ਪੰਜਾਬ ‘ਚ ਬੱਸ ਹੜਤਾਲ: ਮੁਲਾਜ਼ਮਾਂ ਦਾ ਚੱਕਾ ਜਾਮ, ਸਵਾਰੀਆਂ ਪ੍ਰੇਸ਼ਾਨ
- 17 Views
- kakkar.news
- June 10, 2026
- Punjab
ਪੰਜਾਬ ‘ਚ ਬੱਸ ਹੜਤਾਲ: ਮੁਲਾਜ਼ਮਾਂ ਦਾ ਚੱਕਾ ਜਾਮ, ਸਵਾਰੀਆਂ ਪ੍ਰੇਸ਼ਾਨ
ਫਿਰੋਜ਼ਪੁਰ 10 ਜੂਨ 2026( ਅਨੁਜ ਕੱਕੜ ਟੀਨੂੰ)
ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਅੱਜ ਸੂਬਾ ਪੱਧਰੀ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਹੜਤਾਲ ਕਾਰਨ ਪੰਜਾਬ ਭਰ ਵਿੱਚ ਬੱਸਾਂ ਦਾ ਚੱਕਾ ਜਾਮ ਹੈ, ਜਿਸ ਦਾ ਸਭ ਤੋਂ ਵੱਧ ਅਸਰ ਫਿਰੋਜ਼ਪੁਰ ਬੱਸ ਸਟੈਂਡ ‘ਤੇ ਦੇਖਣ ਨੂੰ ਮਿਲਿਆ।
ਬੱਸ ਸਟੈਂਡ ‘ਤੇ ਇਕੱਠੇ ਹੋਏ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਜਾਣ-ਬੁੱਝ ਕੇ ਕਿਲੋਮੀਟਰ ਸਕੀਮ ਅਤੇ ਪ੍ਰਾਈਵੇਟ ਬੱਸਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਦਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਵਾਅਦੇ ਤੋਂ ਸਰਕਾਰ ਪਿੱਛੇ ਹਟ ਰਹੀ ਹੈ। ਉਨ੍ਹਾਂ ਆਪਣੇ ਸਾਥੀਆਂ ਦੀ ਤੁਰੰਤ ਰਿਹਾਈ ਦੀ ਵੀ ਮੰਗ ਕੀਤੀ।
ਜਤਿੰਦਰ ਸਿੰਘ, ਡਿਪੂ ਪ੍ਰਧਾਨ ਨੇ ਕਿਹਾ ਕਿ “ਸਾਡੀਆਂ ਹੱਕੀ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।”
ਇਸ ਹੜਤਾਲ ਦੀ ਮਾਰ ਸਭ ਤੋਂ ਵੱਧ ਆਮ ਲੋਕਾਂ ‘ਤੇ ਪਈ ਹੈ। ਜਲਾਲਾਬਾਦ, ਅਬੋਹਰ, ਫਾਜ਼ਿਲਕਾ ਅਤੇ ਗੁਰੂਹਰਸਹਾਏ ਜਾਣ ਵਾਲੇ ਯਾਤਰੀ ਬੱਸ ਸਟੈਂਡਾਂ ‘ਤੇ ਖੱਜਲ-ਖੁਆਰ ਹੁੰਦੇ ਨਜ਼ਰ ਆਏ।
ਸਤਪਾਲ ਸਿੰਘ, ਮੁਸਾਫਿਰ ਨੇ ਕਿਹਾ ਕਿ “ਅਸੀਂ ਬਹੁਤ ਦੂਰੋਂ ਆਏ ਹਾਂ ਅਤੇ ਹੁਣ ਬੱਸਾਂ ਬੰਦ ਹਨ। ਸਾਨੂੰ ਸਮਝ ਨਹੀਂ ਆ ਰਿਹਾ ਕਿ ਅਸੀਂ ਘਰ ਕਿਵੇਂ ਵਾਪਸ ਜਾਈਏ। ਸਰਕਾਰ ਨੂੰ ਆਮ ਲੋਕਾਂ ਦੀ ਪ੍ਰੇਸ਼ਾਨੀ ਦਾ ਕੋਈ ਖਿਆਲ ਨਹੀਂ ਹੈ।”
ਹੜਤਾਲ ਦੇ ਇਸ ਮਾਹੌਲ ਵਿੱਚ ਇੱਕ ਦਿਲ ਕੰਬਾਊ ਮਾਮਲਾ ਵੀ ਸਾਹਮਣੇ ਆਇਆ। ਇੱਕ ਬਜ਼ੁਰਗ ਮਾਤਾ, ਜੋ ਆਪਣੇ ਰਿਸ਼ਤੇਦਾਰਾਂ ਦੇ ਘਰੋਂ ਵਾਪਸ ਆਪਣੇ ਘਰ ਪਰਤ ਰਹੀ ਸੀ, ਉਸਦਾ ਬੱਸ ਵਿੱਚ ਸਫਰ ਦੌਰਾਨ ਕਿਸੇ ਨੇ ਪਰਸ ਚੋਰੀ ਕਰ ਲਿਆ। ਉਸ ਵਿੱਚ ਉਸਦੇ ਘਰ ਜਾਣ ਲਈ ਰੱਖੇ ਪੈਸੇ ਅਤੇ ਹੋਰ ਜ਼ਰੂਰੀ ਸਮਾਨ ਸੀ। ਹਾਲਾਂਕਿ, ਰਸਤੇ ਵਿੱਚ ਬੱਸ ਡਰਾਈਵਰ ਨੇ ਆਪਣੀ ਨੇਕਦਿਲੀ ਦਿਖਾਉਂਦੇ ਹੋਏ ਮਾਤਾ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਪੈਸੇ ਦਿੱਤੇ, ਪਰ ਬੱਸ ਸਟੈਂਡ ‘ਤੇ ਪਹੁੰਚ ਕੇ ਮਾਤਾ ਹੋਰ ਵੀ ਬੇਵੱਸ ਹੋ ਗਈ ਕਿਉਂਕਿ ਅੱਗੇ ਜਾਣ ਲਈ ਕੋਈ ਬੱਸ ਉਪਲਬਧ ਨਹੀਂ ਸੀ।
ਮਾਤਾ ਨੇ ਰੋਂਦਿਆਂ ਹੋਇਆਂ ਦੱਸਿਆ ਕਿ ਹੁਣ ਉਹ ਇਸ ਉਮਰ ਵਿੱਚ ਇਸ ਮੁਸ਼ਕਿਲ ਘੜੀ ਵਿੱਚ ਕਿੱਥੇ ਜਾਵੇ ਅਤੇ ਕਿਵੇਂ ਘਰ ਪਹੁੰਚੇ, ਉਸਦਾ ਸਾਰਾ ਕੁਝ ਲੁੱਟਿਆ ਗਿਆ ਹੈ।
