ਫਿਰੋਜ਼ਪੁਰ: PSPCL ਦਫ਼ਤਰ ਦੀ ਖਸਤਾ ਹਾਲਤ, ਛੱਤਾਂ ਤੋਂ ਰਿਸਿਆ ਪਾਣੀ, ਡਿੱਗਿਆ ਮਲਬਾ
- 277 Views
- kakkar.news
- June 26, 2025
- Punjab
ਫਿਰੋਜ਼ਪੁਰ: PSPCL ਦਫ਼ਤਰ ਦੀ ਖਸਤਾ ਹਾਲਤ, ਛੱਤਾਂ ਤੋਂ ਰਿਸਿਆ ਪਾਣੀ, ਡਿੱਗਿਆ ਮਲਬਾ
ਫਿਰੋਜ਼ਪੁਰ 26 ਜੂਨ 2025 (ਅਨੁਜ ਕੱਕੜ ਟੀਨੂੰ)
ਇਸ ਸੀਜ਼ਨ ਦੀ ਪਹਿਲੀ ਬਾਰਿਸ਼ ਨੇ ਜਿੱਥੇ ਸੂਬੇ ਭਰ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ, ਓਥੇ ਹੀ PSPCL (ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ) ਦੇ ਫਿਰੋਜ਼ਪੁਰ ਛਾਵਣੀ ਸਥਿਤ ਦਫ਼ਤਰ ਦੀ ਗੰਭੀਰ ਤੇ ਬੇਹਾਲ ਹਾਲਤ ਨੂੰ ਸਭਨਾਂ ਸਾਹਮਣੇ ਲਿਆ ਦਿੱਤਾ।
ਕੈਂਟ ਨੰਬਰ 2 ਸਥਿਤ PSPCL ਦਫ਼ਤਰ ਦੀ ਮਰਮਤ ਦੀ ਲੋੜ ਵਿਚ ਪਈ ਇਮਾਰਤ ਵਿੱਚ ਮੀਂਹ ਦਾ ਪਾਣੀ ਘੁਸ ਗਿਆ, ਜਿਸ ਕਰਕੇ ਦਫ਼ਤਰ ਦੇ ਅੰਦਰ ਤਲਾਬ ਵਰਗਾ ਮੰਜਰ ਬਣ ਗਿਆ।ਦਫ਼ਤਰ ਦੀ ਛੱਤਾਂ ਤੋਂ ਪਾਣੀ ਰਿਸਣ ਕਾਰਨ ਛੱਤਾਂ ਉਪਰਲਾ ਮਲਬਾ ਹੇਠਾਂ ਡਿੱਗ ਪਿਆ, ਜਿਸ ਨਾਲ ਨਾਂ ਕੇਵਲ ਦਫ਼ਤਰੀ ਸਾਮਾਨ ਨੂੰ ਨੁਕਸਾਨ ਪਹੁੰਚਇਆ, ਬਲਕਿ ਕਈ ਜ਼ਰੂਰੀ ਰਿਕਾਰਡ ਵੀ ਖਰਾਬ ਹੋ ਗਏ । ਬਹੁਤ ਸਾਰੇ ਦਸਤਾਵੇਜ਼ ਇੰਨੇ ਜ਼ਿਆਦਾ ਭਿੱਜ ਗਏ ਕਿ ਪੜ੍ਹਨਯੋਗ ਨਹੀਂ ਰਹੇ, ਜੋ ਵਿਭਾਗ ਲਈ ਭਵਿੱਖ ‘ਚ ਵੱਡੀਆਂ ਪ੍ਰਸ਼ਾਸਨਕ ਮੁਸ਼ਕਲਾਂ ਪੈਦਾ ਕਰ ਸਕਦੇ ਹਨ।
ਦਫ਼ਤਰ ਦੀਆਂ ਛੱਤਾਂ, ਖਿੜਕੀਆਂ ਅਤੇ ਕੰਧਾਂ ਵੀ ਜਗ੍ਹਾ-ਜਗ੍ਹਾ ਟੁੱਟੀਆਂ ਹੋਈਆਂ ਹਨ, ਜੋ ਕਿ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੀਆਂ ਹਨ। ਓਥੇ ਮੌਜੂਦ ਸਟਾਫ ਅਤੇ ਆਉਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਜਦੋਂ ਇਸ ਬਾਰੇ ਦਫ਼ਤਰ ਦੇ ਬਾਊਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ, “ਅਸੀਂ ਇਸ ਮਸਲੇ ਬਾਰੇ ਵਿਭਾਗ ਨੂੰ ਕਈ ਵਾਰ ਲਿਖ ਚੁੱਕੇ ਹਾਂ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।”
ਸਵਾਲ ਇਹ ਉਠਦਾ ਹੈ ਕਿ ਜੇਕਰ ਬਸ ਪਹਿਲੀ ਬਾਰਿਸ਼ ਨਾਲ ਹੀ ਇਹ ਹਾਲਾਤ ਬਣ ਗਏ ਹਨ, ਤਾਂ ਜੇ ਲਗਾਤਾਰ ਬਾਰਿਸ਼ ਹੋਈ ਤਾਂ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਥੈ ਧਿਆਨਦੇਣ ਯੋਗ ਗੱਲ ਵੀ ਹੈ ਕਿ ਇਹ ਬਿਲਡਿੰਗ ਲਗਭਗ 1968 ਵਿੱਚ ਤਿਆਰ ਹੋਈ ਸੀ, ਅਤੇ ਹੁਣ ਤਕ ਆਪਣੀ ਆਮ ਉਮਰ ਤੋਂ ਦੋਗੁਣੀ ਮਿਆਦ ਤੱਕ ਚੱਲ ਚੁੱਕੀ ਹੈ। ਆਮ ਤੌਰ ‘ਤੇ ਇੱਕ ਸਰਕਾਰੀ ਇਮਾਰਤ ਦੀ ਉਮਰ 25-30 ਸਾਲ ਮੰਨੀ ਜਾਂਦੀ ਹੈ, ਪਰ PSPCL ਦਾ ਇਹ ਦਫ਼ਤਰ 55 ਸਾਲ ਤੋਂ ਵੀ ਵੱਧ ਪੁਰਾਣਾ ਹੋ ਚੁੱਕਾ ਹੈ।ਫਿਰ ਇਸ ਹਿਸਾਬ ਨਾਲ ਇਹ ਇਮਾਰਤ ਆਪਣੀ ਹੋਂਦ ਤੋਂ ਦੋਗਾਣਾ ਸਮਾਂ ਹੰਡਾਆਂ ਚੁੱਕੀ ਹੈ।
ਇਸ ਤੋਂ ਪਹਿਲਾ ਕਿ ਕੋਈ ਦਫ਼ਤਰੀ ਮੁਲਾਜ਼ਿਮ ਜਾਂ ਫਿਰ ਕੋਈ ਹੋਰ ਵਿਅਕਤੀ ਇਸ ਇਮਾਰਤ ਦੇ ਥੱਲੇ ਆ ਕੇ ਨੁਕਸਾਨਿਆ ਜਾਵੇ , ਅਤੇ ਫਿਰ ਵਿਭਾਗ ਨੂੰ ਉਹਨਾਂ ਨੂੰ ਕੋਈ ਮੁਆਵਜ਼ੇ ਦੇਣੇ ਪੈਣ ,ਉਸ ਤੋਂ ਚੰਗਾ ਹੈ ਕਿ ਇਸ ਤਰਸਯੋਗ ਇਮਾਰਤ ਦੀ ਮੁਰਮੰਤ ਕਰਵਾ ਕੇ ਇਸਦਾ ਨਵੀਨੀਕਰਨ ਕਰਵਾਇਆ ਜਾਵੇ ।
ਸਥਾਨਕ ਪ੍ਰਸ਼ਾਸਨ ਅਤੇ PSPCL ਮੈਨੇਜਮੈਂਟ ਤੋਂ ਮੰਗ ਹੈ ਕਿ ਜਲਦੀ ਤੋਂ ਜਲਦੀ ਇਨ੍ਹਾਂ ਹਾਲਾਤਾਂ ‘ਤੇ ਧਿਆਨ ਦਿੰਦੇ ਹੋਏ, ਦਫ਼ਤਰ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਹੋਰ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।


