ਬਿਜਲੀ ਦੇ ਪ੍ਰੋਜੈਕਟ ਮੁਕੰਮਲ ਹੋਣ ਨਾਲ ਜ਼ਿਲ੍ਹਾ ਵਾਸੀਆਂ ਨੂੰ ਪਾਵਰਕੱਟਾਂ ਤੋਂ ਮਿਲੇਗੀ ਨਿਜ਼ਾਤ
- 36 Views
- kakkar.news
- October 8, 2025
- Punjab
ਫਿਰੋਜ਼ਪੁਰ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 139.79 ਕਰੋੜ ਰੁਪਏ ਦੇ ਕੰਮਾਂ ਦੀ ਸ਼ੁਰੂਆਤ
ਬਿਜਲੀ ਦੇ ਪ੍ਰੋਜੈਕਟ ਮੁਕੰਮਲ ਹੋਣ ਨਾਲ ਜ਼ਿਲ੍ਹਾ ਵਾਸੀਆਂ ਨੂੰ ਪਾਵਰਕੱਟਾਂ ਤੋਂ ਮਿਲੇਗੀ ਨਿਜ਼ਾਤ
ਫਿਰੋਜ਼ਪੁਰ, 8 ਅਕਤੂਬਰ 2025 (ਅਨੁਜ ਕੱਕੜ ਟੀਨੂੰ)
ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਅਤੇ ਮਾਣਯੋਗ ਬਿਜਲੀ ਮੰਤਰੀ ਸ੍ਰੀ ਸੰਜੀਵ ਅਰੋੜਾ ਦੀ ਸਰਗਰਮ ਸੇਧ ਅਧੀਨ ਅੱਜ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਵੱਲੋਂ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਉਸਾਰੀ, ਵਾਧੇ ਅਤੇ ਨਵੀਨੀਕਰਨ ਦੇ 139.79 ਕਰੋੜ ਰੁਪਏ ਨਾਲ ਹੋਣ ਵਾਲੇ ਕੰਮਾਂ ਦਾ ਜ਼ਿਲ੍ਹਾ ਪੱਧਰ ਤੇ ਸ਼ੁੱਭ ਆਰੰਭ ਕੀਤਾ ਗਿਆ | ਇਹ ਰਕਮ ਨਵੀਆਂ ਲਾਈਨਾ ਉਸਾਰਨ, ਨਵੇਂ ਟਰਾਂਸਫਾਰਮਰ ਲਗਾਉਣ, ਨਵੇ ਸਬ-ਸਟੇਸ਼ਨ ਬਣਾਉਣ ਅਤੇ ਪੁਰਾਣੇ ਸਿਸਟਮ ਵਿੱਚ ਸੁਧਾਰ ਕਰਦੇ ਹੋਏ ਇਸ ਦੀ ਸਮਰੱਥਾ ਵਿੱਚ ਵਾਧਾ ਆਦਿ ਕਰਨ ਲਈ ਖਰਚ ਕੀਤੀ ਜਾਵੇਗੀ।
ਵਿਧਾਇਕ ਭੁੱਲਰ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਅਤੇ ਉਨ੍ਹਾਂ ਦੇ ਹਲਕੇ ਅਧੀਨ ਆਉਂਦੇ 66 ਕੇਵੀ ਸਬ-ਸਟੇਸ਼ਨ ਸਿਟੀ ਫਿਰੋਜ਼ਪੁਰ ਲਈ 66 ਕੇਵੀ ਸਪਲਾਈ ਦਾ ਬਦਲਵਾ ਪ੍ਰਬੰਧ ਕਰਨ ਲਈ ਲਗਭਗ 1.326 ਕਿਲੋਮੀਟਰ ਜ਼ਮੀਨਦੋਜ ਅਤੇ 2.128 ਕਿਲੋਮੀਟਰ ਬਾਹਰੀ (ਓਵਰਹੈਡ) ਨਵੀਂ 66 ਕੇਵੀ ਲਾਈਨ ਪਾਈ ਜਾਣੀ ਹੈ। ਜਿਸ ਉੱਤੇ ਤਕਰੀਬਨ 10 ਕਰੋੜ ਰੁਪਏ ਦਾ ਖਰਚਾ ਆਉਣ ਦਾ ਅਨੁਮਾਨ ਹੈ। ਇਹ ਕੰਮ ਸ਼ੁਰੂ ਹੋ ਚੁੱਕਾ ਹੈ। ਪਹਿਲਾਂ ਇਸ ਸਬ-ਸਟੇਸ਼ਨ ਤੇ 66 ਕੇਵੀ ਲਾਈਨ ਦੀ ਇਕ ਹੀ ਸਪਲਾਈ ਆਉਂਦੀ ਸੀ। ਜਿਸ ਦੇ ਬੰਦ ਹੋ ਜਾਣ ਦੀ ਸੂਰਤ ਵਿੱਚ ਲਗਭਗ ਅੱਧੇ ਫਿਰੋਜਪੁਰ ਸ਼ਹਿਰ ਦੇ ਨਾਲ-ਨਾਲ ਜ਼ਰੂਰੀ ਸੇਵਾਵਾ ਦੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦੀ ਸੀ। ਇਹ ਕੰਮ ਮੁਕੰਮਲ ਹੋ ਜਾਣ ਨਾਲ 1 ਲਾਈਨ ਦੀ ਸਪਲਾਈ ਬੰਦ ਹੋਣ ਦੀ ਸੂਰਤ ਵਿੱਚ ਦੂਸਰੀ ਲਾਈਨ ਤੋਂ ਬਿਜਲੀ ਸਪਲਾਈ ਚਾਲੂ ਰੱਖੀ ਜਾ ਸਕੇਗੀ।
ਇਸੇ ਤਰ੍ਹਾਂ 66 ਕੇਵੀ ਸਬ-ਸਟੇਸ਼ਨ ਝੋਕ ਹਰੀਹਰ ਨੂੰ ਅਪਗ੍ਰੇਡ ਕਰਕੇ 220 ਕੇਵੀ ਸਮਰੱਥਾ ਦਾ ਕੀਤਾ ਜਾ ਰਿਹਾ ਹੈ। ਇਹ ਕੰਮ ਸਾਲ 2026 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਸ ਕੰਮ ਉੱਪਰ ਲਗਭਗ 16 ਕਰੋੜ ਰੁਪਏ ਦਾ ਖਰਚਾ ਆਉਣ ਦਾ ਅਨੁਮਾਨ ਹੈ। ਇਹ ਕੰਮ ਮੁਕੰਮਲ ਹੋਣ ਨਾਲ ਜਿਲ੍ਹਾਂ ਵਾਸੀਆਂ ਨੂੰ ਆਉਂਦੀਆ ਬਿਜਲੀ ਸਬੰਧੀ ਸਮੱਸਿਆਵਾ ਹੱਲ ਹੋਣਗੀਆ ।
ਇਸੇ ਤਰ੍ਹਾਂ 66 ਕੇਵੀ ਸਬ-ਸਟੇਸ਼ਨ ਐਫ.ਸੀ.ਆਈ. ਤੇ ਪਾਵਰ ਟਰਾਂਸਫਾਰਮਰ ਜੋ ਪਹਿਲਾਂ 12.5 ਐਮ.ਵੀ.ਏ ਸਮਰੱਥਾ ਦਾ ਸੀ, ਇਸ ਨੂੰ 20 ਐਮ.ਵੀ.ਏ ਨਾਲ ਬਦਲ ਕੇ ਇਸ ਦੀ ਸਮਰੱਥਾ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਇਹ ਵਾਧਾ ਹੋਣ ਨਾਲ ਫਿਰੋਜਪੁਰ ਸ਼ਹਿਰ, ਛਾਉਣੀ ਅਤੇ ਇਸ ਦੇ ਨਾਲ ਲੱਗਦੇ ਸਰਹੱਦੀ ਪਿੰਡਾਂ ਦਾ ਭਵਿੱਖ ਵਿੱਚ ਲੋਡ ਵੱਧ ਜਾਣ ਦੀ ਸੂਰਤ ਵਿੱਚ ਓਵਰਲੋਡਿੰਗ ਦੀ ਸਮੱਸਿਆ ਨਹੀ ਹੋਵੇਗੀ। ਇਸ ਤੋਂ ਇਲਾਵਾ ਇਸ ਸਬ-ਸਟੇਸ਼ਨ ਤੇ ਕੁੱਲ 5 ਨੰਬਰ ਨਵੇਂ ਬਰੇਕਰ ਸਥਾਪਿਤ ਕੀਤੇ ਗਏ ਹਨ। ਜਿਨ੍ਹਾਂ ਵਿੱਚੋਂ 2 ਨੰਬਰ ਨਵੇਂ ਉਸਾਰੇ ਫੀਡਰਾਂ ਲਈ ਅਤੇ 3 ਨੰਬਰ ਪੁਰਾਣੇ ਅਤੇ ਖਰਾਬ ਬਰੇਕਰ ਬਦਲੀ ਕੀਤੇ ਗਏ ਹਨ। ਇਨ੍ਹਾਂ ਕੰਮਾਂ ਤੇ ਤਕਰੀਬਨ 2.63 ਕਰੋੜ ਰੁਪਏ ਦਾ ਖਰਚਾ ਆਇਆ ਹੈ।
ਇਸ ਤੋਂ ਇਲਾਵਾ 66 ਕੇਵੀ ਸਬ-ਸਟੇਸ਼ਨ ਸਿਟੀ ਫਿਰੋਜਪੁਰ ਦੇ 12.5 ਐਮ.ਵੀ.ਏ ਦੇ ਪਾਵਰ ਟਰਾਂਸਫਾਰਮਰ ਦੀ ਸਮਰੱਥਾ 20 ਐਮ.ਵੀ.ਏ ਅਤੇ 220 ਕੇਵੀ ਸਬ-ਸਟੇਸ਼ਨ ਫਿਰੋਜਪੁਰ ਕੈਂਟ ਵਿੱਖੇ 1 ਨਵਾਂ 20 ਐਮ.ਵੀ.ਏ ਸਮਰੱਥਾ ਦਾ ਪਾਵਰ ਟਰਾਂਸਫਾਰਮਰ ਲਗਾਉਣ ਦੀ ਤਜਵੀਜ ਹੈ। ਇਹ ਕੰਮ ਜਲਦ ਹੀ ਸ਼ੁਰੂ ਹੋ ਜਾਣਗੇ ਅਤੇ ਇਨ੍ਹਾਂ ਕੰਮਾਂ ਤੇ ਲਗਭਗ 7.55 ਕਰੋੜ ਦਾ ਖਰਚਾ ਆਉਂਣ ਦਾ ਅਨੁਮਾਨ ਹੈ। ਇਹ ਕੰਮ ਮੁਕੰਮਲ ਹੋ ਜਾਣ ਤੇ ਇਹਨਾਂ ਸਬ-ਸਟੇਸ਼ਨਾਂ ਤੇ ਵਾਧੂ ਲੋਡ ਲੈਣ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਫਿਰੋਜਪੁਰ ਸ਼ਹਿਰ, ਛਾਉਣੀ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਨੂੰ ਲਾਭ ਮਿਲੇਗਾ ।
ਉਨ੍ਹਾਂ ਦੱਸਿਆ ਕਿ ਇਸ ਜਿਲ੍ਹੇ ਅਧੀਨ ਆਉਂਦੇ ਸ਼ਹਿਰਾ ਅਤੇ ਕਸਬਿਆ ਵਿੱਚ ਮਾਰਚ 2027 ਤੱਕ ਪੁਰਾਣੇ ਅਤੇ ਓਵਰਲੋਡ ਫੀਡਰਾਂ ਨੂੰ ਅੰਡਰਲੋਡ ਕਰਨ ਲਈ ਕੁੱਲ 31 ਨੰਬਰ ਨਵੇ 11 ਕੇਵੀ ਫੀਡਰ, 279 ਨਵੇਂ ਟਰਾਂਸਫਾਰਮਰ ਅਤੇ 355 ਨੰਬਰ ਪੁਰਾਣੇ ਟਰਾਂਸਫਾਰਮਰ ਅਤੇ ਲਾਈਨਾਂ ਦੀ ਸਮਰੱਥਾ ਵਿੱਚ ਵਾਧਾ ਕਰਨ ਦੀ ਤਜਵੀਜ ਹੈ। ਇਨ੍ਹਾਂ ਕੰਮਾਂ ਲਈ ਲਗਭਗ 93.70 ਕਰੋੜ ਰੁਪਏ ਦਾ ਖਰਚਾ ਆਉਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਬਿਜਲੀ ਸੁਧਾਰ ਲਈ ਹੋਰ ਕੰਮ ਵੀ ਜਿਲ੍ਹੇ ਵਿੱਚ ਕੀਤੇ ਜਾਣਗੇ| ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਮਾਂ ਦੇ ਮੁਕੰਮਲ ਹੋ ਜਾਣ ਤੇ ਹਲਕਾ ਅਤੇ ਜ਼ਿਲ੍ਹਾ ਵਾਸੀਆਂ ਨੂੰ ਬਿਹਤਰ ਅਤੇ ਮਿਆਰੀ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾ ਸਕੇਗੀ । ਓਵਰਲੋਡਿੰਗ ਅਤੇ ਪਾਵਰਕੱਟਾ ਤੋਂ ਨਿਜਾਤ ਮਿਲੇਗੀ ਅਤੇ ਬਿਜਲੀ ਸਬੰਧੀ ਆਉਂਦੀਆਂ ਸ਼ਿਕਾਇਤਾ ਨੂੰ ਵੀ ਘੱਟ ਕੀਤਾ ਜਾ ਸਕੇਗਾ।
ਇਸ ਮੌਕੇ ਬਿਜਲੀ ਵਿਭਾਗ ਦੇ ਅਧਿਕਾਰੀ ਐਸ.ਈ. ਧਰਮਪਾਲ, ਐਕਸੀਅਨ ਗਗਨਦੀਪ ਬੱਤਰਾ, ਫੁਮਣ ਸਿੰਘ, ਰਜਿੰਦਰ ਕੌਰ ਗਿੱਲ, ਕਰਮਜੀਤ ਸਿੰਘ ਗਿੱਲ, ਐਸਡੀਓ ਮਨਦੀਪ ਸਿੰਘ ਭੂਈ, ਅਨੁਭਵ, ਕੁਨਾਲ ਗੋਇਲ, ਕੁਲਦੀਪ ਸਿੰਘ, ਜਤਿੰਦਰ ਸੈਣੀ ਅਤੇ ਵਿਧਾਇਕ ਸਾਹਿਬਾਨ ਨਾਲ ਪਹੁੰਚੇ ਉਨ੍ਹਾਂ ਦੇ ਟੀਮ ਮੈਂਬਰ ਨੇਕ ਪ੍ਰਤਾਪ ਸਿੰਘ, ਹਿਮਾਂਸ਼ੂ ਠੱਕਰ, ਗੁਰਭੇਜ ਸਿੰਘ, ਰਜਨੀਸ਼ ਸ਼ਰਮਾ, ਦਲੇਰ ਸਿੰਘ ਸਰਪੰਚ, ਸੁਰਜੀਤ ਸਿੰਘ ਬਲਾਕ ਪ੍ਰਧਾਨ, ਮਲਕੀਤ ਸਿੰਘ ਸਰਪੰਚ, ਦਲਬੀਰ ਸਿੰਘ ਸਰਪੰਚ, ਗੁਲਸ਼ਨ ਗੱਖੜ ਬਲਾਕ ਪ੍ਰਧਾਨ,ਸ਼ਰਨਜੀਤ ਸਿੰਘ ਲਹਿਰੀ ਆਦਿ ਹਾਜ਼ਰ ਸਨ|


