ਜ਼ਿਲ੍ਹੇ ਵਿੱਚ 326 ਯੋਗ ਕਲਾਸਾਂ ‘ਚ 9 ਹਜ਼ਾਰ ਤੋਂ ਵੱਧ ਲੋਕ ਯੋਗ ਕਰ ਕੇ ਲੈ ਰਹੇ ਹਨ ਲਾਭ : ਡਿਪਟੀ ਕਮਿਸ਼ਨਰ
- 43 Views
- kakkar.news
- September 30, 2025
- Punjab
ਜ਼ਿਲ੍ਹੇ ਵਿੱਚ 326 ਯੋਗ ਕਲਾਸਾਂ ‘ਚ 9 ਹਜ਼ਾਰ ਤੋਂ ਵੱਧ ਲੋਕ ਯੋਗ ਕਰ ਕੇ ਲੈ ਰਹੇ ਹਨ ਲਾਭ : ਡਿਪਟੀ ਕਮਿਸ਼ਨਰ
ਫ਼ਿਰੋਜ਼ਪੁਰ, 30 ਸਤੰਬਰ 2025 (ਸਿਟੀਜ਼ਨਜ਼ ਵੋਇਸ)
ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਸਿਹਤਮੰਦ ਰੱਖਣ ਲਈ ਚਲਾਏ ਜਾ ਰਹੇ ਸੀ.ਐਮ. ਦੀ ਯੋਗਸ਼ਾਲਾ ਪ੍ਰੋਜੈਕਟ ਜ਼ਿਲ੍ਹੇ ਵਿੱਚ ਹਜ਼ਾਰਾਂ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਵਿੱਚ ਸਹਾਈ ਸਿੱਧ ਹੋ ਰਿਹਾ ਹੈ। ਅਕਤੂਬਰ 2023 ‘ਚ ਸਾਰੇ ਸ਼ਹਿਰਾਂ ਵਿੱਚ ਸ਼ੁਰੂ ਕੀਤੇ ਇਸ ਪ੍ਰੋਜੈਕਤ ਤਹਿਤ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ 326 ਯੋਗ ਕਲਾਸਾਂ ਵਿੱਚ 9 ਹਜ਼ਾਰ ਤੋਂ ਵੱਧ ਲੋਕ ਰੋਜ਼ਾਨਾਂ ਯੋਗ ਕਰ ਕੇ ਲਾਭ ਲੈ ਰਹੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਹਤਮੰਦ ਪੰਜਾਬ ਦੀ ਸਿਰਜਣਾ ਵਿੱਚ ਸੀ.ਐਮ. ਦੀ ਯੋਗਸ਼ਾਲਾ ਕਾਫ਼ੀ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਤਹਿਤ ਫ਼ਿਰੋਜ਼ਪੁਰ, ਗੁਰੂਹਰਸਹਾਏ, ਜ਼ੀਰਾ ਅਤੇ ਮੱਖੂ ਵਿਖੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਵੱਖ-ਵੱਖ ਥਾਵਾਂ ’ਤੇ ਯੋਗ ਕਲਾਸਾਂ ਸਵੇਰੇ ਸ਼ਾਮ ਲੱਗਦੀਆਂ ਹਨ। ਇਨ੍ਹਾਂ ਕਲਾਸਾਂ ਵਿੱਚ ਕਿਸੇ ਵਿਅਕਤੀ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਅਤੇ ਪੰਜਾਬ ਸਰਕਾਰ ਵੱਲੋਂ ਨਿਯੁਕਤ ਮਾਹਿਰ ਯੋਗ ਟਰੇਨਰਾਂ ਵੱਲੋਂ ਲੋਕਾਂ ਨੂੰ ਯੋਗ ਅਭਿਆਸ ਕਰਾਇਆ ਜਾਂਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਜ਼ਦੀਕ ਦੀ ਯੋਗ ਕਲਾਸ ਦਾ ਲਾਭ ਜ਼ਰੂਰ ਲੈਣ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ 90 ਮਾਹਿਰ ਯੋਗ ਟਰੇਨਰ ਨਿਯੁਕਤ ਕੀਤੇ ਗਏ ਹਨ ਜੋ ਫ਼ਿਰੋਜ਼ਪੁਰ ਦੇ ਤਹਿਸੀਲਾਂ, ਬਲਾਕਾਂ, ਪਿੰਡਾਂ ਵਿੱਚ ਵੱਖ-ਵੱਖ ਥਾਵਾਂ ‘ਤੇ ਸੀ.ਐਮ. ਦੀ ਯੋਗਸ਼ਾਲਾ ਦੀਆਂ ਸਵੇਰੇ-ਸ਼ਾਮ ਕਲਾਸਾਂ ਲੈ ਕੇ ਲੋਕਾਂ ਨੂੰ ਯੋਗ ਸਿਖਾ ਰਹੇ ਹਨ।
ਉਨ੍ਹਾਂ ਕਿਹਾ ਕਿ ਹਰੇਕ ਟ੍ਰੇਨਰ ਆਪਣੀ ਸੇਵਾ ਬੜੀ ਬਾਖੂਬੀ ਦੇ ਨਾਲ ਨਿਭਾ ਰਿਹਾ ਹੈ। ਯੋਗ ਕਰਵਾਉਣ ਦੇ ਨਾਲ-ਨਾਲ ਲੋਕਾਂ ਨੂੰ ਯੋਗ ਦੇ ਫਾਇਦਿਆਂ ਬਾਰੇ ਵੀ ਜਾਗਰੂਕ ਕਰਵਾਇਆ ਜਾ ਰਿਹਾ ਹੈ ਅਤੇ ਸਿਹਤਮੰਦ ਜੀਵਨਸ਼ੈਲੀ ਅਤੇ ਸੰਤੁਲਿਤ ਖੁਰਾਕ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਮੁਫ਼ਤ ਯੋਗਸ਼ਾਲਾ ਦੇ ਵਿੱਚ ਹਰ ਵਰਗ ਦੇ ਲੋਕ ਬੱਚੇ, ਨੌਜਵਾਨ, ਔਰਤਾਂ ਅਤੇ ਬਜ਼ੁਰਗ ਭਾਗ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਗਲੀ ਮੁਹੱਲੇ ਦੇ ਵਿੱਚ ਲੋਕ ਯੋਗ ਕਲਾਸ ਲਗਵਾਉਣਾ ਚਾਹੁੰਦੇ ਹਨ ਤਾਂ ਉਹ 25 ਮੈਂਬਰਾਂ ਦਾ ਇੱਕ ਗਰੁੱਪ ਬਣਾ ਕੇ ਫੋਨ ਨੰਬਰ 76694-00500 ’ਤੇ ਮਿਸਡ ਕਾਲ ਕਰ ਸਕਦੇ ਹਨ ਜਾਂ ਫੋਨ ਨੰਬਰ 78888-40115 ‘ਤੇ ਵੀ ਕਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਮੁਫ਼ਤ ਯੋਗ ਕਲਾਸਾਂ ਲਈ https://cmdiyogshala.punjab.gov.in ’ਤੇ ਵੀ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ।



- October 15, 2025