ਫ਼ਿਰੋਜ਼ਪੁਰ ਵਿਖੇ ਸੁਤੰਤਰਤਾ ਦਿਵਸ ਮੌਕੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਰਾਸ਼ਟਰੀ ਝੰਡਾ
- 26 Views
- kakkar.news
- August 8, 2025
- Punjab
ਫ਼ਿਰੋਜ਼ਪੁਰ ਵਿਖੇ ਸੁਤੰਤਰਤਾ ਦਿਵਸ ਮੌਕੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਰਾਸ਼ਟਰੀ ਝੰਡਾ
ਫ਼ਿਰੋਜ਼ਪੁਰ, 08 ਅਗਸਤ 2025 (ਸਿਟੀਜ਼ਨਜ਼ ਵੋਇਸ)
ਫ਼ਿਰੋਜ਼ਪੁਰ ਵਿਖੇ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਹ ਪ੍ਰਗਟਾਵਾ ਸੁਤੰਤਰਤਾ ਦਿਵਸ ਸਬੰਧੀ ਕੰਟੋਨਮੈਂਟ ਬੋਰਡ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਦੀ ਸਮੀਖਿਆ ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ (ਜ) ਗੁਰਦੇਵ ਸਿੰਘ ਧੰਮ ਵੱਲੋਂ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ. ਜ਼ੀਰਾ ਸ. ਗੁਰਮੀਤ ਸਿੰਘ ਮਾਨ ਵੀ ਹਾਜ਼ਰ ਸਨ।
ਇਸ ਮੌਕੇ ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣ ਦੇ ਨਿਰਦੇਸ਼ ਦਿੱਤੇ। ਸਹਾਇਕ ਕਮਿਸ਼ਨਰ ਨੇ ਕਿਹਾ ਕਿ ਆਜ਼ਾਦੀ ਦਿਵਸ ਦੇ ਸਬੰਧ ਵਿਚ ਕੰਟੋਨਮੈਂਟ ਬੋਰਡ ਸਟੇਡੀਅਮ, ਫ਼ਿਰੋਜ਼ਪੁਰ ਛਾਉਣੀ ਸਾਹਮਣੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੇ ਜਾਣ ਵਾਲੇ ਪ੍ਰਬੰਧਾਂ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਵੱਲੋਂ ਕੱਢੀਆਂ ਜਾਣ ਵਾਲੀਆਂ ਝਾਕੀਆਂ, ਬੈਰੀਕੇਡਿੰਗ, ਪਾਰਕਿੰਗ, ਸਟੇਜ ਸਜਾਵਟ, ਬੈਠਣ ਦੇ ਪ੍ਰਬੰਧਾਂ, ਸਫ਼ਾਈ, ਇਨਾਮਾਂ ਅਤੇ ਸਰਟੀਫਿਕੇਟਾਂ ਦੀ ਵੰਡ, ਪੀਣ ਵਾਲੇ ਪਾਣੀ, ਸਾਊਂਡ, ਰਿਫਰੈਸ਼ਮੈਂਟ, ਮੁੱਢਲੀ ਸਹਾਇਤਾ, ਫਾਇਰ ਟੈਂਡਰ, ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਸਮੇਤ ਵੱਖ-ਵੱਖ ਕੰਮਾਂ ਲਈ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।
ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਨਾਲ ਸਬੰਧਤ ਰਿਹਰਸਲਾਂ ਸ਼ਰੂ ਹੋ ਚੁੱਕੀਆਂ ਹਨ ਅਤੇ ਫੁੱਲ ਡਰੈੱਸ ਰਿਹਰਸਲ 13 ਅਗਸਤ ਨੂੰ ਕਰਵਾਈ ਜਾਵੇਗੀ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਸਮਾਰੋਹ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮਾਂ ਦੀਆਂ ਤਿਆਰੀਆਂ ਸਹੀ ਢੰਗ ਨਾਲ ਕਰਵਾਈਆਂ ਜਾਣ।
ਮੀਟਿੰਗ ਵਿੱਚ ਮਿਸ ਲਿੰਦਿਆ ਆਈ.ਏ.ਐਸ. (ਯੂ.ਟੀ.) ਅਤੇ ਸਿਮਰਨਜੀਤ ਸਿੰਘ ਪੀ.ਸੀ.ਐਸ. (ਯੂ.ਟੀ.), ਡੀ.ਡੀ.ਪੀ.ਓ. ਹਰਜਿੰਦਰ ਸਿੰਘ, ਤਹਿਸਲਦਾਰ ਫ਼ਿਰੋਜ਼ਪੁਰ ਹਰਮਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿੱ) ਮੁਨੀਲਾ ਅਰੋੜਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿੱ) ਡਾ. ਸਤਿੰਦਰ ਸਿੰਘ, ਕਾਰਜਸਾਧਕ ਅਫ਼ਸਰ ਨਗਰ ਕੌਂਸਲ ਪੂਨਮ ਭਟਨਾਗਰ ਸਮੇਤ ਸਮੂਹ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।