ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਸ਼ਹੀਦੀ ਦਿਹਾੜੇ ਮੌਕੇ ਕਰਵਾਇਆ ਗਿਆ ਪ੍ਰਭਾਵਸ਼ਾਲੀ ਸਮਾਗਮ
- 44 Views
- kakkar.news
- March 27, 2026
- Punjab
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਸ਼ਹੀਦੀ ਦਿਹਾੜੇ ਮੌਕੇ ਕਰਵਾਇਆ ਗਿਆ ਪ੍ਰਭਾਵਸ਼ਾਲੀ ਸਮਾਗਮ
ਫ਼ਿਰੋਜ਼ਪੁਰ, 27 ਮਾਰਚ 2026 (ਅਨੁਜ ਕੱਕੜ ਟੀਨੂੰ)
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਦੇਸ਼ ਦੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਇੱਕ ਵਿਸ਼ੇਸ਼ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਮਾਨਯੋਗ ਵਾਈਸ-ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਨੇ ਕੀਤੀ। ਸਮਾਗਮ ਵਿੱਚ ਰਾਸ਼ਟਰਪਤੀ ਐਵਾਰਡ ਜੇਤੂ ਅਤੇ ਉੱਘੇ ਵਿਦਵਾਨ ਡਾ. ਰਮੇਸ਼ਵਰ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਹ ਸਮਾਗਮ ਡਾ. ਕੇ. ਸੁਨੀਲ ਬਹਿਲ (ਕੋਆਰਡੀਨੇਟਰ, ਸ਼ਹੀਦ ਭਗਤ ਸਿੰਘ ਸੋਸਾਇਟੀ) ਅਤੇ ਮਿਸ ਨਵਦੀਪ ਕੌਰ ਝੱਜ (ਕੋ-ਕੋਆਰਡੀਨੇਟਰ, ਸ਼ਹੀਦ ਭਗਤ ਸਿੰਘ ਸੋਸਾਇਟੀ) ਦੀ ਯੋਗ ਨਿਗਰਾਨੀ ਹੇਠ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮਿਸ ਨਵਦੀਪ ਕੌਰ ਝੱਜ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ ਅਤੇ ਸਮਾਗਮ ਦੌਰਾਨ ਸ਼ਹੀਦਾਂ ਦੇ ਜੀਵਨ ਨਾਲ ਸਬੰਧਤ ਬਹੁਤ ਹੀ ਸੁਚੱਜੇ ਸੰਦੇਸ਼ ਸਾਂਝੇ ਕੀਤੇ।
ਸਮਾਗਮ ਦੀ ਸ਼ੁਰੂਆਤ ਸਨਮਦੀਪ ਕੌਰ ਵੱਲੋਂ ਗਾਇਨ ਕੀਤੇ ਗਏ ਗੁਰਬਾਣੀ ਕੀਰਤਨ ਨਾਲ ਬਹੁਤ ਹੀ ਅਧਿਆਤਮਕ ਮਾਹੌਲ ਵਿੱਚ ਹੋਈ। ਗੌਰਵਦੀਪ ਸਿੰਘ ਨੇ ਆਪਣੇ ਭਾਸ਼ਣ ਰਾਹੀਂ ਸ਼ਹੀਦ ਭਗਤ ਸਿੰਘ ਦੀ ਜੀਵਨੀ ਬਾਰੇ ਬਹੁਤ ਹੀ ਵਿਸਥਾਰਪੂਰਵਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਾਨਣਾ ਪਾਇਆ। ਨਿਸ਼ੂ ਵੱਲੋਂ ਪੜ੍ਹੀ ਗਈ ਕਵਿਤਾ ਨੇ ਸਾਰਿਆਂ ਦੇ ਮਨਾਂ ਨੂੰ ਝੰਜੋੜ ਦਿੱਤਾ, ਜਦਕਿ ਅਨਮੋਲਦੀਪ ਸਿੰਘ ਨੇ ਆਪਣੀ ਗਾਇਕੀ ਰਾਹੀਂ ਸਮੂਹ ਹਾਜ਼ਰੀਨ ਦਾ ਮਨ ਮੋਹ ਲਿਆ।
ਸੱਭਿਆਚਾਰਕ ਪੇਸ਼ਕਾਰੀਆਂ ਵਿੱਚ ਆਲਮਜੀਤ ਸਿੰਘ ਸੰਧੂ ਅਤੇ ਉਨ੍ਹਾਂ ਦੀ ਟੀਮ ਵੱਲੋਂ ਪੇਸ਼ ਕੀਤੀ ਗਈ ਕੋਰੀਓਗ੍ਰਾਫੀ ‘ਪ੍ਰਣਾਮ ਸ਼ਹੀਦਾਂ ਨੂੰ’ ਨੇ ਦੇਸ਼ ਭਗਤੀ ਦਾ ਅਹਿਸਾਸ ਕਰਵਾਇਆ। ਮਯੰਕ ਪਰਮਾਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਪੇਸ਼ ਕੀਤੀ ਗਈ ਮਾਈਮ ‘ਕੁਰਬਾਨੀ ਦੀ ਗੂੰਜ’ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਦਾਸਤਾਨ ਨੂੰ ਬਿਨਾਂ ਬੋਲੇ ਬਾ-ਕਮਾਲ ਢੰਗ ਨਾਲ ਪੇਸ਼ ਕੀਤਾ। ਇਸ ਤੋਂ ਇਲਾਵਾ ਲਵਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਪੇਸ਼ ਕੀਤਾ ਗਿਆ ਸਕਿੱਟ ਖਿੱਚ ਦਾ ਕੇਂਦਰ ਰਿਹਾ।
ਅੰਤ ਵਿੱਚ ਵਾਈਸ-ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਅਤੇ ਮੁੱਖ ਮਹਿਮਾਨ ਡਾ. ਰਮੇਸ਼ਵਰ ਜੀ ਵੱਲੋਂ ਇਨ੍ਹਾਂ ਹੋਣਹਾਰ ਕਲਾਕਾਰਾਂ ਅਤੇ ਮਿਹਨਤੀ ਸਟਾਫ਼ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਰਾਸ਼ਟਰੀ ਗੀਤ ਦੇ ਸਤਿਕਾਰ ਨਾਲ ਸਮਾਗਮ ਦੀ ਸਮਾਪਤੀ ਹੋਈ।
