ਫਿਰੋਜ਼ਪੁਰ ਪੁਲਿਸ ਵੱਲੋਂ 6 ਆਰੋਪੀ ਗ੍ਰਿਫਤਾਰ, ਨਾਜਾਇਜ਼ ਅਸਲਾ ਅਤੇ ਚੋਰੀ ਦੀ ਵਸਤੂਆਂ ਬਰਾਮਦ
- 245 Views
- kakkar.news
- February 10, 2025
- Crime Punjab
ਫਿਰੋਜ਼ਪੁਰ ਪੁਲਿਸ ਵੱਲੋਂ 6 ਆਰੋਪੀ ਗ੍ਰਿਫਤਾਰ, ਨਾਜਾਇਜ਼ ਅਸਲਾ ਅਤੇ ਚੋਰੀ ਦੀ ਵਸਤੂਆਂ ਬਰਾਮਦ
ਫਿਰੋਜ਼ਪੁਰ, 10 ਫਰਵਰੀ 2025 (ਅਨੁਜ ਕੱਕੜ ਟੀਨੂੰ) – ਫਿਰੋਜ਼ਪੁਰ ਪੁਲਿਸ ਨੇ ਲੁੱਟ, ਖੋਹਾਂ ਅਤੇ ਸਨੈਚਿੰਗ ਦੀਆਂ ਵਧ ਰਹੀਆਂ ਵਾਰਦਾਤਾਂ ਉਤੇ ਲਗਾਮ ਲਾਉਣ ਲਈ ਵੱਖ-ਵੱਖ ਥਾਵਾਂ ਤੇ ਕੀਤੀਆਂ ਕਾਰਵਾਈਆਂ ਦੌਰਾਨ 6 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀ ਦੌਰਾਨ ਪੁਲਿਸ ਨੇ ਨਾਜਾਇਜ਼ ਅਸਲਾ, ਜਿੰਦਾ ਰੋਂਦ, ਕਾਪੇ ਅਤੇ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ।
ਐੱਸ.ਐੱਸ.ਪੀ. ਫਿਰੋਜ਼ਪੁਰ ਸੋਮਿਆ ਮਿਸ਼ਰਾ ਨੇ ਦਿੱਤੀ ਜਾਣਕਾਰੀ
ਐੱਸ.ਐੱਸ.ਪੀ. ਫਿਰੋਜ਼ਪੁਰ, ਸੋਮਿਆ ਮਿਸ਼ਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੋ ਰਹੀਆਂ ਅਪਰਾਧਕ ਗਤੀਵਿਧੀਆਂ ‘ਤੇ ਰੋਕ ਲਗਾਉਣ ਲਈ ਪੁਲਿਸ ਵੱਲੋਂ ਗੰਭੀਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਤਹਿਤ, ਫਿਰੋਜ਼ਪੁਰ ਦੀ ਸੀ.ਆਈ.ਏ. ਟੀਮ, ਥਾਣਾ ਕੁਲਗੜੀ ਅਤੇ ਥਾਣਾ ਮੱਲਾਂਵਾਲਾ ਨੇ ਇਹ ਵੱਡੀ ਕਾਰਵਾਈ ਕੀਤੀ।
ਸੀ.ਆਈ.ਏ. ਟੀਮ ਵੱਲੋਂ ਦੋ ਸਨੈਚਰ ਗ੍ਰਿਫਤਾਰ
ਸੀ.ਆਈ.ਏ. ਟੀਮ ਨੇ ਇੱਕ ਮਾਮਲੇ ‘ਚ ਦੋ ਸਨੈਚਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਚੋਰੀ ਦੇ 4 ਮੋਟਰਸਾਈਕਲ, 1 ਨਾਜਾਇਜ਼ .30 ਬੋਰ ਪਿਸਟਲ (ਇੱਕ ਜਿੰਦਾ ਰੋਂਦ ਸਮੇਤ) ਅਤੇ 1 ਕਾਪਾ ਬਰਾਮਦ ਕੀਤਾ। ਉਨ੍ਹਾਂ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਥਾਣਾ ਕੁਲਗੜੀ ਅਤੇ ਮੱਲਾਂਵਾਲਾ ਵੱਲੋਂ ਵੀ ਵੱਡੀ ਕਾਰਵਾਈ
ਥਾਣਾ ਕੁਲਗੜੀ ਦੀ ਪੁਲਿਸ ਨੇ ਵੀ 2 ਹੋਰ ਸਨੈਚਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਤੋਂ ਪੁੱਛ-ਗਿੱਛ ਜਾਰੀ ਹੈ। ਦੂਜੀ ਪਾਸੇ, ਥਾਣਾ ਮੱਲਾਂਵਾਲਾ ਨੇ 2 ਚੋਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 1 ਚੋਰੀਸ਼ੁਦਾ ਮੋਟਰਸਾਈਕਲ ਅਤੇ 1 ਮੋਬਾਇਲ ਬਰਾਮਦ ਕੀਤਾ। ਉਨ੍ਹਾਂ ਵਿਰੁੱਧ ਵੀ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮੇ ਦਰਜ ਕੀਤੇ ਗਏ ਹਨ।
ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਲੈਣ ਦੀ ਪ੍ਰਕਿਰਿਆ ਜਾਰੀ
ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਮਾਨਯੋਗ ਅਦਾਲਤ ‘ਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਲਿਆ ਜਾ ਰਿਹਾ ਹੈ, ਤਾਂ ਜੋ ਹੋਰ ਤਫਤੀਸ਼ ਨੂੰ ਅੱਗੇ ਵਧਾਇਆ ਜਾ ਸਕੇ। ਪੁਲਿਸ ਵੱਲੋਂ ਇਹ ਯਕੀਨੀ ਬਣਾਉਣ ਲਈ ਵਧੇਰੇ ਉਪਰਾਲੇ ਕੀਤੇ ਜਾ ਰਹੇ ਹਨ ਕਿ ਇਨ੍ਹਾਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ।


