ਮਮਦੋਟ ਵਿੱਚ ਡਾਇਰੀਆ ਪ੍ਰਤੀ ਜਾਗਰੂਕਤਾ ਕੈਂਪ, ਬੱਚਿਆਂ ਅਤੇ ਮਾਪਿਆਂ ਨੂੰ ਦਿੱਤੀਆਂ ਸਾਵਧਾਨੀਆਂ
- 23 Views
- kakkar.news
- August 11, 2025
- Health Punjab
ਮਮਦੋਟ ਵਿੱਚ ਡਾਇਰੀਆ ਪ੍ਰਤੀ ਜਾਗਰੂਕਤਾ ਕੈਂਪ, ਬੱਚਿਆਂ ਅਤੇ ਮਾਪਿਆਂ ਨੂੰ ਦਿੱਤੀਆਂ ਸਾਵਧਾਨੀਆਂ
ਫਿਰੋਜ਼ਪੁਰ /ਮਮਦੋਟ 11 ਅਗਸਤ 2025 ( ਸੀਟੀਜ਼ਨਜ਼ ਵੋਇਸ)
ਸਿਹਤ ਵਿਭਾਗ ਵੱਲੋਂ ਪੰਜਾਬ ਭਰ ਵਿੱਚ ਡਾਇਰੀਆ ਨੂੰ ਲੈ ਕੇ ਸਮੇਂ-ਸਮੇਂ ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਸਰਕਾਰੀ ਹਸਪਤਾਲ ਸੀ.ਐਚ.ਸੀ. ਮਮਦੋਟ ਵਿੱਚ ਡਾਇਰੀਆ ਬਾਰੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਡਾਇਰੀਆ ਤੋਂ ਬਚਾਅ ਦੇ ਉਪਾਅ ਦੱਸੇ ਗਏ ਅਤੇ ਇਸ ਦੇ ਇਲਾਜ ਲਈ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ।
ਸੀ.ਐਚ.ਸੀ. ਮਮਦੋਟ ਦੀ ਮੈਡੀਕਲ ਅਫਸਰ ਡਾ. ਪ੍ਰੀਤੀ ਗਰਗ ਨੇ ਦੱਸਿਆ ਕਿ ਸਿਵਲ ਸਰਜਨ ਫਿਰੋਜ਼ਪੁਰ ਦੇ ਮਾਰਗਦਰਸ਼ਨ ਅਤੇ ਸੀਨੀਅਰ ਮੈਡੀਕਲ ਅਫਸਰ ਮਮਦੋਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਗਾਤਾਰ ਡਾਇਰੀਆ ਬਾਰੇ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਮਾਨਸੂਨ ਦੇ ਮੌਸਮ ਵਿੱਚ ਡਾਇਰੀਆ ਦੇ ਮਾਮਲੇ ਵਧਣਾ ਆਮ ਗੱਲ ਹੈ, ਇਸ ਲਈ ਸਿਹਤ ਵਿਭਾਗ ਵੱਲੋਂ ਪੂਰੀ ਸਾਵਧਾਨੀ ਬਰਤੀ ਜਾ ਰਹੀ ਹੈ।
ਡਾਇਰੀਆ, ਜਿਸ ਨੂੰ ਦਸਤ ਵੀ ਕਿਹਾ ਜਾਂਦਾ ਹੈ, ਵਿੱਚ ਪਖਾਨਾ ਬਹੁਤ ਪਤਲਾ ਜਾਂ ਪਾਣੀ ਵਰਗਾ ਹੋ ਜਾਂਦਾ ਹੈ ਅਤੇ ਬਾਰ-ਬਾਰ ਟਾਇਲਟ ਜਾਣਾ ਪੈਂਦਾ ਹੈ। ਇਸ ਦੇ ਕਾਰਨਾਂ ਵਿੱਚ ਬੈਕਟੀਰੀਆ, ਵਾਇਰਸ ਜਾਂ ਪਰਜੀਵੀ ਦਾ ਇੰਫੈਕਸ਼ਨ, ਗੰਦਾ ਖਾਣਾ ਜਾਂ ਪਾਣੀ, ਕੁਝ ਦਵਾਈਆਂ ਦੇ ਸਾਈਡ-ਇਫੈਕਟ ਜਾਂ ਪਚਣ ਤੰਤਰ ਦੀ ਕਮਜ਼ੋਰੀ ਸ਼ਾਮਲ ਹੈ। ਲੱਛਣਾਂ ਵਿੱਚ ਪੇਟ ਦਰਦ, ਮਰੋੜ, ਉਲਟੀ, ਬੁਖਾਰ ਆਉਣਾ ਸ਼ਾਮਲ ਹੈ।
ਡਾਇਰੀਆ ਦੌਰਾਨ ਸ਼ਰੀਰ ਵਿੱਚ ਪਾਣੀ ਅਤੇ ਇਲੈਕਟਰੋਲਾਈਟ ਦੀ ਘਾਟ ਹੋ ਜਾਂਦੀ ਹੈ, ਇਸ ਲਈ ਪਾਣੀ, ਜੂਸ ਜਾਂ ਓ.ਆਰ.ਐਸ. ਵੱਧ ਪੀਣਾ ਚਾਹੀਦਾ ਹੈ। ਦਸਤ ਹੋਣ ‘ਤੇ ਨਰਮ, ਘੱਟ ਫਾਇਬਰ ਵਾਲਾ ਅਤੇ ਘੱਟ ਮਸਾਲੇਦਾਰ ਖਾਣਾ ਜਿਵੇਂ ਕਿ ਕੇਲਾ, ਚੌਲ ਜਾਂ ਦਹੀਂ ਖਾਣਾ ਫਾਇਦੇਮੰਦ ਹੈ। ਜੇ ਦਸਤ 2-3 ਦਿਨ ਤੋਂ ਵੱਧ ਰਹਿਣ ਜਾਂ ਗੰਭੀਰ ਹੋਣ, ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਡਾ. ਗਰਗ ਨੇ ਕਿਹਾ ਕਿ ਡਾਇਰੀਆ ਆਮ ਸਮੱਸਿਆ ਹੈ ਪਰ ਇਸਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

