ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ’ਤੇ ਟਰਾਂਸਵਰ ਕੀਤੀ ਜਾਵੇਗੀ ਮੁਆਵਜ਼ਾ ਰਾਸ਼ੀ :- ਖੁਡੀਆਂ
- 18 Views
- kakkar.news
- October 15, 2025
- Punjab
ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ’ਤੇ ਟਰਾਂਸਵਰ ਕੀਤੀ ਜਾਵੇਗੀ ਮੁਆਵਜ਼ਾ ਰਾਸ਼ੀ :- ਖੁਡੀਆਂ
ਫਿਰੋਜ਼ਪੁਰ, 15 ਅਕਤੂਬਰ 2025 (ਅਨੁਜ ਕੱਕੜ ਟੀਨੂੰ)
ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ ਅਤੇ ਮੱਛੀ ਪਾਲਣ ਤੇ ਫੂਡ ਪ੍ਰੋਸੈਸਿੰਗ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਨੇ ਪਿੰਡ ਨਿਹਾਲਾ ਲਵੇਰਾ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਪਿੰਡ ਨਿਹਾਲਾ ਲਵੇਰਾ ਦੇ 254 ਕਿਸਾਨਾਂ ਨੂੰ 99.20 ਲੱਖ ਰੁਪਏ ਅਤੇ ਪਿੰਡ ਕਾਮਲ ਵਾਲਾ ਦੇ 37 ਕਿਸਾਨਾਂ ਨੂੰ 6.60 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਵੰਡੇ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਦੀਪਸਿਖਾ ਸ਼ਰਮਾ, ਐਸਐਸਪੀ ਭੁਪਿੰਦਰ ਸਿੰਘ ਸਿੱਧੂ ਅਤੇ ਐਸਡੀਐਮ ਹਰਬੰਸ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਸਮਾਗਮ ਦੀ ਸ਼ੁਰੂਆਤ ਤੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਹਲਕੇ ਵਿਖੇ ਪਹੁੰਚਣ ’ਤੇ ਮੁੱਖ ਮਹਿਮਾਨ ਅਤੇ ਸਮੂਹ ਪਿੰਡ ਵਾਸੀਆਂ ਦਾ ਸਵਾਗਤ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇਸ ਉਪਰਾਲੇ ਲਈ ਧੰਨਵਾਦ ਵੀ ਕੀਤਾ।
ਇਸ ਦੌਰਾਨ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਸ ਔਖੀ ਘੜੀ ਦੇ ਵਿੱਚ ਪੰਜਾਬ ਸਰਕਾਰ ਕਿਸਾਨ ਭਰਾਵਾਂ ਦੇ ਨਾਲ ਖੜ੍ਹੀ ਹੈ ਜਦੋਂ ਕਿਸਾਨਾਂ ਦੀ ਫ਼ਸਲ ਪੱਕਣ ਤੇ ਆਉਂਦੀ ਹੈ ਤਾਂ ਉਨ੍ਹਾਂ ਨੂੰ ਉਮੀਦ ਹੁੰਦੀ ਹੈ ਕਿ ਇਸ ਵਾਰ ਘਰਾਂ ਦੇ ਵਿੱਚ ਹੋਣ ਵਾਲੇ ਕੰਮ ਆਸਾਨੀ ਨਾਲ ਹੋ ਜਾਣਗੇ, ਪਰੰਤੂ ਹੜ੍ਹ ਵਰਗੇ ਹਾਲਾਤ ਜਦੋਂ ਬਣ ਜਾਂਦੇ ਹਨ ਤਾਂ ਕਿਸਾਨਾਂ ਲਈ ਬਹੁਤ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਅਜਿਹੇ ਸਮੇਂ ਦੇ ਵਿੱਚ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਆਪਣਾ ਰੋਲ ਨਿਭੁਉਂਦੀਆਂ ਹਨ। ਜੋ ਕਿ ਸਾਰਿਆਂ ਨੇ ਵੇਖਿਆ ਹੀ ਹੈ ਕਿ ਸਰਕਾਰ ਦੇ ਸਹਿਯੋਗ ਦੇ ਨਾਲ ਹਰੇਕ ਵਰਗ ਨੇ ਕਿਸਾਨਾਂ ਦੀ ਬਾਂਹ ਫੜੀ ਹੈ। ਸਰਕਾਰ ਦੀ ਇਹੀ ਕੋਸ਼ਿਸ਼ ਸੀ ਕਿ ਪੀੜਤ ਕਿਸਾਨਾਂ ਨੂੰ ਛੇਤੀਂ ਤੋਂ ਛੇਤੀਂ ਮੁਆਵਜ਼ਾ ਦਿੱਤਾ ਜਾਵੇ। ਇਸੇ ਤਹਿਤ ਅੱਜ ਹੜ੍ਹ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਵੰਡੇ ਗਏ ਹਨ ਜਿਸ ਦੀ ਰਾਸ਼ੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਸਿੱਧੇ ਤੌਰੇ ’ਤੇ ਤਬਦੀਲ ਕੀਤੀ ਜਾਵੇਗੀ।
ਇਸ ਮੌਕੇ ’ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਪਿੰਡਾਂ ਦੇ ਸਰਪੰਚ/ਪੰਚ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਤੇ ਸਥਾਨਕ ਲੋਕ ਮੌਜੂਦ ਸਨ।



- October 15, 2025