ਨਸ਼ੇ ਅਤੇ ਗੈਰਕਾਨੂੰਨੀ ਹਥਿਆਰਾਂ ਖ਼ਿਲਾਫ਼ ਐਕਸ਼ਨ — ਫਿਰੋਜ਼ਪੁਰ ‘ਚ ਪੁਲਿਸ ਵੱਲੋਂ 10 ਗਿਰਫ਼ਤਾਰ
- 102 Views
- kakkar.news
- April 11, 2025
- Crime Punjab
ਨਸ਼ੇ ਅਤੇ ਗੈਰਕਾਨੂੰਨੀ ਹਥਿਆਰਾਂ ਖ਼ਿਲਾਫ਼ ਐਕਸ਼ਨ — ਫਿਰੋਜ਼ਪੁਰ ‘ਚ ਪੁਲਿਸ ਵੱਲੋਂ 10 ਗਿਰਫ਼ਤਾਰ
ਫਿਰੋਜ਼ਪੁਰ, 11 ਅਪ੍ਰੈਲ 2025 (ਅਨੁਜ ਕੱਕੜ ਟੀਨੂੰ):
ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਫਿਰੋਜ਼ਪੁਰ ਜ਼ਿਲ੍ਹੇ ‘ਚ ਨਸ਼ਿਆਂ ਵਿਰੁੱਧ ਚਲ ਰਹੀ “ਯੁੱਧ ਨਸ਼ਿਆ ਵਿਰੁੱਧ” ਮੁਹਿੰਮ ਤਹਿਤ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ 10 ਆਰੋਪੀਆਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। ਐੱਸ.ਐੱਸ.ਪੀ. ਸ. ਭੁਪਿੰਦਰ ਸਿੰਘ ਸਿੱਧੂ, ਪੀ.ਪੀ.ਐਸ. ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰੋਪੀਆਂ ਕੋਲੋਂ ਹੈਰੋਇਨ, ਅਫੀਮ, ਗੋਲੀ-ਬਾਰੂਦ, ਹਥਿਆਰ, ਅਤੇ ਹੋਰ ਕਈ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਐੱਸ.ਐੱਸ.ਪੀ. ਨੇ ਦੱਸਿਆ ਕਿ ਮੁਹਿੰਮ ਤਹਿਤ ਤਿੰਨ ਆਰੋਪੀਆਂ — ਸੁਰਿੰਦਰ ਉਰਫ ਬੱਬੂ ਉਰਫ ਟਿੱਡਾ, ਦੀਪਕ ਸਿੰਘ ਉਰਫ ਦੀਪਾ (ਦੋਵੇਂ ਵਾਸੀ ਗੱਟੀ ਰਾਜੋ ਕੇ) ਅਤੇ ਗੁਰਪ੍ਰਤਾਪ ਸਿੰਘ (ਵਾਸੀ ਪਿੰਡ ਗੁਲਾਮੀ ਵਾਲਾ) ਨੂੰ ਗਿਰਫ਼ਤਾਰ ਕਰਦਿਆਂ ਉਨ੍ਹਾਂ ਕੋਲੋਂ 1 ਕਿਲੋ 539 ਗ੍ਰਾਮ ਹੈਰੋਇਨ, 500 ਗ੍ਰਾਮ ਅਫੀਮ, ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤੀ ਗਈ।
ਇਸ ਦੇ ਇਲਾਵਾ, ਹੋਰ ਵੱਖ-ਵੱਖ ਮਾਮਲਿਆਂ ‘ਚ 7 ਹੋਰ ਆਰੋਪੀਆਂ ਨੂੰ ਵੀ ਕਾਬੂ ਕੀਤਾ ਗਿਆ। ਦੋ ਭਰਾ — ਸਾਜਨ ਅਤੇ ਰਾਜਨ ਪੁੱਤਰ ਸ਼ਾਮ ਲਾਲ (ਵਾਸੀ ਬਸਤੀ ਸ਼ੇਖਾਵਾਲੀ) ਕੋਲੋਂ 1 ਗਲੋਕ 9MM ਪਿਸਟਲ, 1 .30 ਬੋਰ ਪਿਸਟਲ, 3 ਜਿੰਦੇ ਰੌਂਦ, ਅਤੇ 1 ਸਵਿਫਟ ਕਾਰ ਬਰਾਮਦ ਹੋਈ। ਰਛਪਾਲ ਸਿੰਘ ਉਰਫ ਪਾਲਾ (ਵਾਸੀ ਲੇਲੀ ਵਾਲਾ) ਕੋਲੋਂ 1 ਦੇਸੀ .32 ਬੋਰ ਪਿਸਟਲ ਅਤੇ 8 ਜਿੰਦੇ ਰੌਂਦ ਬਰਾਮਦ ਕੀਤੇ ਗਏ।
ASI ਅਯੂਬ ਮਸੀਹ ਅਤੇ ਪੁਲਿਸ ਪਾਰਟੀ ਵੱਲੋਂ ਗੁਪਤ ਸੂਚਨਾ ਦੇ ਅਧਾਰ ‘ਤੇ ਚਾਰ ਹੋਰ ਆਰੋਪੀਆਂ — ਨਿਰਭੈ ਸਿੰਘ ਉਰਫ ਗੋਪੀ, ਸੁਰਜਇਦਰ ਸਿੰਘ ਉਰਫ ਜਾਰਡਨ, ਮਨਦੀਪ ਸਿੰਘ ਅਤੇ ਜਤਿੰਦਰ ਸਿੰਘ ਉਰਫ ਸੋਨੂ ਨੂੰ ਗ੍ਰਿਫ਼ਤਾਰ ਕਰਦਿਆਂ ਉਨ੍ਹਾਂ ਕੋਲੋਂ 27.2 ਕਿਲੋ ਤਾਂਬਾ, 2 ਮੋਟਰਸਾਈਕਲਾਂ, ਅਤੇ ਇੱਕ ਏ.ਸੀ. ਦਾ ਆਉਟਡੋਰ ਪੱਖਾ ਬਰਾਮਦ ਕੀਤਾ ਗਿਆ।
ਪੁਲਿਸ ਵੱਲੋਂ ਸਾਰੇ ਆਰੋਪੀਆਂ ਖਿਲਾਫ਼ ਵੱਖ-ਵੱਖ ਥਾਣਿਆਂ ‘ਚ NDPS ਐਕਟ ਅਤੇ BNS ਐਕਟ ਅਧੀਨ ਮਾਮਲੇ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਐੱਸ.ਐੱਸ.ਪੀ. ਨੇ ਕਿਹਾ ਕਿ ਨਸ਼ਿਆਂ, ਹਥਿਆਰਾਂ ਅਤੇ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਇਹ ਮੁਹਿੰਮ ਜਾਰੀ ਰਹੇਗੀ ਅਤੇ ਕਿਸੇ ਵੀ ਕਸੂਰਵਾਰ ਨੂੰ ਬਖਸ਼ਿਆ ਨਹੀਂ ਜਾਵੇਗਾ।


