ਫਿਰੋਜ਼ਪੁਰ ਪੁਲਿਸ ਨੇ ਭਾਰੀ ਮਾਤਰਾ ਚ ਹੈਰੋਇਨ, ਆਈਸ ਡਰੱਗ ਤੇ ਨਾਜਾਇਜ਼ ਅਸਲਾ ਕੀਤਾ ਬਰਾਮਦ
- 23 Views
- kakkar.news
- May 20, 2026
- Crime Punjab
ਫਿਰੋਜ਼ਪੁਰ ਪੁਲਿਸ ਨੇ ਵੱਡੀ ਮਾਤਰਾ ਚ ਹੈਰੋਇਨ, ਆਈਸ ਡਰੱਗ ਤੇ ਨਾਜਾਇਜ਼ ਅਸਲਾ ਕੀਤਾ ਬਰਾਮਦ
ਫਿਰੋਜ਼ਪੁਰ, 20 ਮਈ 2026 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਪੁਲਿਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ 3 ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 10 ਕਿਲੋ 125 ਗ੍ਰਾਮ ਹੈਰੋਇਨ, 2 ਕਿਲੋ 1 ਗ੍ਰਾਮ ਆਈਸ ਡਰੱਗ, ਇੱਕ 30 ਬੋਰ ਪਿਸਤੌਲ ਮਾਰਕਾ ਤੁਰਕੀ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
ਐਸਐਸਪੀ ਫਿਰੋਜ਼ਪੁਰ ਦੀ ਸੁਪਰਵੀਜ਼ਨ ਹੇਠ ਸੀਆਈਏ ਸਟਾਫ ਫਿਰੋਜ਼ਪੁਰ ਦੀ ਟੀਮ ਵੱਲੋਂ ਇਹ ਕਾਰਵਾਈ ਕੀਤੀ ਗਈ। ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਹੇਠ ਟੀਮ ਵੱਲੋਂ ਚੈਕਿੰਗ ਦੌਰਾਨ ਮੁਖਬਰ ਖਾਸ ਤੋਂ ਸੂਚਨਾ ਮਿਲੀ ਸੀ ਕਿ ਪਿੰਡ ਲੀਲੀ ਵਾਲਾ ਦਾ ਰਹਿਣ ਵਾਲਾ ਇੱਕ ਵਿਅਕਤੀ ਹੈਰੋਇਨ ਦੀ ਤਸਕਰੀ ਦਾ ਧੰਦਾ ਕਰਦਾ ਹੈ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪਿੰਡ ਖਾਈ ਫੇਮੇ ਕੇ ਤੋਂ ਪਿੰਡ ਹਬੀਬ ਕੇ ਜਾਣ ਵਾਲੀ ਸੜਕ ‘ਤੇ ਭੱਠੇ ਨੇੜੇ ਨਾਕਾਬੰਦੀ ਕਰਕੇ ਦੋਸ਼ੀ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਸਦੇ ਪਾਸੋਂ 10 ਕਿਲੋ 125 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਥਾਣਾ ਸਦਰ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸੇ ਤਰ੍ਹਾਂ ਦੂਜੇ ਮਾਮਲੇ ਵਿੱਚ ਥਾਣਾ ਆਰਿਫ ਕੇ ਦੀ ਪੁਲਿਸ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਗਸ਼ਤ ਅਤੇ ਚੈਕਿੰਗ ਦੌਰਾਨ ਪੁਲਿਸ ਪਿੰਡ ਕਟੋਰਾ ਨੇੜੇ ਫਿਰੋਜ਼ਪੁਰ ਰੋਡ ‘ਤੇ ਮੌਜੂਦ ਸੀ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਸ਼ਾਂਤੀ ਨਗਰ ਦੇ ਰਹਿਣ ਵਾਲੇ ਦੋ ਵਿਅਕਤੀ ਆਈਸ ਡਰੱਗ ਲੈ ਕੇ ਮੋਟਰਸਾਈਕਲ ‘ਤੇ ਪਿੰਡ ਵੱਲ ਆ ਰਹੇ ਹਨ।
ਪੁਲਿਸ ਨੇ ਤੁਰੰਤ ਨਾਕਾਬੰਦੀ ਕਰਕੇ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਹਨਾਂ ਪਾਸੋਂ 2 ਕਿਲੋ 1 ਗ੍ਰਾਮ ਆਈਸ ਡਰੱਗ, ਇੱਕ 30 ਬੋਰ ਪਿਸਤੌਲ ਅਤੇ ਕਾਲੇ ਰੰਗ ਦਾ ਹੀਰੋ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ।
ਪੁਲਿਸ ਨੇ ਦੋਵਾਂ ਖ਼ਿਲਾਫ਼ ਐਨਡੀਪੀਐਸ ਐਕਟ ਅਤੇ ਅਸਲਾ ਐਕਟ ਤਹਿਤ ਥਾਣਾ ਆਰਿਫ ਕੇ ਵਿਖੇ ਮਾਮਲਾ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਡੀਆਈਜੀ ਫਿਰੋਜ਼ਪੁਰ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਆਈਸ ਡਰੱਗ ਤਸਕਰੀ ਦੇ ਤਾਰ ਜੇਲ੍ਹ ਅੰਦਰ ਤੱਕ ਵੀ ਜੁੜੇ ਹੋਏ ਹਨ। ਉਹਨਾਂ ਕਿਹਾ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ਾ ਤਸਕਰੀ ਦਾ ਨੈੱਟਵਰਕ ਜੇਲ੍ਹਾਂ ਅੰਦਰੋਂ ਵੀ ਚਲਾਇਆ ਜਾ ਰਿਹਾ ਸੀ।
ਡੀਆਈਜੀ ਸਨੇਹਦੀਪ ਸ਼ਰਮਾ ਨੇ ਇਹ ਵੀ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਿੰਨ ਆਰੋਪੀਆਂ ਤੋਂ ਇਲਾਵਾ ਚਾਰ ਹੋਰ ਆਰੋਪੀਆਂ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬਾਕੀ ਆਰੋਪੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
