ਟੈਟੂ ਸ਼ਾਪ ਗੋਲੀਕਾਂਡ ਮਾਮਲਾ – ਇਨਕਾਊਂਟਰ ਦੌਰਾਨ ਤਿੰਨ ਆਰੋਪੀ ਜਖਮੀ, ਪੁਲਿਸ ਵੱਲੋਂ ਗ੍ਰਿਫਤਾਰੀਆਂ ਜਾਰੀ
- 229 Views
- kakkar.news
- June 7, 2025
- Crime Punjab
ਟੈਟੂ ਸ਼ਾਪ ਗੋਲੀਕਾਂਡ ਮਾਮਲਾ – ਇਨਕਾਊਂਟਰ ਦੌਰਾਨ ਤਿੰਨ ਆਰੋਪੀ ਜਖਮੀ, ਪੁਲਿਸ ਵੱਲੋਂ ਗ੍ਰਿਫਤਾਰੀਆਂ ਜਾਰੀ
ਫਿਰੋਜ਼ਪੁਰ, 7 ਜੂਨ 2025 (ਅਨੁਜ ਕੱਕੜ ਟੀਨੂੰ )
ਵੀਰਵਾਰ ਨੂੰ ਫਿਰੋਜ਼ਪੁਰ ਦੇ ਮਖੂ ਗੇਟ ਨੇੜੇ ਇੱਕ ਟੈਟੂ ਸ਼ਾਪ ‘ਚ ਹੋਈ ਗੋਲੀਬਾਰੀ, ਜਿਸ ‘ਚ ਆਸ਼ੂ ਮੋਗਾ ਦੀ ਮੌਤ ਹੋ ਗਈ ਸੀ, ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਕੋ ਹੀ ਗੈਂਗ ਦੇ ਮੈਂਬਰਾਂ ਵਿਚਾਲੇ ਹੋਈ ਗੋਲੀਬਾਰੀ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਸੀ।
ਪੁਲਿਸ ਨੇ ਮਾਮਲੇ ਵਿੱਚ ਪਹਿਲਾਂ ਹੀ ਦੋ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਬਾਕੀਆਂ ਦੀ ਗ੍ਰਿਫਤਾਰੀ ਲਈ ਇਲਾਕੇ ‘ਚ ਨਾਕਾਬੰਦੀਆਂ ਤੇ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਸਨ। ਪੁਲਿਸ ਵੱਲੋਂ ਆਰੋਪੀਆਂ ਦੀਆਂ ਫੋਟੋਆਂ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਜੇਕਰ ਕਿਸੇ ਕੋਲ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸਾਂਝਾ ਕਰਨ।
ਡੀ ਆਈ ਜੀ ਹਰਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਇੰਟੈਲੀਜੰਸ ਇਨਪੁੱਟ ਮਿਲਣ ‘ਤੇ ਪੁਲਿਸ ਨੇ ਫਿਰੋਜ਼ਪੁਰ-ਮੋਗਾ ਰੋਡ ‘ਤੇ ਨਾਕਾਬੰਦੀ ਕੀਤੀ। ਇਸ ਦੌਰਾਨ ਇਕ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਆਰੋਪੀਆਂ ਵੱਲੋਂ ਪੁਲਿਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ।
ਇਸ ਮੁਕਾਬਲੇ ਦੌਰਾਨ ਤਿੰਨ ਆਰੋਪੀ – ਅਮਰਜੀਤ, ਸੋਨੂ ਅਤੇ ਜੋਗਿੰਦਰ ਸਿੰਘ ਘੋੜਾ – ਗੋਲੀ ਲੱਗਣ ਕਾਰਨ ਜਖਮੀ ਹੋ ਗਏ। ਅਮਰਜੀਤ ਨੂੰ ਦੋ ਗੋਲੀਆਂ ਲੱਗੀਆਂ ਹਨ, ਜਦਕਿ ਸੋਨੂ ਅਤੇ ਜੋਗਿੰਦਰ ਨੂੰ ਵੀ ਗੰਭੀਰ ਜਖਮ ਹੋਏ ਹਨ। ਤਿੰਨਾਂ ਨੂੰ ਤੁਰੰਤ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਅਤੇ ਮੁਢਲੇ ਇਲਾਜ ਤੋਂ ਬਾਅਦ ਫਰੀਦਕੋਟ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਪੁਲਿਸ ਅਧਿਕਾਰੀਆਂ ਅਨੁਸਾਰ, ਹੋਰ ਆਰੋਪੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਕਾਰਵਾਈ ਚੱਲ ਰਹੀ ਹੈ।


