ਭਾਰਤ ਸਰਕਾਰ ਦੀ ਟੀਮ ਵੱਲੋਂ ਫ਼ਿਰੋਜ਼ਪੁਰ ਜ਼ਿਲੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- 105 Views
- kakkar.news
- September 5, 2025
- Punjab
ਭਾਰਤ ਸਰਕਾਰ ਦੀ ਟੀਮ ਵੱਲੋਂ ਫ਼ਿਰੋਜ਼ਪੁਰ ਜ਼ਿਲੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਫ਼ਿਰੋਜ਼ਪੁਰ, 5 ਸਤੰਬਰ 2025 (ਅਨੁਜ ਕੱਕੜ ਟੀਨੂੰ)
ਭਾਰਤ ਸਰਕਾਰ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਮੁਆਇਨਾ ਕਰਨ ਲਈ ਭੇਜੀ ਗਈ ਟੀਮ ਜਿਸ ਵਿੱਚ ਸ਼੍ਰੀ ਸੁਦੀਪ ਦੱਤਾ ਅੰਡਰ ਸੈਕਟਰੀ ਦਿਹਾਤੀ ਵਿਕਾਸ ਮੰਤਰਾਲਾ ਭਾਰਤ ਸਰਕਾਰ, ਲਕਸ਼ਮਣ ਰਾਮ ਬੁਲਡਕ ਡਾਇਰੈਕਟਰ ਐਗਰੀਕਲਚਰ, ਪ੍ਰਕਾਸ਼ ਚੰਦ ਡਿਪਟੀ ਡਾਰੈਕਟਰ ਮਨਿਸਟਰੀ ਆਫ ਜਲ ਸ਼ਕਤੀ, ਆਰ.ਕੇ. ਤਿਵਾੜੀ ਸੀ.ਈ.ਏ. ਪਾਵਰ ਮੰਤਰਾਲਾ ਸ਼ਾਮਿਲ ਹਨ, ਵੱਲੋਂ ਫ਼ਿਰੋਜ਼ਪੁਰ ਜ਼ਿਲੇ ਦਾ ਦੌਰਾ ਕਰਕੇ ਵੱਖ-ਵੱਖ ਪਿੰਡਾਂ ਵਿੱਚ ਹੜ੍ਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਅਤੇ ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ ਵੀ ਉਨ੍ਹਾਂ ਨਾਲ ਸਨ।
ਇਸ ਦੌਰਾਨ ਕੇਂਦਰੀ ਟੀਮ ਵੱਲੋਂ ਫਿਰੋਜ਼ਪੁਰ ਦੇ ਸਤਲੁਜ ਦਰਿਆ ਦੇ ਕੰਢੇ ਤੇ ਪਿੰਡਾਂ ਅਤੇ ਹੂਸੈਨੀਵਾਲਾ ਦਾ ਦੌਰਾ ਕਰਕੇ ਗਰਾਊਂਡ ਜ਼ੀਰੋ ਦੀ ਰਿਪੋਰਟ ਹਾਸਲ ਕੀਤੀ ਗਈ। ਇਸ ਦੌਰਾਨ ਹੁਸੈਨੀਵਾਲਾ ਵਿਖੇ ਡਿਪਟੀ ਕਮਿਸ਼ਨਰ ਅਤੇ ਫੌਜ ਮੁਖੀਆਂ ਨੇ ਕੇਂਦਰੀ ਟੀਮ ਨੂੰ ਸਤਲੁਜ ਦਰਿਆ ਵਿੱਚ ਪਾਣੀ ਅਤੇ ਸਥਾਨਕ ਹਾਲਾਤਾਂ ਦੀ ਜਾਣਕਾਰੀ ਦਿੱਤੀ। ਕੇਂਦਰੀ ਟੀਮ ਵੱਲੋਂ ਫੌਜ ਦੇ ਅਧਿਕਾਰੀਆਂ ਨੂੰ ਹੁਸੈਨੀਵਾਲਾ ਵਿਖੇ ਹੋਏ ਸੈਨਾ ਦੇ ਬੁਨਿਆਦੀ ਢਾਂਚੇ ਦੇ ਨੁਕਸਾਨ ਦਾ ਮੁਆਇਨਾ ਕਰਕੇ ਉਸ ਦੀ ਮੁੜ ਉਸਾਰੀ ਤੇ ਆਉਣ ਵਾਲੇ ਖਰਚੇ ਦਾ ਅਨੁਮਾਨ ਲਗਾ ਕੇ ਡਿਪਟੀ ਕਮਿਸ਼ਨਰ ਰਾਹੀਂ ਕੇਂਦਰ ਨੂੰ ਭੇਜਿਆ ਜਾਵੇ ਤਾਂ ਜੋ ਇਸ ਨੂੰ ਮੁੜ ਤੋਂ ਉਸਾਰਿਆ ਜਾ ਸਕੇ।
ਇਸ ਤੋਂ ਪਹਿਲਾਂ ਕੇਂਦਰੀ ਟੀਮ ਵੱਲੋਂ ਹੂਸੈਨੀਵਾਲਾ ਹੈਡ ਵਰਕਸ ਵਿਖੇ ਸਤਲੁਜ ਦਰਿਆ ਦੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ਗਿਆ। ਇਸ ਉਪਰੰਤ ਕੇਂਦਰੀ ਟੀਮ ਵੱਲੋਂ ਬਾਰੇ ਕੇ ਰਾਹਤ ਕੇਂਦਰ ਦਾ ਵੀ ਦੌਰਾ ਕੀਤਾ ਗਿਆ ਅਤੇ ਉਥੇ ਲੋਕਾਂ ਨੂੰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਹਨਾਂ ਵੱਲੋਂ ਇਸ ਮੌਕੇ ਰਾਹਤ ਕੇਂਦਰ ਵਿੱਚ ਰਹਿ ਰਹੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ।
ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਕੇਂਦਰੀ ਟੀਮ ਨੂੰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ ਪ੍ਰਭਾਵਿਤਾਂ ਦੀ ਕੀਤੀ ਜਾ ਰਹੀ ਮਦਦ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਅਤੇ ਕੀਤੇ ਜਾ ਰਹੇ ਰਾਹਤ ਕਾਰਜਾਂ ਬਾਰੇ ਜਾਣੂ ਕਰਾਇਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਦਮਨਜੀਤ ਸਿੰਘ ਮਾਨ, ਐਸਡੀਐਮ ਫਿਰੋਜ਼ਪੁਰ ਅਮਨਦੀਪ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।


