ਫਿਰੋਜ਼ਪੁਰ ਪੁਲਿਸ ਵੱਲੋਂ 4 ਮਹੀਨਿਆਂ ‘ਚ 1 ਕੁਇੰਟਲ ਤੋਂ ਵੱਧ ਹੈਰੋਇਨ ਜ਼ਬਤ, ਤਾਜ਼ਾ ਕੇਸ ‘ਚ 3.5 ਕਿਲੋ ਬਰਾਮਦ
- 96 Views
- kakkar.news
- July 11, 2025
- Crime Punjab
ਫਿਰੋਜ਼ਪੁਰ ਪੁਲਿਸ ਵੱਲੋਂ 4 ਮਹੀਨਿਆਂ ‘ਚ 1 ਕੁਇੰਟਲ ਤੋਂ ਵੱਧ ਹੈਰੋਇਨ ਜ਼ਬਤ, ਤਾਜ਼ਾ ਕੇਸ ‘ਚ 3.5 ਕਿਲੋ ਬਰਾਮਦ
ਫਿਰੋਜ਼ਪੁਰ, 11 ਜੁਲਾਈ 2025 (ਅਨੁਜ ਕੱਕੜ ਟੀਨੂੰ )
ਨਸ਼ਾ ਵਿਰੋਧੀ ਚੱਲ ਰਹੀ ਮੁਹਿੰਮ ਦੇ ਤਹਿਤ ਫਿਰੋਜ਼ਪੁਰ ਪੁਲਿਸ ਨੇ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕਰਦਿਆਂ 3 ਕਿਲੋ 500 ਗ੍ਰਾਮ ਹੈਰੋਇਨ ਅਤੇ 2 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕਰਕੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਇੱਕ ਪਿਛਲੇ ਨਸ਼ਾ ਕਾਂਡ ਨਾਲ ਜੁੜੇ ਫਾਲੋ-ਅਪ ਆਪਰੇਸ਼ਨ ਤਹਿਤ ਕੀਤੀ ਗਈ।ਇਸ ਖੇਪ ਨੂੰ ਫੜਨ ਨਾਲ ਫਿਰੋਜ਼ਪੁਰ ਪੁਲਿਸ ਨੇ ਹੁਣ ਤਕ 1 ਕੁਇੰਟਲ ਤੋਂ ਜਿਆਦਾ ਹੈਰੋਇਨ ਬਰਾਮਦ ਕਰ ਲਿੱਤੀ ਹੈ ।
ਇਹ ਆਪਰੇਸ਼ਨ ਡੀਜੀਪੀ ਪੰਜਾਬ ਦੇ ਨਿਰਦੇਸ਼ਾਂ ਤੇ ਚਲਾਇਆ ਗਿਆ ਸੀ ਜਿਸ ਦੀ ਅਗਵਾਈ ਮਨਜੀਤ ਸਿੰਘ ਐਸਪੀ (ਡੀ) ਫਿਰੋਜ਼ਪੁਰ, ਡੀਐਸਪੀ ਜ਼ੀਰਾ ਬੀ.ਐਸ. ਸਰਾਂ ਅਤੇ ਐਸਐਚਓ ਸਦਰ ਜ਼ੀਰਾ ਬਲਜਿੰਦਰ ਸਿੰਘ ਨੇ ਕੀਤੀ, ਜਦਕਿ ਸੀਆਈਏ ਇੰਚਾਰਜ ਐਸਆਈ ਪੀਪਲ ਸਿੰਘ ਅਤੇ ਉਸ ਦੀ ਟੀਮ ਨੇ ਗੁਪਤ ਜਾਣਕਾਰੀਆਂ ਦੀ ਬੁਨਿਆਦ ‘ਤੇ ਇਹ ਕਾਰਵਾਈ ਅੰਜਾਮ ਦਿੱਤੀ।
ਇਸ ਤਸਕਰ ਦੀ ਪਛਾਣ ਰਸ਼ਪਾਲ ਸਿੰਘ ਉਰਫ਼ ਗੋਰਾ (40), ਨਿਵਾਸੀ ਬਸਤੀ ਮਾਛੀਆ, ਜ਼ੀਰਾ ਵਜੋਂ ਹੋਈ ਹੈ। ਇਹ ਉਹੀ ਮੁਲਜ਼ਮ ਹੈ ਜਿਸ ਨੂੰ ਪੁਲਿਸ ਨੇ 8 ਜੁਲਾਈ ਨੂੰ 2 ਕਿਲੋ ਹੈਰੋਇਨ ਅਤੇ 2 ਪਿਸਤੌਲ ਸਮੇਤ ਦੋਹਾਂ ਸਾਥੀਆਂ ਸਹਿਤ ਗ੍ਰਿਫ਼ਤਾਰ ਕੀਤਾ ਸੀ। ਤਾਜ਼ਾ ਵਾਧੂ ਜਾਂਚ ਤੋਂ ਮਿਲੇ ਸਰਾਗਾਂ ਦੇ ਆਧਾਰ ‘ਤੇ ਪੁਲਿਸ ਨੇ ਰਸ਼ਪਾਲ ਸਿੰਘ ਤੋਂ ਵਧੂ ਹੈਰੋਇਨ ਅਤੇ ਨਕਦੀ ਬਰਾਮਦ ਕੀਤੀ।
ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਮਾਮਲਾ ਨਸ਼ਾ ਤਸਕਰੀ ਦੀ ਲੰਮੀ ਲੜੀ ਨਾਲ ਜੁੜਿਆ ਹੋਇਆ ਹੈ ਅਤੇ ਫਿਰੋਜ਼ਪੁਰ ਪੁਲਿਸ ਇਸ ਲੜੀ ਨੂੰ ਤੋੜਣ ਲਈ ਪੂਰੀ ਤਰ੍ਹਾਂ ਕਮਰਕਸ ਕੇ ਕੰਮ ਕਰ ਰਹੀ ਹੈ।
ਉਨ੍ਹਾਂ ਅੱਗੇ ਕਿਹਾ, “1 ਮਾਰਚ 2025 ਤੋਂ ਲੈ ਕੇ ਹੁਣ ਤੱਕ 671 ਮਾਮਲੇ ਦਰਜ ਹੋ ਚੁੱਕੇ ਹਨ ਅਤੇ 858 ਗ੍ਰਿਫਤਾਰੀ ਹੋਈਆਂ ਹਨ। ਜਿਸ ਤਹਿਤ ਪੁਲਿਸ ਨੇ 98 ਕਿਲੋ 983 ਗ੍ਰਾਮ ਹੈਰੋਇਨ, 602 ਕਿਲੋ ਭੁੱਕੀ, 6 ਕਿਲੋ 411 ਗ੍ਰਾਮ ਅਫੀਮ, 23,595 ਨਸ਼ੀਲੇ ਕੈਪਸੂਲ, 400 ਗ੍ਰਾਮ ਆਈਸ ਡਰੱਗ ਅਤੇ 80 ਲੱਖ 70 ਹਜ਼ਾਰ ਰੁਪਏ ਡਰੱਗ ਮਨੀ ਰਿਕਵਰ ਕੀਤੀ ਹੈ।


