ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਦੁਧਾਰੂ ਪਸ਼ੂਆਂ ਦੀ ਵੰਡ
- 28 Views
- kakkar.news
- October 7, 2025
- Punjab
ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਦੁਧਾਰੂ ਪਸ਼ੂਆਂ ਦੀ ਵੰਡ
ਫ਼ਿਰੋਜ਼ਪੁਰ, 7 ਅਕਤੂਬਰ 2025 (ਅਨੁਜ ਕੱਕੜ ਟੀਨੂੰ)
ਐਜੂਕੇਟ ਪੰਜਾਬ ਪ੍ਰੋਜੈਕਟ ਪਿਛਲੇ ਕਈ ਸਾਲਾਂ ਤੋਂ ਲੋੜਵੰਦ ਵਿਦਿਆਰਥੀਆਂ ਦੀ ਸਿੱਖਿਆ ਲਈ ਵਜ਼ੀਫਿਆਂ ਅਤੇ ਮੁਫ਼ਤ ਸਕੂਲਾਂ ਰਾਹੀਂ ਸੇਵਾ ਕਰ ਰਿਹਾ ਹੈ। ਇਸ ਵੇਲੇ ਲਗਭਗ 6,000 ਵਿਦਿਆਰਥੀ ਸਕਾਲਰਸ਼ਿਪ ਅਤੇ 7 ਫਰੀ ਸਕੂਲਾਂ ਰਾਹੀਂ ਸਿੱਖਿਆ ਪ੍ਰਾਪਤ ਕਰ ਰਹੇ ਹਨ।
ਸਾਲ 2025 ਵਿੱਚ ਆਏ ਭਿਆਨਕ ਹੜ੍ਹਾਂ ਦੌਰਾਨ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਸੇਵਾਵਾਂ ਲਗਾਤਾਰ ਜਾਰੀ ਹਨ। 22 ਅਗਸਤ 2025 ਤੋਂ ਟੀਮ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜ ਕਰ ਰਹੀ ਹੈ ਅਤੇ 12 ਪਿੰਡਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਲਈ ਗਈ ਹੈ। ਇਸ ਸੇਵਾ ਅਧੀਨ ਫਸਲਾਂ ਦੀ ਬਿਜਾਈ, ਬੱਚਿਆਂ ਦੀ ਪੜ੍ਹਾਈ, ਪਸ਼ੂਆਂ ਦੀ ਭਰਪਾਈ ਅਤੇ ਹੋਰ ਸਹਾਇਤਾ ਕਾਰਜ ਕੀਤੇ ਜਾ ਰਹੇ ਹਨ।
ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ 20 ਦੁਧਾਰੂ ਪਸ਼ੂਆਂ ਦੀ ਵੰਡ ਕੀਤੀ ਗਈ। ਇਹ ਪਸ਼ੂ ਉਹਨਾਂ ਪਰਿਵਾਰਾਂ ਨੂੰ ਦਿੱਤੇ ਗਏ ਜਿਨ੍ਹਾਂ ਦੇ ਪਸ਼ੂ ਹੜ੍ਹਾਂ ਦੌਰਾਨ ਨੁਕਸਾਨੇ ਗਏ ਸਨ।
ਵੰਡ ਸਮਾਗਮ ਤੋਂ ਪਹਿਲਾਂ ਅਰਦਾਸ ਦੀ ਸੇਵਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਵੱਲੋਂ ਨਿਭਾਈ ਗਈ।
ਇਸ ਮੌਕੇ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਸੇਵਾਦਾਰ ਸਰਦਾਰ ਜਸਵਿੰਦਰ ਸਿੰਘ ਖਾਲਸਾ ਅਤੇ ਹੋਰ ਮੈਂਬਰ ਹਾਜ਼ਰ ਸਨ।
ਸਰਦਾਰ ਜਸਵਿੰਦਰ ਸਿੰਘ ਖਾਲਸਾ ਜੀ ਨੇ ਕਿਹਾ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਲੋੜਵੰਦ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮੁੜ ਬਹਾਲੀ ਲਈ ਵੀ ਵਚਨਬੱਧ ਹੈ।
ਉਹਨਾਂ ਕਿਹਾ, “ਹੜ੍ਹਾਂ ਦੌਰਾਨ ਬਹੁਤ ਸਾਰੇ ਪਰਿਵਾਰਾਂ ਨੇ ਆਪਣਾ ਸਭ ਕੁਝ ਗਵਾ ਦਿੱਤਾ ਹੈ। ਅਸੀਂ ਇਨ੍ਹਾਂ ਪਰਿਵਾਰਾਂ ਨੂੰ ਮੁੜ ਖੜ੍ਹਾ ਕਰਨ ਲਈ ਸੰਭਵ ਸਹਾਇਤਾ ਜਾਰੀ ਰੱਖਾਂਗੇ।”
ਗਿਆਨੀ ਰਘਬੀਰ ਸਿੰਘ ਜੀ ਨੇ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਇਸ ਸੇਵਾ ਦੀ ਵੱਡੀ ਸ਼ਲਾਘਾ ਕੀਤੀ ਅਤੇ ਟੀਮ ਦਾ ਸਮਾਜ ਸੇਵਾ ਵਿੱਚ ਵਡਮੁੱਲੇ ਯੋਗਦਾਨ ਲਈ ਧੰਨਵਾਦ ਕੀਤਾ।



- October 15, 2025