ਫਿਰੋਜ਼ਪੁਰ ਜ਼ਿਲ੍ਹੇ ਵਿੱਚ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦਾ ਚਿੱਤਰ ਸਾਫ
- 57 Views
- kakkar.news
- May 20, 2026
- Politics Punjab
-ਫਿਰੋਜ਼ਪੁਰ ਜ਼ਿਲ੍ਹੇ ਵਿੱਚ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦਾ ਚਿੱਤਰ ਸਾਫ
-ਮੁਦਕੀ ਦੇ 13 ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਐਲਾਨੇ, ਜ਼ਿਲ੍ਹੇ ਭਰ ਵਿੱਚ 281 ਉਮੀਦਵਾਰ ਮੈਦਾਨ ਵਿੱਚ
ਫਿਰੋਜ਼ਪੁਰ, 20 ਮਈ 2026 (ਅਨੁਜ ਕੱਕੜ ਟੀਨੂੰ)
ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਰੀਕ ਮੰਗਲਵਾਰ ਨੂੰ ਪੂਰੀ ਹੋ ਗਈ, ਜਿਸ ਤੋਂ ਬਾਅਦ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਚੋਣੀ ਤਸਵੀਰ ਕਾਫੀ ਹੱਦ ਤੱਕ ਸਾਫ ਹੋ ਗਈ ਹੈ।
ਜ਼ਿਲ੍ਹੇ ਦੇ ਕੁੱਲ 76 ਵਾਰਡਾਂ ਵਿੱਚੋਂ ਸਕਰੂਟਨੀ ਤੋਂ ਬਾਅਦ 369 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਵੈਲਿਡ ਕਰਾਰ ਦਿੱਤੇ ਗਏ ਸਨ। ਨਾਮਜ਼ਦਗੀਆਂ ਵਾਪਸ ਲੈਣ ਦੀ ਪ੍ਰਕਿਰਿਆ ਤੋਂ ਬਾਅਦ ਹੁਣ ਕੁੱਲ 281 ਉਮੀਦਵਾਰ ਹੀ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਸਭ ਤੋਂ ਵੱਡੀ ਗੱਲ ਮੁਦਕੀ ਨਗਰ ਪੰਚਾਇਤ ਵਿੱਚ ਸਾਹਮਣੇ ਆਈ, ਜਿੱਥੇ 13 ਵਾਰਡਾਂ ਲਈ 18 ਵੈਲਿਡ ਨਾਮਜ਼ਦਗੀਆਂ ਦਾਖਲ ਹੋਈਆਂ ਸਨ। ਆਖਰੀ ਦਿਨ ਪੰਜ ਉਮੀਦਵਾਰਾਂ ਵੱਲੋਂ ਆਪਣੇ ਕਾਗਜ਼ ਵਾਪਸ ਲੈਣ ਤੋਂ ਬਾਅਦ ਬਾਕੀ ਰਹਿੰਦੇ 13 ਉਮੀਦਵਾਰਾਂ ਨੂੰ ਬਿਨਾਂ ਮੁਕਾਬਲੇ ਜੇਤੂ ਐਲਾਨ ਦਿੱਤਾ ਗਿਆ। ਇਸ ਨਤੀਜੇ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਤੇਜ਼ ਹੋ ਗਈਆਂ ਹਨ ਕਿ ਮੁਦਕੀ ਦੇ ਇਹ ਨਤੀਜੇ ਹੋਰ ਸ਼ਹਿਰਾਂ ਦੇ ਚੋਣੀ ਮਾਹੌਲ ‘ਤੇ ਵੀ ਅਸਰ ਪਾ ਸਕਦੇ ਹਨ।
ਫਿਰੋਜ਼ਪੁਰ ਸ਼ਹਿਰ ਵਿੱਚ 173 ਵੈਲਿਡ ਨਾਮਜ਼ਦਗੀ ਪੱਤਰਾਂ ਵਿੱਚੋਂ 35 ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲਏ ਹਨ, ਜਿਸ ਕਾਰਨ ਹੁਣ 138 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਤਲਵੰਡੀ ਭਾਈ ਵਿੱਚ 13 ਵਾਰਡਾਂ ਲਈ 67 ਨਾਮਜ਼ਦਗੀ ਪੱਤਰ ਸਹੀ ਪਾਏ ਗਏ ਸਨ। ਇੱਥੇ 11 ਉਮੀਦਵਾਰਾਂ ਨੇ ਨਾਮਜ਼ਦਗੀ ਵਾਪਸ ਲੈ ਲਈ, ਜਿਸ ਤੋਂ ਬਾਅਦ ਹੁਣ 56 ਉਮੀਦਵਾਰ ਚੋਣ ਲੜਨਗੇ।
ਉੱਧਰ ਜ਼ੀਰਾ ਵਿੱਚ 17 ਵਾਰਡਾਂ ਲਈ 111 ਉਮੀਦਵਾਰਾਂ ਦੇ ਕਾਗਜ਼ ਵੈਲਿਡ ਮੰਨੇ ਗਏ ਸਨ। ਇਨ੍ਹਾਂ ਵਿੱਚੋਂ 24 ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ ਹਨ, ਜਿਸ ਨਾਲ ਹੁਣ 87 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਜ਼ਿਲ੍ਹੇ ਭਰ ਵਿੱਚ ਹੁਣ ਚੋਣ ਪ੍ਰਚਾਰ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। 26 ਮਈ ਨੂੰ ਵੋਟਿੰਗ ਹੋਵੇਗੀ, ਜਦਕਿ 29 ਮਈ 2026 ਨੂੰ ਨਤੀਜੇ ਐਲਾਨੇ ਜਾਣਗੇ। ਇਹ ਨਤੀਜੇ ਤੈਅ ਕਰਨਗੇ ਕਿ ਕਿਸ ਸਿਆਸੀ ਪਾਰਟੀ ਦੇ ਸਿਰ ਜਿੱਤ ਦਾ ਤਾਜ ਸਜੇਗਾ।
ਮੁਦਕੀ ਵਿੱਚ ਬਿਨਾਂ ਮੁਕਾਬਲੇ ਹੋਈਆਂ ਜਿੱਤਾਂ ਨੇ ਪਹਿਲਾਂ ਹੀ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ ਅਤੇ ਲੋਕਾਂ ਵਿੱਚ ਇਹ ਚਰਚਾ ਜ਼ੋਰਾਂ ‘ਤੇ ਹੈ ਕਿ ਇਹ ਨਤੀਜੇ ਬਾਕੀ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਚੋਣੀ ਰੁਝਾਨਾਂ ਨੂੰ ਕਿੰਨਾ ਪ੍ਰਭਾਵਿਤ ਕਰਨਗੇ।
