ਅਸੁਰੱਖਿਤਅਤ ਇਮਾਰਤ ਦੇ ਹੁਕਮਾਂ ਦੀ ਉਲੰਘਣਾ — ਫਿਰੋਜ਼ਪੁਰ PSPCL ਦੇ ਅਧਿਕਾਰੀ ਕਿਸੇ ਵੱਡੀ ਘਟਨਾ ਦੀ ਉਡੀਕ ‘ਚ?
- 146 Views
- kakkar.news
- June 28, 2025
- Punjab
ਅਸੁਰੱਖਿਤਅਤ ਇਮਾਰਤ ਦੇ ਹੁਕਮਾਂ ਦੀ ਉਲੰਘਣਾ — ਫਿਰੋਜ਼ਪੁਰ PSPCL ਦੇ ਅਧਿਕਾਰੀ ਕਿਸੇ ਵੱਡੀ ਘਟਨਾ ਦੀ ਉਡੀਕ ‘ਚ?
ਫਿਰੋਜ਼ਪੁਰ, 28 ਜੂਨ 2025:( ਅਨੁਜ ਕੱਕੜ ਟੀਨੂੰ)
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਫਿਰੋਜ਼ਪੁਰ ਦੇ ਕੈਂਟ ਨੰਬਰ 2 ਦੇ ਦਫ਼ਤਰ ਦੀ ਇਮਾਰਤ ਨੂੰ ਉਚ ਅਧਿਕਾਰੀਆਂ ਵੱਲੋਂ ਅਸੁਰੱਖਿਅਤ ਐਲਾਨ ਕਰ ਦਿੱਤਾ ਗਿਆ ਹੈ, ਪਰ ਇਸ ਦੇ ਬਾਵਜੂਦ ਇਮਾਰਤ ਅਜੇ ਤੱਕ ਖਾਲੀ ਨਹੀਂ ਹੋਈ। ਇਹ ਗੱਲ ਨਾ ਸਿਰਫ਼ ਪ੍ਰਸ਼ਾਸਕੀ ਲਾਪਰਵਾਹੀ ਨੂੰ ਦਰਸਾਉਂਦੀ ਹੈ, ਸਗੋਂ ਦਫ਼ਤਰ ਵਿਚ ਕੰਮ ਕਰ ਰਹੇ ਕਰਮਚਾਰੀਆਂ ਅਤੇ ਆਮ ਲੋਕਾਂ ਦੀ ਜਾਨ ਨੂੰ ਵੀ ਖਤਰੇ ‘ਚ ਪਾ ਰਹੀ ਹੈ।
ਕੀ ਹੈ ਮਾਮਲਾ?
25 ਜੂਨ 2025 ਨੂੰ ਸੀਨੀਅਰ ਕਾਰਜਕਾਰੀ ਇੰਜੀਨੀਅਰ (ਸਿਵਲ ਉਸਾਰੀ ਤੇ ਸਾਂਭ ਸੰਭਾਲ), PSPCL ਬਠਿੰਡਾ ਵੱਲੋਂ ਇੱਕ ਰਿਪੋਰਟ ਅਤੇ ਹੁਕਮ ਜਾਰੀ ਕੀਤੇ ਗਏ। ਪਟਿਆਲਾ ਤੋਂ ਉਪ ਮੁੱਖ ਇੰਜੀਨੀਅਰ (ਸਿਵਿਲ ਡਿਜ਼ਾਇਨ) ਦੇ ਪੱਤਰ ਨੰਬਰ 917 (ਮਿਤੀ: 25/06/2025) ਰਾਹੀਂ ਹੁਕਮ ਦਿੱਤੇ ਗਏ ਕਿ ਫਿਰੋਜ਼ਪੁਰ ਕੈਂਟ ਨੰਬਰ 2 ਦੀ ਦੋ ਮੰਜ਼ਿਲਾ ਇਮਾਰਤ ਵਿੱਚ ਪਹਿਲੀ ਮੰਜ਼ਿਲ (First Floor) ਨੂੰ ਤੁਰੰਤ ਖਾਲੀ ਕੀਤਾ ਜਾਵੇ ਕਿਉਂਕਿ ਇਹ ਅਸੁਰੱਖਿਅਤ ਹੈ।
ਮੌਕੇ ਦੀ ਹਕੀਕਤ:
ਹੁਕਮਾਂ ਦੇ ਤਿੰਨ ਦਿਨ ਬਾਅਦ ਵੀ — ਅੱਜ 28 ਜੂਨ ਤੱਕ — ਨਾ ਤਾਂ ਇਮਾਰਤ ਖਾਲੀ ਹੋਈ ਹੈ, ਨਾ ਹੀ ਇਥੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਕਿਸੇ ਹੋਰ ਥਾਂ ਤਬਦੀਲ ਕੀਤਾ ਗਿਆ ਹੈ। ਦਫ਼ਤਰ ਵਿੱਚ ਦਿਨਚਰਿਆ ਵਾਂਗ ਕੰਮ ਜਾਰੀ ਹੈ। ਇਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਥੇ ਜਾਨਾਂ ਨਾਲ ਖੇਡਣ ਵਾਲੀ ਅਣਦੇਖੀ ਅਤੇ ਉਲੰਘਣਾ ਹੋ ਰਹੀ ਹੈ।
ਵਿਧਾਇਕ ਅਤੇ ਸਮਾਜ ਸੇਵੀ ਨੇ ਵੀ ਚੁੱਕੀ ਆਵਾਜ਼:
ਫਿਰੋਜ਼ਪੁਰ ਸ਼ਹਿਰ ਦੇ ਐਮਐਲਏ ਰਣਬੀਰ ਸਿੰਘ ਭੁੱਲਰ ਅਤੇ ਸਮਾਜ ਸੇਵੀ ਗੌਰਵ ਕੁਮਾਰ ਵੱਲੋਂ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਬਿਜਲੀ ਮੰਤਰੀ ਸ. ਹਰਭਜਨ ਸਿੰਘ ਈਟੀਓ, ਚੀਫ ਇੰਜੀਨੀਅਰ ਅਤੇ ਐਸ.ਈ. ਸਿਵਿਲ ਡਿਜ਼ਾਇਨ ਪਟਿਆਲਾ ਨੂੰ ਲਿਖਤੀ ਪੱਤਰ ਰਾਹੀਂ ਇਹ ਬੇਨਤੀ ਕੀਤੀ ਗਈ ਕਿ ਫਿਰੋਜ਼ਪੁਰ ਕੈਂਟ ਨੰਬਰ 2 ਦੀ ਇਮਾਰਤ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ।
ਉਹਨਾਂ ਨੇ ਦੱਸਿਆ ਕਿ ਪੀਐਸਪੀਸੀਐਲ ਦਾ ਸਟਾਫ, ਜੋ ਦਫ਼ਤਰ ਦੀ ਹੇਠਲੀ ਮੰਜ਼ਿਲ ‘ਚ ਕੰਮ ਕਰਦਾ ਹੈ, ਉਹ ਇੱਕ ਅਜਿਹੀ ਛੱਤ ਹੇਠ ਬੈਠ ਕੇ ਕੰਮ ਕਰ ਰਿਹਾ ਹੈ ਜੋ ਹਰ ਵੇਲੇ ਢਹਿ ਸਕਦੀ ਹੈ, ਛੱਤਾਂ ਅਤੇ ਦੀਵਾਰਾਂ ਵਿੱਚ ਗੰਭੀਰ ਤਰੀਕੇ ਨਾਲ ਡਰਾਉਣੇ ਕਰੈਕਸ ਆਏ ਹੋਏ ਹਨ । ਆਮ ਜਨਤਾ ਵੀ ਡਰਦੇ ਹੋਏ ਦਫ਼ਤਰ ਆਉਣ ਤੋਂ ਹਿਚਕ ਰਹੀ ਹੈ।
ਇਹ ਵੀ ਬੇਨਤੀ ਕੀਤੀ ਗਈ ਕਿ ਕਿਸੇ ਵੀ ਜਾਨਮਾਲ ਦੇ ਨੁਕਸਾਨ ਤੋਂ ਬਚਣ ਲਈ ਇਸ ਬਿਲਡਿੰਗ ਨੂੰ ਤੁਰੰਤ ਅਨਸੇਫ਼ ਘੋਸ਼ਿਤ ਕਰਕੇ ਨਵੀਂ ਇਮਾਰਤ ਬਣਾਈ ਜਾਵੇ।
ਵੱਡਾ ਹਾਦਸਾ ਹੋਣ ਦੀ ਸੰਭਾਵਨਾ!
ਜਿਵੇਂ ਕਿ PSPCL ਦੇ ਅਧਿਕਾਰੀ ਖ਼ੁਦ ਵੀ ਮੰਨ ਚੁੱਕੇ ਹਨ, ਇਹ ਇਮਾਰਤ ਅਸੁਰੱਖਿਅਤ ਹੈ — ਜੇਕਰ ਕਿਸੇ ਦਿਨ ਛੱਤ ਡਿੱਗ ਜਾਂਦੀ ਹੈ ਜਾਂ ਕੰਧ ਢਹਿ ਜਾਂਦੀ ਹੈ, ਤਾਂ ਇਨਸਾਨੀ ਜਾਨ ਦਾ ਨੁਕਸਾਨ ਹੋ ਸਕਦਾ ਹੈ। ਇਹ ਹਾਦਸਾ ਨਾ ਸਿਰਫ਼ ਵਿਭਾਗ ਲਈ ਬਦਨਾਮੀ ਦਾ ਕਾਰਨ ਬਣੇਗਾ, ਸਗੋਂ ਕਾਨੂੰਨੀ ਕਾਰਵਾਈ ਦੀ ਰਾਹ ਵੀ ਖੋਲ੍ਹੇਗਾ।
ਜਵਾਬਦੇਹੀ ਕੌਣ ਲਏਗਾ?
ਇਸ ਬਾਰੇ ਜਦੋਂ XEN ਫਿਰੋਜ਼ਪੁਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੈਂ ਇਸ ਦਾ ਜਵਾਬ ਦੇਣ ਲਈ ਆਥੋਰਾਈਜ ਨਹੀਂ ਹਾਂ, ਅਤੇ S E ਫਿਰੋਜ਼ਪੁਰ ਨਾਲ ਫੋਨ ਤੇ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਨਹੀਂ ਚੱਕਿਆ,
ਹੁਣ ਸਵਾਲ ਇਹ ਉਠਦਾ ਹੈ ਕਿ ਜੇਕਰ ਕੋਈ ਦੁਰਘਟਨਾ ਵਾਪਰਦੀ ਹੈ, ਤਾਂ ਕੀ PSPCL ਦੇ ਫਿਰੋਜ਼ਪੁਰ ਜ਼ਿਲ੍ਹਾ ਅਧਿਕਾਰੀ ਜਵਾਬਦੇਹ ਹੋਣਗੇ? ਜਾਂ ਪਟਿਆਲਾ ਅਤੇ ਬਠਿੰਡੇ ਦੇ ਉੱਚ ਅਧਿਕਾਰੀ ਜੋ ਹੁਕਮ ਜਾਰੀ ਕਰਕੇ ਵੀ ਮਨਵਾਉਣ ਵਿੱਚ ਅਸਫ਼ਲ ਰਹੇ?


