ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਨੂੰ ਸਵੱਛ ਬਣਾਉਣ ਦੇ ਮੰਤਵ ਸਦਕਾ ਅੱਜ ਫਿਰੋਜ਼ਪੁਰ ਵਿੱਚ ਵੱਡੀ ਸਵੱਛਤਾ ਮੁਹਿੰਮ ਦੀ ਸ਼ੁਰੂਆਤ
- 53 Views
- kakkar.news
- May 28, 2025
- Health Punjab
ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਨੂੰ ਸਵੱਛ ਬਣਾਉਣ ਦੇ ਮੰਤਵ ਸਦਕਾ ਅੱਜ ਫਿਰੋਜ਼ਪੁਰ ਵਿੱਚ ਵੱਡੀ ਸਵੱਛਤਾ ਮੁਹਿੰਮ ਦੀ ਸ਼ੁਰੂਆਤ
ਫ਼ਿਰੋਜ਼ਪੁਰ, 28 ਮਈ 2025 (ਅਨੁਜ ਕੱਕੜ ਟੀਨੂੰ)
ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਮਾਨਯੋਗ ਸਕੱਤਰ ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ ਸ੍ਰੀ ਤੇਜਵੀਰ ਸਿੰਘ ਜੀ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਵਿਧਾਇਕ ਸ੍ਰੀ ਰਣਬੀਰ ਸਿੰਘ ਭੁੱਲਰ ਦੀ ਅਗਵਾਈ ਹੇਠ ਅੱਜ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸਪੈਸ਼ਲ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਹਲਕਾ ਵਿਧਾਇਕ ਫਿਰੋਜ਼ਪੁਰ ਸ੍ਰੀ ਰਣਬੀਰ ਸਿੰਘ ਭੁੱਲਰ ਵੱਲੋਂ ਹਰੀ ਝੰਡੀ ਦੇ ਕੇ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫ਼ਸਰ ਸ਼੍ਰੀਮਤੀ ਪੂਨਮ ਭਟਨਾਗਰ ਅਤੇ ਸੁਪਰਡੈਂਟ ਸ਼੍ਰੀ ਸੁਖਪਾਲ ਸਿੰਘ ਵੱਲੋਂ ਸਾਂਝੇ ਤੌਰ ‘ਤੇ ਦੱਸਿਆ ਗਿਆ ਕੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਦਮਨਜੀਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਨਗਰ ਕੌਂਸਲ ਫ਼ਿਰੋਜ਼ਪੁਰ ਦੀ ਸਮੁੱਚੀ ਟੀਮ ਵੱਲੋਂ ਬਗਦਾਦੀ ਗੇਟ, ਸਰਕੂਲਰ ਰੋਡ ਤੋਂ ਸ਼ੁਰੂ ਹੋ ਕੇ ਜ਼ੀਰਾ ਗੇਟ, ਮੱਖੂ ਗੇਟ, ਬਾਂਸੀ ਗੇਟ, ਕਸੂਰੀ ਗੇਟ, ਅੰਮ੍ਰਿਤਸਰੀ ਗੇਟ, ਸ਼ਿਮਲਾ ਟਾਕੀ ਰੋਡ, ਮੁਲਤਾਨੀ ਗੇਟ, ਅਤੇ ਭਗਵਾਨ ਵਾਲਮੀਕ ਚੌਂਕ ਤੋਂ ਹੁੰਦੇ ਹੋਏ ਵਾਪਸ ਬਗਦਾਦੀ ਗੇਟ ਤੱਕ ਪੂਰੇ ਸਰਕੂਲਰ ਰੋਡ ਤੇ ਇੱਕ ਸਪੈਸ਼ਲ ਡਰਾਈਵ ਚਲਾਇਆ ਗਿਆ ਹੈ ਜਿਸ ਤਹਿਤ ਨਗਰ ਕੌਂਸਲ ਫਿਰੋਜ਼ਪੁਰ ਦੇ ਸਫਾਈ ਕਰਮਚਾਰੀਆਂ ਵੱਲੋਂ ਸੜਕ ਦੇ ਦੋਨੋਂ ਪਾਸੇ ਦੀ ਸਫਾਈ, ਮਿੱਟੀ ਦਾ ਇਕੱਠਾ ਕਰਨਾ, ਬਰਸਾਤੀਆਂ ਦੀ ਸਫਾਈ, ਆਸ-ਪਾਸ ਦੀਵਾਰਾਂ ਤੇ ਲੱਗੇ ਪੋਸਟਰ ਬੈਨਰ ਨੂੰ ਹਟਾਉਣਾ, ਸੀਵਰੇਜ਼ ਦੀਆਂ ਸ਼ਿਕਾਇਤਾਂ ਨੂੰ ਠੀਕ ਕਰਵਾਉਣਾ, ਸਟਰੀਟ ਲਾਈਟਾਂ ਦੀ ਰਿਪੇਅਰ ਕਰਾਉਣਾ, ਸਰਕੂਲਰ ਰੋਡ ਤੇ ਪੈਂਦੇ ਸਾਰੇ ਦਰਖਤਾਂ ਨੂੰ ਹੇਠਾਂ ਤੋਂ ਸਫੇਦੀ ਕਰਵਾਉਣੀ, ਸੜਕਾਂ ਦੇ ਦੋਨੋਂ ਪਾਸੇ ਪਏ ਪੁਰਾਣੇ ਕੱਚਰੇ ਮਲਬੇ ਆਦਿ ਨੂੰ ਉਠਾਉਣਾ, ਇਸ ਤੋਂ ਇਲਾਵਾ ਸਫਾਈ ਹੋਣ ਉਪਰੰਤ ਪਾਣੀ ਦਾ ਛਿੜਕਾਵ ਅਤੇ ਸ਼ਾਮ ਨੂੰ ਫੋਗਿੰਗ ਕਰਵਾਉਣ ਦੀਆਂ ਸਾਰੀਆਂ ਗਤੀਵਿਧੀਆਂ ਇੱਕੋ ਡਰਾਈਵ ਵਿੱਚ ਇੱਕੋ ਦਿਨ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਤੇ ਫਿਰੋਜ਼ਪੁਰ ਸ਼ਹਿਰੀ ਹਲਕਾ ਵਿਧਾਇਕ ਸ੍ਰੀ ਰਣਵੀਰ ਸਿੰਘ ਭੁੱਲਰ ਵੱਲੋਂ ਨਗਰ ਕੌਂਸਲ ਫਿਰੋਜ਼ਪੁਰ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬ ਵਿੱਚ ਫਿਰੋਜ਼ਪੁਰ ਸ਼ਹਿਰ ਸਵੱਛਤਾ ਦੇ ਪ੍ਰਤੀ ਪਹਿਲਾ ਹੀ ਕਈ ਐਵਾਰਡ ਹਾਸਲ ਕਰ ਚੁੱਕਿਆ ਹੈ ਕਿਉਂ ਜੋ ਇੱਥੇ ਘੱਟ ਕਰਮਚਾਰੀਆਂ ਨਾਲ ਸ਼ਹਿਰ ਨੂੰ ਵੱਧ ਤੋਂ ਵੱਧ ਸਾਫ ਸੁਥਰਾ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਵਾਸੀਆਂ ਨੂੰ ਸਵੱਛਤਾ ਅਤੇ ਚੰਗਾ ਵਾਤਾਵਰਣ ਮੁਹਈਆ ਕਰਵਾਉਣ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਮੌਕੇ ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ ( ਜ ) ਸ੍ਰੀ ਦਮਨਜੀਤ ਸਿੰਘ ਵੱਲੋਂ ਨਗਰ ਕੌਂਸਲ ਫ਼ਿਰੋਜ਼ਪੁਰ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਜ਼ਿਲ੍ਹੇ ਫਿਰੋਜ਼ਪੁਰ ਦੀਆਂ ਬਾਕੀ ਨਗਰ ਕੌਂਸਲ ਨਗਰ ਪੰਚਾਇਤਾਂ ਨੂੰ ਇਸ ਤਰਜ ਤੇ ਡਰਾਈਵ ਚਲਾਉਣ ਲਈ ਸੇਧ ਦਿੱਤੀ।
ਇਸ ਮੌਕੇ ਤੇ ਨਗਰ ਕੌਂਸਲ ਫਿਰੋਜ਼ਪੁਰ ਦੇ ਸੁਪਰਡੈਂਟ ਸੈਨੀਟੇਸ਼ਨ ਸ਼੍ਰੀ ਸੁਖਪਾਲ ਸਿੰਘ ਅਤੇ ਸਹਾਇਕ ਮਿਉਂਸੀਪਲ ਇੰਜੀਨੀਅਰ ਸ਼੍ਰੀ ਲਵਪ੍ਰੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਹਰ ਬੁੱਧਵਾਰ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਇਸ ਪ੍ਰਕਾਰ ਦੇ ਕਲੀਨੀਨੈਸ ਡਰਾਈਵ ਚਲਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਉਹਨਾਂ ਦੱਸਿਆ ਕਿ ਇਸ ਸ਼ਡਿਊਲ ਅਨੁਸਾਰ ਆਉਣ ਵਾਲੇ ਚਾਰ ਹਫਤੇ ਚਾਰ ਬੁੱਧਵਾਰ ਦੇ ਅੰਦਰ-ਅੰਦਰ ਫਿਰੋਜ਼ਪੁਰ ਸ਼ਹਿਰ ਦੇ ਹਰ ਕੋਨੇ ਨੂੰ ਸਾਫ ਸੁਥਰਾ ਕੱਚਰਾ ਮੁਕਤ ਕੀਤਾ ਜਾਵੇਗਾ ਇਸ ਮੌਕੇ ਤੇ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਅਤੇ ਆਪਣਾ ਯੋਗਦਾਨ ਪਾਉਣ ਤਾਂ ਜੋ ਸ਼ਹਿਰ ਨੂੰ ਸਾਫ ਸੁਥਰਾ ਅਤੇ ਕੱਚਰਾ ਮੁਕਤ ਬਣਾਇਆ ਜਾ ਸਕੇ। ਕਿਉਜੋਂ ਸਫ਼ਾਈ, ਸਵੱਛਤਾ ਅਤੇ ਸਵੱਛ ਵਾਤਾਵਰਨ ਮੁੱਹਈਆ ਕਰਵਾਉਣਾ ਸਾਡਾ ਸਭ ਦਾ ਫਰਜ਼ ਹੈ ਇਸ ਕਰਕੇ ਸਾਰੇ ਸ਼ਹਿਰ ਵਾਸੀਆਂ ਨੂੰ ਸਵੱਛਤਾ ਪ੍ਰਤੀ ਆਪਣਾ ਬਣਦਾ ਯੋਗਦਾਨ ਦੇਣਾ ਚਾਹੀਦਾ ਹੈ।
ਇਸ ਮੌਕੇ ਤੇ ਨਗਰ ਕੌਂਸਲ ਫਿਰੋਜ਼ਪੁਰ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਐਸ ਡੀ ਓ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਸ੍ਰੀ ਗੁਲਸ਼ਨ ਗਰੋਵਰ, ਸੈਂਨਟਰੀ ਮੇਟ ਸ਼੍ਰੀ ਅਮਰ ਭੱਟੀ, ਰਾਜਕੁਮਾਰ, ਰਾਜੇਸ਼ ਕੁਮਾਰ, ਰਾਮ ਚਰਨ, ਅਕਬਰ, ਰਾਜਾ, ਭਿਖਾਰੀ, ਪ੍ਰੋਗਰਾਮ ਕੋਆਰਡੀਨੇਟਰ ਸ੍ਰੀ ਸਿਮਰਨਜੀਤ ਸਿੰਘ, ਸੁਮਨ ਰਾਣੀ ਅਤੇ ਸਮੂਹ ਸਟਾਫ ਹਾਜ਼ਰ ਸਨ।


