ਡਾਇਟ ਫਿਰੋਜ਼ਪੁਰ ਵਿਖੇ ਬੀ.ਆਰ.ਸੀ ਅਤੇ ਡੀ.ਆਰ.ਸੀ ਦੀ ਤਿੰਨ ਰੋਜ਼ਾ ਇੰਡਕਸ਼ਨ ਟ੍ਰੇਨਿੰਗ ਸਫਲਤਾਪੂਰਵਕ ਸਮਾਪਤ
- 65 Views
- kakkar.news
- September 14, 2025
- Education Punjab
ਡਾਇਟ ਫਿਰੋਜ਼ਪੁਰ ਵਿਖੇ ਬੀ.ਆਰ.ਸੀ ਅਤੇ ਡੀ.ਆਰ.ਸੀ ਦੀ ਤਿੰਨ ਰੋਜ਼ਾ ਇੰਡਕਸ਼ਨ ਟ੍ਰੇਨਿੰਗ ਸਫਲਤਾਪੂਰਵਕ ਸਮਾਪਤ
ਫ਼ਿਰੋਜ਼ਪੁਰ 14 ਸਤੰਬਰ 2025 ( ਸਿਟੀਜ਼ਨਜ਼ ਵੋਇਸ)
ਐਸ.ਸੀ.ਈ.ਆਰ.ਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਇੰਸਟੀਚਿਊਟ ਆਫ਼ ਐਜੂਕੇਸ਼ਨ ਐਂਡ ਟ੍ਰੇਨਿੰਗ (ਡਾਇਟ) ਫਿਰੋਜ਼ਪੁਰ ਵਿਖੇ ਮਿਤੀ 11 ਸਤੰਬਰ ਤੋਂ 13 ਸਤੰਬਰ 2025 ਤੱਕ ਬੀ.ਆਰ.ਸੀ ਅਤੇ ਡੀ.ਆਰ.ਸੀ ਦੀ ਤਿੰਨ ਰੋਜ਼ਾ ਇੰਡਕਸ਼ਨ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ।
ਇਸ ਟ੍ਰੇਨਿੰਗ ਵਿੱਚ ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਜ਼ਿਲ੍ਹਿਆਂ ਤੋਂ ਕੁੱਲ 83 ਅਧਿਆਪਕਾਂ ਨੇ ਭਾਗ ਲਿਆ। ਸ਼ੁਰੂਆਤੀ ਸੈਸ਼ਨ ਦੌਰਾਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਫ਼ਿਰੋਜ਼ਪੁਰ ਡਾ. ਸਤਿੰਦਰ ਸਿੰਘ ਅਤੇ ਡਾਇਟ ਪ੍ਰਿੰਸੀਪਲ ਮੈਡਮ ਸੀਮਾ ਨੇ ਸਾਰੇ ਅਧਿਆਪਕਾਂ ਦਾ ਸਵਾਗਤ ਕੀਤਾ। ਪਹਿਲੇ ਦਿਨ ਸਟੇਟ ਰਿਸੋਰਸ ਪਰਸਨ ਮਹਿੰਦਰ ਸਿੰਘ ਸ਼ੈਲੀ ਨੇ ਟ੍ਰੇਨਿੰਗ ਦੇ ਉਦੇਸ਼ਾਂ, ਮੈਦਾਨੀ ਪੱਧਰ ਉੱਤੇ ਆ ਰਹੀਆਂ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਦੂਜੇ ਦਿਨ ਸਟੇਟ ਅਸਿਸਟੈਂਟ ਡਾਇਰੈਕਟਰ ਸ਼ੰਕਰ ਚੌਧਰੀ ਨੇ ਬੀ.ਆਰ.ਸੀ ਸਾਹਿਬਾਨ ਨੂੰ ਸੰਬੋਧਨ ਕਰਦੇ ਕਿਹਾ ਬੀਆਰਸੀ ਦਾ ਮੁੱਖ ਕੰਮ ਅਧਿਆਪਕ ਦੇ ਮਾਰਗ ਦਰਸ਼ਕ ਵਜੋਂ ਸਕੂਲਾਂ ਵਿੱਚ ਵਿਚਰਨਾ ਹੈ। ਉਨ੍ਹਾਂ ਨੇ ਕਿਹਾ ਕਿ ਬੀ.ਆਰ.ਸੀ ਅਤੇ ਡੀ.ਆਰ.ਸੀ ਸਿੱਖਿਆ ਵਿਭਾਗ ਅਤੇ ਸਕੂਲਾਂ ਵਿਚਕਾਰ ਇਕ ਅਹਿਮ ਕੜੀ ਦਾ ਕੰਮ ਕਰਦੇ ਹਨ ਜੋ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਨੇ ਸਾਰੇ ਬੀ.ਆਰ.ਸੀਜ਼ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਹਮਣਾ ਸਾਂਝੇ ਵਿਚਾਰ ਅਤੇ ਸਹਿਯੋਗ ਨਾਲ ਕੀਤਾ ਜਾ ਸਕਦਾ ਹੈ। ਨਾਲ ਹੀ, ਵਿਭਾਗ ਵੱਲੋਂ ਚਲਾਏ ਜਾ ਰਹੇ ਕੈਪੈਸਿਟੀ ਬਿਲਡਿੰਗ ਵਰਗੇ ਟ੍ਰੇਨਿੰਗ ਪ੍ਰੋਗਰਾਮਾਂ ਨੂੰ ਬੱਚਿਆਂ ਦੇ ਸਿੱਖਣ ਨਤੀਜੇ ਸੁਧਾਰਨ ਵੱਲ ਬਹੁਤ ਮਹੱਤਵਪੂਰਣ ਉਪਰਾਲਾ ਕਰਾਰ ਦਿੱਤਾ। ਤੀਜੇ ਦਿਨ ਐਸ.ਈ.ਐਫ ਚੰਡੀਗੜ੍ਹ ਤੋਂ ਮੈਡਮ ਵਿਦਿਆ ਨੇ ਵਿਸਥਾਰ ਨਾਲ ਸਮਝਾਇਆ ਕਿ ਕਿਵੇਂ ਬੀ.ਆਰ.ਸੀ ਸਾਹਿਬਾਨ ਸਿੱਧੇ ਕਲਾਸ ਵਿੱਚ ਜਾ ਕੇ ਪਾਠ ਦਾ ਅਵਲੋਕਨ ਕਰ ਸਕਦੇ ਹਨ ਅਤੇ ਉਸ ਤੋਂ ਬਾਅਦ ਸਕੂਲ ਪ੍ਰਿੰਸੀਪਲ ਅਤੇ ਅਧਿਆਪਕਾਂ ਨਾਲ ਚਰਚਾ ਕਰਕੇ ਸੁਧਾਰ ਲਈ ਯੋਜਨਾਬੱਧ ਕਦਮ ਚੁੱਕ ਸਕਦੇ ਹਨ।
ਇਸ ਮੌਕੇ ਡਿਪਟੀ ਡੀਈਓ ਡਾ. ਸਤਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜੇਕਰ ਅਧਿਆਪਕ ਆਪਣੇ ਨੈਗਟਿਵ ਪੱਖਾਂ ਨੂੰ ਛੱਡ ਕੇ ਪੋਜ਼ੀਟਿਵ ਸੋਚ ਨਾਲ ਅੱਗੇ ਵਧਣ, ਤਾਂ ਉਹ ਸਕੂਲ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਬੀ.ਆਰ.ਸੀ ਸਾਹਿਬਾਨ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਵਿੱਚ ਨਵੀਂ ਉਰਜਾ ਭਰਨ ਅਤੇ ਇਕ ਸਕਾਰਾਤਮਕ ਮਾਹੌਲ ਬਣਾਉਣ ਲਈ ਉਤਸ਼ਾਹਿਤ ਕਰਨ।
ਇਸ ਦੌਰਾਨ ਬੀ.ਆਰ.ਸੀਜ਼ ਨੂੰ ਮੈਂਟਰ ਦੇ ਤੌਰ ‘ਤੇ ਸਕੂਲਾਂ ਵਿੱਚ ਅਧਿਆਪਕਾਂ ਨਾਲ ਮਿਲ ਕੇ ਕੰਮ ਕਰਨ ਦੀ ਭੂਮਿਕਾ ‘ਤੇ ਕੇਂਦਰਿਤ ਚਰਚਾਵਾਂ ਹੋਈਆਂ। ਰਿਸੋਰਸ ਪਰਸਨ ਵਜੋਂ ਡੀ.ਆਰ.ਸੀ ਫਿਰੋਜ਼ਪੁਰ ਦੇ ਸ਼ੁਭਾਸ਼ ਚੰਦਰ ਅਤੇ ਦਿਨੇਸ਼ ਕੁਮਾਰ, ਡੀ.ਆਰ.ਸੀ ਫਰੀਦਕੋਟ ਦੇ ਵਕੀਲ ਸਿੰਘ ਅਤੇ ਕਰਮਜੀਤ ਸਿੰਘ, ਡੀ.ਆਰ.ਸੀ ਮੋਗਾ ਦੇ ਮਨਮੀਤ ਸਿੰਘ, ਨਵਦੀਪ ਸਿੰਘ, ਗੁਰਪ੍ਰੀਤ ਸਿੰਘ, ਪ੍ਰਕਾਸ਼ ਕੁਮਾਰ, ਮਨਦੀਪ ਸਿੰਘ, ਸਤੀਸ਼ ਕੁਮਾਰ, ਸੰਜੇ ਕੁਮਾਰ ਅਤੇ ਹਰੀਸ਼ ਕੁਮਾਰ ਨੇ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਈ। ਇਸ ਪੂਰੇ ਸੈਮੀਨਾਰ ਦਾ ਸਮੁੱਚਾ ਸੰਚਾਲਨ ਡਾਇਟ ਪ੍ਰਿੰਸੀਪਲ ਮੈਡਮ ਸੀਮਾ , ਲੈਕਚਰਾਰ ਗੌਰਵ ਮੌਜਾਲ ਅਤੇ ਕਲਰਕ ਆਕਾਸ਼ ਦੇ ਸਹਿਯੋਗ ਨਾਲ ਕੀਤਾ ਗਿਆ। ਇਹ ਤਿੰਨ ਰੋਜ਼ਾ ਟ੍ਰੇਨਿੰਗ ਅਧਿਆਪਕਾਂ ਲਈ ਗਿਆਨ ਵਧਾਉਣ, ਆਪਸੀ ਤਜਰਬੇ ਸਾਂਝੇ ਕਰਨ ਅਤੇ ਭਵਿੱਖ ਦੀ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਣ ਕਦਮ ਸਾਬਤ ਹੋਈ।



- October 15, 2025