ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ‘ਮਨੁੱਖੀ ਜੀਵਨ ਵਿੱਚ ਪੁਸਤਕਾਂ ਦਾ ਮਹੱਤਵ’ ਵਿਸ਼ੇ ’ਤੇ ਕਰਵਾਇਆ ਗਿਆ ਸੈਮੀਨਾਰ
- 54 Views
- kakkar.news
- June 30, 2025
- Punjab
ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ‘ਮਨੁੱਖੀ ਜੀਵਨ ਵਿੱਚ ਪੁਸਤਕਾਂ ਦਾ ਮਹੱਤਵ’ ਵਿਸ਼ੇ ’ਤੇ ਕਰਵਾਇਆ ਗਿਆ ਸੈਮੀਨਾਰ
ਫ਼ਿਰੋਜ਼ਪੁਰ, 30 ਜੂਨ 2025 (ਅਨੁਜ ਕੱਕੜ ਟੀਨੂੰ )
ਪੰਜਾਬ ਸਰਕਾਰ ਦੀ ਅਗਵਾਈ ਅਤੇ ਨਿਰਦੇਸ਼ਕ ਭਾਸ਼ਾ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਸਮਕਾਲੀ ਦੌਰ ਵਿੱਚ ਪੁਸਤਕ ਸੱਭਿਆਚਾਰ ਵਿਕਸਤ ਕਰਨ ਦੇ ਉਦੇਸ਼ ਤਹਿਤ ਜ਼ਿਲ੍ਹਾ ਲਾਇਬ੍ਰੇਰੀ, ਫ਼ਿਰੋਜ਼ਪੁਰ ਵਿੱਚ ਮਨੁੱਖੀ ਜੀਵਨ ਵਿੱਚ ਪੁਸਤਕਾਂ ਦਾ ਮਹੱਤਵ ਵਿਸ਼ੇ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋ ਪਹੁੰਚੇ ਉੱਘੇ ਭਾਸ਼ਾ ਚਿੰਤਕ ਡਾ. ਰਾਮੇਸ਼ਵਰ ਸਿੰਘ ਕਟਾਰਾ ਨੇ ਆਏ ਹੋਏ ਸਰੋਤੇ ਅਤੇ ਲਾਇਬ੍ਰੇਰੀ ਦੇ ਵਿਦਿਆਰਥੀਆਂ ਨਾਲ ਲੰਮਾਂ ਸਮਾਂ ਗੰਭੀਰ ਅਤੇ ਸਾਰਥਿਕ ਗੱਲਬਾਤ ਕੀਤੀ। ਡਾ. ਕਟਾਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਨੁੱਖੀ ਸਭਿਅਤਾ ਦੇ ਵਿਕਾਸ ਵਿੱਚ ਕਿਤਾਬਾਂ ਦਾ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਨੇ ਇਤਿਹਾਸ ਅਤੇ ਆਪਣੇ ਨਿੱਜੀ ਜੀਵਨ ਅਨੁਭਵਾਂ ਦੇ ਹਵਾਲੇ ਨਾਲ ਗੱਲਬਾਤ ਕਰਦਿਆਂ ਕਈ ਮਹੱਤਵਪੂਰਨ ਪ੍ਰਸੰਗਾਂ ਅਤੇ ਘਟਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਪੁਸਤਕਾਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਮਨੁੱਖ ਦੀ ਸਭਿਅਤਾ ਅਤੇ ਮਨੁੱਖ ਦੀ ਹੋਣੀ ਦੀ ਦਸ਼ਾ ਅਤੇ ਦਿਸ਼ਾ ਤੈਅ ਕਰਦੀਆਂ ਹਨ। ਉਹਨਾਂ ਸ਼ਬਦ ਸ਼ਕਤੀ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਡੇ ਕੋਲ ‘ਜ਼ਫ਼ਰਨਾਮਾ’ ਵਰਗਾ ਇੱਕ ਅਜਿਹਾ ਇਤਿਹਾਸਿਕ ਦਸਤਾਵੇਜ਼ ਹੈ ਜਿਸ ਨੇ ਭਾਰਤ ਦੇ ਬਾਦਸ਼ਾਹ ਔਰੰਗਜੇਬ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਸੀ। ਇਸ ਪ੍ਰਕਾਰ ਮਨੁੱਖੀ ਜੀਵਨ ਨੂੰ ਸੋਹਣਾ ਅਤੇ ਸੁਚੱਜਾ ਬਣਾਉਣ ਵਿੱਚ ਕਿਤਾਬਾਂ ਦੀ ਭੂਮਿਕਾ ਅਦਭੁੱਤ ਹੈ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸੰਧੂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੁਸਤਕਾਂ ਕਲਾ, ਸਾਹਿਤ ਅਤੇ ਗਿਆਨ ਵਿਗਿਆਨ ਦਾ ਇੱਕ ਖਜ਼ਾਨਾ ਹੁੰਦੀਆਂ ਹਨ। ਇਹ ਪੁਸਤਕਾਂ ਹੀ ਹਨ ਜਿਨ੍ਹਾਂ ਰਾਹੀਂ ਅਸੀ ਆਪਣੇ ਵੱਡੇ-ਵਡੇਰਿਆਂ ਦੇ ਸਦੀਆਂ ਪੁਰਾਣੇ ਅਨੁਭਵਾਂ ਵਿੱਚੋਂ ਪ੍ਰਾਪਤ ਹੋਏ ਗਿਆਨ ਨੂੰ ਹਾਸਿਲ ਕਰ ਸਕਦੇ ਹਾਂ। ਇਸ ਪ੍ਰਕਾਰ ਪੁਸਤਕਾਂ ਪੀੜ੍ਹੀ ਦਰ ਪੀੜ੍ਹੀ, ਸਾਹਿਤ,ਕਲਾ, ਗਿਆਨ,ਵਿਗਿਆਨ ਅਤੇ ਹੋਰ ਅਨੁਸ਼ਾਸ਼ਨਾਂ ਨੂੰ ਅੱਗੇ ਲੈ ਕੇ ਜਾਂਦੀਆਂ ਹਨ। ਵਰਤਮਾਨ ਡਿਜ਼ੀਟਲ ਦੌਰ ਵਿੱਚ ਪੁਸਤਕਾਂ ਡਿਜ਼ੀਟਲ ਰੂਪ ਵਿੱਚ ਵੀ ਉਪਲੱਬਧ ਹਨ। ਇਸ ਲਈ ਸਾਨੂੰ ਚੰਗੇ ਨਾਗਰਿਕ ਅਤੇ ਸੋਹਣੀ ਸਖਸ਼ੀਅਤ ਦੇ ਨਿਰਮਾਣ ਲਈ ਲਗਾਤਾਰ ਪੁਸਤਕਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਲਾਇਬ੍ਰੇਰੀ, ਫ਼ਿਰੋਜ਼ਪੁਰ ਵਿੱਚ ਇਕ ਖੂਬਸੂਰਤ ਰੀਡਿੰਗ ਹਾਲ/ਸੈਮੀਨਾਰ ਹਾਲ ਬਣ ਗਿਆ ਹੈ ਜਿਸ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ,ਫ਼ਿਰੋਜ਼ਪੁਰ ਵੱਲੋਂ ਸਾਹਿਤਕ ਗਤੀਵਿਧੀਆਂ ਦੀ ਲਗਾਤਾਰਤਾ ਬਣਾਈ ਹੋਈ ਹੈ। ਖੋਜ ਅਫ਼ਸਰ ਦਲਜੀਤ ਸਿੰਘ ਨੇ ਢੁਕਵੇਂ ਮੰਚ ਸੰਚਾਲਨ ਰਾਹੀਂ ਸਮਾਗਮ ਵਿੱਚ ਰੌਚਕਤਾ ਬਣਾਈ ਰੱਖੀ। ਇਸ ਮੌਕੇ ’ਤੇ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਭਾਸ਼ਾ ਵਿਭਾਗ, ਪੰਜਾਬ ਦੀਆਂ ਪ੍ਰਕਾਸ਼ਿਤ ਪੁਸਤਕਾਂ ਦੀ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।ਇਸ ਮੌਕੇ ਤੇ ਕਹਾਣੀਕਾਰ ਇੰਜ. ਗੁਰਦਿਆਲ ਸਿੰਘ ਵਿਰਕ, ਸੇਵਾਮੁਕਤ ਡਿਪਟੀ ਡਾਇਰੈਕਟਰ ਸ. ਜਸਵੰਤ ਸਿੰਘ ਅਤੇ ਕੇਹਰ ਸਿੰਘ, ਸ਼ਾਇਰ ਸੁਖਦੇਵ ਭੱਟੀ ਤੋਂ ਇਲਾਵਾ ਸਿੱਖਿਆ ਵਿਭਾਗ ਤੋਂ ਸ. ਅਵਤਾਰ ਸਿੰਘ ਪੁਰੀ, ਲੈਕਚਰਾਰ ਸਰਵ ਸ਼ਕਤੀਮਾਨ ਸਿੰਘ ਅਤੇ ਡਾ. ਹਰਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਲਾਇਬ੍ਰੇਰੀ ਦੇ ਵਿਦਿਆਰਥੀਆਂ ਦੀ ਭਰਵੀਂ ਸ਼ਮੂਲੀਅਤ ਨੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ ਵਿੱਚ ਸ਼੍ਰੀ ਰਮਨ ਕੁਮਾਰ ਅਤੇ ਸ਼੍ਰੀ ਚੇਤਨ ਕੁਮਾਰ, ਸ਼੍ਰੀ ਰਵੀ ਕੁਮਾਰ , ਦੀਪਕ ਅਤੇ ਵਿਜੈ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ।


