“ਫਿਰੋਜ਼ਪੁਰ ਗੋਲੀਕਾਂਡ: ਰਾਹੁਲ ਕੱਕੜ ਦਾ ਹਮਲਾ ਫਰਜ਼ੀ, ਪੁਲਿਸ ਕਾਰਵਾਈ ਦੇ ਮੂਡ ‘ਚ”
- 165 Views
- kakkar.news
- August 8, 2025
- Crime Punjab
“ਫਿਰੋਜ਼ਪੁਰ ਗੋਲੀਕਾਂਡ: ਰਾਹੁਲ ਕੱਕੜ ਦਾ ਹਮਲਾ ਫਰਜ਼ੀ, ਪੁਲਿਸ ਕਾਰਵਾਈ ਦੇ ਮੂਡ ‘ਚ”
ਫਿਰੋਜ਼ਪੁਰ 8 ਅਗਸਤ 2025 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਦੇ ਬਾਗੀ ਰੋਡ ‘ਤੇ ਕੁਝ ਦਿਨ ਪਹਿਲਾਂ ਸਮਾਜ ਸੇਵੀ ਅਤੇ ਇਮੀਗ੍ਰੇਸ਼ਨ ਬਿਜ਼ਨਸ ਦੇ ਮਾਲਕ ਰਾਹੁਲ ਕੱਕੜ ‘ਤੇ ਹੋਏ ਗੋਲੀਕਾਂਡ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਰਾਹੁਲ ਕੱਕੜ ਨੇ ਖੁਦ ਪੁਲਿਸ ਅੱਗੇ ਸਵੀਕਾਰਿਆ ਹੈ ਕਿ ਇਹ ਹਾਦਸਾ ਕਿਸੇ ਹਮਲੇ ਕਾਰਨ ਨਹੀਂ ਬਲਕਿ ਅਣਜਾਣੇ ਵਿਚ ਹੋਇਆ ਸੀ।
ਰਾਹੁਲ ਕੱਕੜ ਨੇ ਦੱਸਿਆ ਕਿ ਉਹ ਦੋ ਦਿਨਾਂ ਦੀ ਧਾਰਮਿਕ ਯਾਤਰਾ ਤੋਂ ਵਾਪਸ ਆ ਰਹੇ ਸਨ ਅਤੇ ਲਗਾਤਾਰ ਜਾਗਣ ਤੇ ਮਾਨਸਿਕ ਦਬਾਅ ਕਾਰਨ ਬਹੁਤ ਥੱਕੇ ਹੋਏ ਸਨ। ਕੈਂਟ ਤੋਂ ਘਰ ਜਾਂਦਿਆਂ ਬਾਗੀ ਰੋਡ ‘ਤੇ ਸਕੂਟੀ ਰੋਕ ਕੇ ਪਿਸਤੌਲ ਕੱਢਣ ਦੀ ਕੋਸ਼ਿਸ਼ ਦੌਰਾਨ ਅਚਾਨਕ ਗੋਲੀ ਚੱਲੀ ਜੋ ਉਨ੍ਹਾਂ ਦੇ ਖੱਬੇ ਮੋਢੇ ਨਾਲ ਲੱਗ ਗਈ। ਗੋਲੀ ਲੱਗਣ ਤੋਂ ਬਾਅਦ ਉਹ ਸਿੱਧੇ ਆਪਣੇ ਦਫਤਰ ਪਹੁੰਚੇ, ਜਿਥੇ ਪਤਨੀ ਨੇ ਉਨ੍ਹਾਂ ਨੂੰ ਹਸਪਤਾਲ ਭੇਜਿਆ। ਇਲਾਜ ਦੌਰਾਨ ਡਾਕਟਰਾਂ ਵੱਲੋਂ ਕਾਰਨ ਪੁੱਛਣ ‘ਤੇ ਉਹਨਾਂ ਨੇ ਘਬਰਾਹਟ ਵਿੱਚ ਗਲਤ ਬਿਆਨ ਦੇ ਦਿੱਤਾ।
ਹੁਣ ਛੇ ਦਿਨ ਬਾਅਦ, ਰਾਹੁਲ ਕੱਕੜ ਨੇ ਸਾਰੀ ਅਸਲੀ ਘਟਨਾ ਪੁਲਿਸ ਨੂੰ ਦੱਸ ਕੇ ਇਲਾਜ ਦੌਰਾਨ ਦਿੱਤੇ ਬਿਆਨ ਰੱਦ ਕਰਨ ਦੀ ਗੁਜ਼ਾਰਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਗਲਤੀ ਅਣਜਾਣੇ ਵਿਚ ਹੋਈ ਸੀ ਅਤੇ ਇਸਦਾ ਉਨ੍ਹਾਂ ਨੂੰ ਪਛਤਾਵਾ ਹੈ।
ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਕੱਕੜ ਨੇ ਨਾ ਸਿਰਫ਼ ਪੁਲਿਸ ਨੂੰ ਬਲਕਿ ਪ੍ਰੈਸ ਅਤੇ ਲੋਕਾਂ ਨੂੰ ਵੀ ਗੁਮਰਾਹ ਕੀਤਾ ਹੈ, ਜਿਸ ਲਈ ਉਸ ‘ਤੇ ਕਾਨੂੰਨੀ ਕਾਰਵਾਈ ਅਤੇ ਮੁਕੱਦਮਾ ਦਰਜ ਕੀਤਾ ਜਾ ਸਕਦਾ ਹੈ। ਇਸ ਘਟਨਾ ਨਾਲ ਰਾਹੁਲ ਕੱਕੜ ਲਈ ਕਾਨੂੰਨੀ ਤੇ ਸਮਾਜਕ ਪੱਧਰ ‘ਤੇ ਵੱਡੀ ਮੁਸ਼ਕਲ ਖੜੀ ਹੋ ਗਈ ਹੈ, ਜਿਸਦਾ ਸਾਹਮਣਾ ਹੁਣ ਉਹਨਾਂ ਨੂੰ ਖੁਦ ਕਰਨਾ ਪਵੇਗਾ।