ਏਐਨਟੀਐਫ ਦੀ ਵੱਡੀ ਕਾਰਵਾਈ, 50 ਕਿਲੋ ਹੈਰੋਇਨ ਕਾਂਡ ਵਿੱਚ ਨਵਾਂ ਖੁਲਾਸਾ — ਪਾਕਿਸਤਾਨੀ ਤਸਕਰ ਨਾਲ ਕਨੈਕਸ਼ਨ, 20.55 ਲੱਖ ਡਰੱਗ ਮਨੀ ਬਰਾਮਦ
- 116 Views
- kakkar.news
- November 26, 2025
- Crime Punjab
ਏਐਨਟੀਐਫ ਦੀ ਵੱਡੀ ਕਾਰਵਾਈ, 50 ਕਿਲੋ ਹੈਰੋਇਨ ਕਾਂਡ ਵਿੱਚ ਨਵਾਂ ਖੁਲਾਸਾ — ਪਾਕਿਸਤਾਨੀ ਤਸਕਰ ਨਾਲ ਕਨੈਕਸ਼ਨ, 20.55 ਲੱਖ ਡਰੱਗ ਮਨੀ ਬਰਾਮਦ
ਫਿਰੋਜ਼ਪੁਰ 26 ਨਵੰਬਰ 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਵਿੱਚ ਨਸ਼ਾ ਤਸਕਰੀ ਵਿਰੁੱਧ ਚਾਲੂ ਮੁਹਿੰਮ ਦੌਰਾਨ ਏਐਨਟੀਐਫ ਨੇ ਇੱਕ ਹੋਰ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਕੁਝ ਦਿਨ ਪਹਿਲਾਂ 50 ਕਿਲੋ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਬਾਅਦ, ਕੱਲ੍ਹ ਇਸੇ ਟੀਮ ਨੇ 4 ਕਿਲੋ 100 ਗ੍ਰਾਮ ਹੈਰੋਇਨ ਵੀ ਫੜੀ ਸੀ। ਹੁਣ ਇਸੇ ਕੇਸ ਦੀ ਅਗਲੀ ਜਾਂਚ ਦੌਰਾਨ ਨਵਾਂ ਨਸ਼ਾ-ਹਵਾਲਾ ਨੈੱਟਵਰਕ ਸਾਹਮਣੇ ਆਇਆ ਹੈ।
ਏਡੀਜੀਪੀ ਗੁਰਿੰਦਰਬੀਰ ਸਿੰਘ ਸਿੱਧੂ ਨੇ ਦੱਸਿਆ ਕਿ 21 ਨਵੰਬਰ ਨੂੰ ਕੀਆ ਕਾਰ ਸਵਾਰ ਸੰਦੀਪ ਸਿੰਘ ਉਰਫ ਸੀਪਾ ਨੂੰ 50 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੇ ਮੋਬਾਈਲ ਫੋਨ ਦੀ ਟੈਕਨਿਕਲ ਫੋਰੈਨਜ਼ਿਕ ਜਾਂਚ ਤੋਂ ਇਹ ਖੁਲਾਸਾ ਹੋਇਆ ਕਿ ਉਸ ਦੇ ਸਿੱਧੇ ਸੰਬੰਧ ਪਾਕਿਸਤਾਨੀ ਨਸ਼ਾ ਤਸਕਰ ਨਾਲ ਹਨ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਇਹ ਵੀ ਸਾਹਮਣੇ ਆਇਆ ਕਿ ਬੀਕਾਨੇਰ (ਰਾਜਸਥਾਨ) ਦਾ ਰਹਿਣ ਵਾਲਾ ਪਰ ਇਸ ਵੇਲੇ ਲੁਧਿਆਣਾ ਵਿੱਚ ਟਿਕਿਆ ਸ਼੍ਰੀਯਾਂਸ਼ ਪੁੱਤਰ ਸ਼ਾਮ ਲਾਲ, ਇਸ ਸਮੂਹ ਨਾਰਕੋ ਨੈੱਟਵਰਕ ਵਿੱਚ ਹਵਾਲਾ ਆਪਰੇਟਰ ਵਜੋਂ ਕੰਮ ਕਰ ਰਿਹਾ ਸੀ। ਸ਼੍ਰੀਯਾਂਸ਼ ਪਾਕਿਸਤਾਨੀ ਤਸਕਰਾਂ ਦੇ ਮੈਸੇਜਿੰਗ ਲਿੰਕਾਂ ਦੀ ਵਰਤੋਂ ਕਰਕੇ ਨਸ਼ਿਆਂ ਦੇ ਪੈਸੇ ਨੂੰ ਲਾਂਡਰ ਕਰਦਾ ਸੀ। ਹੈਰੋਇਨ ਕਿੱਥੋਂ ਆਉਂਦੀ ਹੈ ਅਤੇ ਕਿੱਥੇ ਵੇਚੀ ਜਾਣੀ ਹੈ — ਉਸ ਦੀ ਪੂਰੀ ਪੇਮੈਂਟ ਅਤੇ ਹਿਸਾਬ-ਕਿਤਾਬ ਇਹੀ ਕਰਦਾ ਸੀ।
ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਏਐਨਟੀਐਫ ਦੀ ਟੀਮ ਨੇ ਇੱਕ ਤੇਜ਼ ਆਪਰੇਸ਼ਨ ਚਲਾਇਆ ਅਤੇ ਸ਼੍ਰੀਯਾਂਸ਼ ਨੂੰ ਕਾਬੂ ਕਰ ਲਿਆ। ਉਸ ਦੇ ਕਬਜ਼ੇ ਵਿੱਚੋਂ 20 ਲੱਖ 55 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਗਏ, ਜਿਸਨੂੰ ਡਰੱਗ ਮਨੀ ਮੰਨਿਆ ਜਾ ਰਿਹਾ ਹੈ।
ਏਡੀਜੀਪੀ ਸਿੱਧੂ ਨੇ ਕਿਹਾ ਕਿ ਇਸ ਨਾਰਕੋ-ਹਵਾਲਾ ਨੈੱਟਵਰਕ ਦੇ ਹੋਰ ਸਾਰੇ ਅੱਗੇ ਅਤੇ ਪਿਛਲੇ ਲਿੰਕਾਂ ਦੀ ਪਛਾਣ ਲਈ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਨਸ਼ਿਆਂ ਦੀ ਗੈਰਕਾਨੂੰਨੀ ਸਪਲਾਈ ਚੇਨ ਵਿੱਚ ਸ਼ਾਮਿਲ ਹੋਰ ਸਹਿਯੋਗੀਆਂ ਨੂੰ ਵੀ ਜਲਦ ਬੇਨਕਾਬ ਕਰਕੇ ਗ੍ਰਿਫਤਾਰ ਕੀਤਾਜਾਵੇਗਾ ।
