ਵਿਸ਼ਵ ਵਾਤਾਵਰਣ ਦਿਵਸ ‘ਤੇ ਐਸ.ਐਸ.ਪੀ. ਫਿਰੋਜ਼ਪੁਰ ਵੱਲੋਂ ਪ੍ਰੈੱਸ ਕਲੱਬ ਫਿਰੋਜ਼ਪੁਰ ‘ਚ ਰੋਪੇ ਗਏ ਪੌਦੇ
- 99 Views
- kakkar.news
- June 5, 2025
- Punjab
ਵਿਸ਼ਵ ਵਾਤਾਵਰਣ ਦਿਵਸ ‘ਤੇ ਐਸ.ਐਸ.ਪੀ. ਫਿਰੋਜ਼ਪੁਰ ਵੱਲੋਂ ਪ੍ਰੈੱਸ ਕਲੱਬ ਫਿਰੋਜ਼ਪੁਰ ‘ਚ ਰੋਪੇ ਗਏ ਪੌਦੇ
ਫਿਰੋਜ਼ਪੁਰ, 5 ਜੂਨ 2025 (ਅਨੁਜ ਕੱਕੜ ਟੀਨੂੰ)
ਵਿਸ਼ਵ ਵਾਤਾਵਰਣ ਦਿਵਸ ਮੌਕੇ ਅੱਜ ਐਸ.ਐਸ.ਪੀ. ਫਿਰੋਜ਼ਪੁਰ ਸਰਦਾਰ ਭੁਪਿੰਦਰ ਸਿੰਘ ਸਿੱਧੂ ਨੇ ਪ੍ਰੈੱਸ ਕਲੱਬ ਫਿਰੋਜ਼ਪੁਰ ਵਿਖੇ ਪਹੁੰਚ ਕੇ ਪੌਦੇ ਲਗਾਏ ਅਤੇ ਕਿਹਾ ਕਿ ਵਾਤਾਵਰਣ ਨੂੰ ਬਚਾਉਣਾ ਅਤੇ ਸਾਫ਼-ਸੁਥਰਾ ਰੱਖਣਾ ਸਾਡੇ ਸਭ ਦਾ ਪਹਿਲਾ ਫ਼ਰਜ ਹੈ।
ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਪੁਲਿਸ ਅਤੇ ਪ੍ਰੈੱਸ ਕਲੱਬ ਫਿਰੋਜ਼ਪੁਰ ਵੱਲੋਂ ਵਾਤਾਵਰਣ ਨੂੰ ਸ਼ੁੱਧ ਬਣਾਈ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਦਾ ਮੁਹਿੰਮ ਚਲਾਇਆ ਗਿਆ ਹੈ। ਇਸ ਮੌਕੇ ਪ੍ਰੈੱਸ ਕਲੱਬ ਦੇ ਮੈਂਬਰਾਂ ਵੱਲੋਂ ਵੀ ਪੌਦੇ ਲਗਾਏ ਗਏ।
ਸਰਦਾਰ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸ਼ੁੱਧ ਵਾਤਾਵਰਣ ਸਾਡੇ, ਸਾਡੇ ਪਰਿਵਾਰ ਅਤੇ ਸਾਰੇ ਸਮਾਜ ਲਈ ਬਹੁਤ ਜ਼ਰੂਰੀ ਹੈ। ਵੱਧ ਤੋਂ ਵੱਧ ਪੌਦੇ ਲਗਾ ਕੇ ਅਤੇ ਵਾਤਾਵਰਣ ਨੂੰ ਸ਼ੁੱਧ ਰੱਖ ਕੇ ਅਸੀਂ ਚੰਗੀ ਸਿਹਤ ਦੇ ਨਾਲ-ਨਾਲ ਸਮਾਜ ਨੂੰ ਚੰਗੀ ਮਾਨਸਿਕਤਾ ਵੀ ਦੇ ਸਕਦੇ ਹਾਂ। ਜਦੋਂ ਸਾਨੂੰ ਸਾਫ਼ ਵਾਤਾਵਰਣ ਮਿਲੇਗਾ ਤਾਂ ਅਸੀਂ ਸਰੀਰਕ ਤੌਰ ‘ਤੇ ਤੰਦਰੁਸਤ ਹੋਵਾਂਗੇ, ਅਤੇ ਜੇਕਰ ਸਾਡਾ ਸਰੀਰ ਤੰਦਰੁਸਤ ਹੋਵੇਗਾ ਤਾਂ ਸਾਡੀ ਮਾਨਸਿਕਤਾ ਵੀ ਚੰਗੀ ਹੋਵੇਗੀ।
ਉਨ੍ਹਾਂ ਕਿਹਾ ਕਿ ਅੱਜ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ, ਉੱਥੇ ਅਸੀਂ ਕਈ ਕਿਸਮ ਦੀਆਂ ਭਿਆਨਕ ਬੀਮਾਰੀਆਂ ਦਾ ਸਾਹਮਣਾ ਵੀ ਕਰ ਰਹੇ ਹਾਂ ਅਤੇ ਅਨੇਕਾਂ ਲੋਕ ਇਨ੍ਹਾਂ ਬੀਮਾਰੀਆਂ ਨਾਲ ਪੀੜਤ ਹਨ।
ਉਨ੍ਹਾਂ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਵਿੱਚ ਆਪਣਾ ਯੋਗਦਾਨ ਪਾਉਣ।
ਇਸ ਮੌਕੇ ‘ਤੇ ਡੀ.ਐਸ.ਪੀ. ਸਿਟੀ ਫਿਰੋਜ਼ਪੁਰ ਸਰਦਾਰ ਸੁਖਵਿੰਦਰ ਸਿੰਘ ਵੀ ਮੌਜੂਦ ਸਨ। ਪ੍ਰੈੱਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਮਨਦੀਪ ਕੁਮਾਰ ਮੋਂਟੀ ਨੇ ਕਿਹਾ ਕਿ ਵਾਤਾਵਰਣ ਨੂੰ ਪ੍ਰਦੂਸ਼ਣ-ਮੁਕਤ ਰੱਖਣਾ ਸਾਡੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ ਅਤੇ ਇਹ ਉਦੋਂ ਹੀ ਸੰਭਵ ਹੋ ਸਕਦਾ ਹੈ ਜਦੋਂ ਸਾਰਾ ਸਮਾਜ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਵੇ।
ਇਸ ਮੌਕੇ ‘ਤੇ ਪ੍ਰੈੱਸ ਕਲੱਬ ਫਿਰੋਜ਼ਪੁਰ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਐਸ.ਐਸ.ਪੀ. ਫਿਰੋਜ਼ਪੁਰ ਸਰਦਾਰ ਭੁਪਿੰਦਰ ਸਿੰਘ ਸਿੱਧੂ ਅਤੇ ਡੀ.ਐਸ.ਪੀ. ਸਿਟੀ ਸਰਦਾਰ ਸੁਖਵਿੰਦਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਭ ਨੇ ਮਿਲ ਕੇ ਵਾਤਾਵਰਣ ਨੂੰ ਸ਼ੁੱਧ ਬਣਾਉਣ ਦਾ ਸੰਕਲਪ ਲਿਆ।
ਇਸ ਮੌਕੇ ਪ੍ਰੈੱਸ ਕਲੱਬ ਫਿਰੋਜ਼ਪੁਰ ਦੇ ਸਾਰੇ ਮੈਂਬਰ ਹਾਜ਼ਰ ਸਨ।


