ ਵਰਗ ‘ੲ’ ਵਿੱਚ ਪਹਿਲਾਂ ਸਥਾਨ ਯੂਵਨੀਤ (ਡੀ.ਏ.ਵੀ ਕਾਲਜ ਫ਼ਾਰ ਵਿਮੈੱਨ, ਫ਼ਿਰੋਜ਼ਪੁਰ), ਦੂਜਾ ਸਥਾਨ ਰਮਨਦੀਪ ਕੌਰ (ਡੀ.ਏ.ਵੀ ਕਾਲਜ ਫ਼ਾਰ ਵਿਮੈੱਨ, ਫ਼ਿਰੋਜ਼ਪੁਰ) ਅਤੇ ਤੀਜਾ ਸਥਾਨ ਕੋਮਲਜੋਤ ਕੌਰ (ਪੰਜਾਬ ਯੂਨੀਵਰਸਿਟੀ ਕਾਂਸਟੀਚਿਉਂਟ ਕਾਲਜ, ਮੋਹਕਮ ਖਾਂ ਵਾਲਾ) ਨੇ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਨਕਦ ਰਾਸ਼ੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ । ਵੱਖ-ਵੱਖ ਵਰਗਾਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਰਾਜ ਪੱਧਰੀ ਪ੍ਰਸ਼ਨੋਤਰਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਿਰੋਜ਼ਪੁਰ ਅਤੇ ਡੌਲੀ ਭਾਸਕਰ ਵਿੱਤ ਸਕੱਤਰ, ਸਕੂਲ ਮੈਨੇਜ਼ਮੈਂਟ ਕਮੇਟੀ ਵਿਵੇਕਾਨੰਦ ਵਰਲਡ ਸਕੂਲ, ਫ਼ਿਰੋਜ਼ਪੁਰ ਨੇ ਨਿਭਾਈ।
ਇਸ ਮੌਕੇ ਸਕੂਲ ਚੇਅਰਮੈਨ ਵਿਵੇਕਾਨੰਦ ਵਰਲਡ ਸਕੂਲ, ਫ਼ਿਰੋਜ਼ਪੁਰ ਡਾ. ਗੌਰਵ ਸਾਗਰ ਭਾਸਕਰ ਨੇ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਕਿਹਾ ਕਿ ਇਹਨਾਂ ਮੁਕਾਬਲਿਆਂ ਨੂੰ ਆਯੋਜਿਤ ਕਰਨ ਲਈ ਇਸ ਸਕੂਲ ਦੀ ਚੋਣ ਸਾਡੇ ਲਈ ਮਾਣ ਭਰਿਆ ਸਬੱਬ ਹੈ। ਇਹਨਾਂ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਮਿਸ ਸ਼ਿਪਰਾ ਨੇ ਬਤੌਰ ਕੋਆਰਡੀਨੇਟਰ ਸ਼ਲਾਘਾਯੋਗ ਭੂਮਿਕਾ ਨਿਭਾਈ ਅਤੇ ਇਹ ਮੁਕਾਬਲੇ ਮਿਸ. ਮਹਿਮਾ, ਸ਼੍ਰੀ ਗੁਰਸ਼ਰਨ ਸਿੰਘ, ਮਿਸ ਦੀਪਾ ਮਸੀਹ, ਸੁਖਵਿੰਦਰ ਸਿੰਘ, ਮਿਸ ਨਾਗਪਾਲ ਤੌਂ ਇਲਾਵਾ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਦੇ ਸਟਾਫ਼ ਸ਼੍ਰੀ ਚੇਤਨ ਕੁਮਾਰ ਕਲਰਕ, ਸ਼੍ਰੀ ਰਵੀ ਕੁਮਾਰ ਅਤੇ ਸ਼੍ਰੀ ਦੀਪਕ ਕੁਮਾਰ ਦੇ ਸਹਿਯੋਗ ਨਾਲ ਸ਼ਾਨਦਾਰ ਢੰਗ ਨਾਲ ਕਰਵਾਏ ਗਏ।