12 ਜੁਲਾਈ ਨੂੰ ਬੂਥ ਲੈਵਲ ਅਫ਼ਸਰ ਆਪੋ-ਆਪਣੇ ਬੂਥਾਂ ਤੇ ਰਹਿਣਗੇ ਹਾਜ਼ਰ: ਜ਼ਿਲ੍ਹਾ ਚੋਣ ਅਫ਼ਸਰ
- kakkar.news
- July 11, 2026
- Punjab
12 ਜੁਲਾਈ ਨੂੰ ਬੂਥ ਲੈਵਲ ਅਫ਼ਸਰ ਆਪੋ-ਆਪਣੇ ਬੂਥਾਂ ਤੇ ਰਹਿਣਗੇ ਹਾਜ਼ਰ: ਜ਼ਿਲ੍ਹਾ ਚੋਣ ਅਫ਼ਸਰ
ਫ਼ਿਰੋਜ਼ਪੁਰ, 11 ਜੁਲਾਈ 2026 (ਅਨੁਜ ਕੱਕੜ ਟੀਨੂੰ)
ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ -2026) ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਪੋਲਿੰਗ ਸਟੇਸ਼ਨਾਂ ‘ਤੇ ਵਿਸ਼ੇਸ਼ ਕੈਂਪ ਲਗਾ ਕੇ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ-2026 ਤਹਿਤ ਐਨਿਊਮਰੇਸ਼ਨ ਫਾਰਮ ਜਮ੍ਹਾਂ ਅਤੇ ਡਿਜੀਟਾਈਜ਼ ਕੀਤੇ ਗਏ । ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਸਵੇਰੇ 8:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਲਗਾਏ ਗਏ, ਜਿੱਥੇ ਸਮੂਹ ਬੂਥ ਲੈਵਲ ਅਫ਼ਸਰ (ਬੀਐਲਓ) ਨੇ ਹਾਜ਼ਰ ਰਹਿ ਕੇ ਯੋਗ ਵੋਟਰਾਂ ਦੇ ਐਨਿਊਮਰੇਸ਼ਨ ਫਾਰਮ ਜਮ੍ਹਾਂ ਕੀਤੇ ਤੇ ਪਹਿਲਾਂ ਜਮ੍ਹਾਂ ਹੋਏ ਫਾਰਮਾਂ ਦੀ ਡਿਜੀਟਾਈਜ਼ੇਸ਼ਨ ਦਾ ਕੰਮ ਵੀ ਕੀਤਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਬੀ.ਐੱਲ.ਓਜ਼ ਵੱਲੋਂ ਬੂਥਾਂ ‘ਤੇ ਇਕੱਤਰ ਕੀਤੇ ਗਏ ਫਾਰਮਾਂ ਨੂੰ ਤੁਰੰਤ ਡਿਜੀਟਾਈਜ਼ ਕਰਨ ਦੇ ਨਾਲ-ਨਾਲ ਬਾਕੀ ਰਹਿੰਦੇ ਫਾਰਮ ਵੀ ਇਕੱਤਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਘੱਟ ਪ੍ਰਗਤੀ ਵਾਲੇ ਬੂਥਾਂ ‘ਤੇ ਫਾਰਮਾਂ ਦੀ ਇਕੱਤਰਤਾ ਅਤੇ ਡਿਜੀਟਾਈਜ਼ੇਸ਼ਨ ਦਾ ਕੰਮ ਇੱਕੋ ਸਮੇਂ ਚਲਾਇਆ ਜਾ ਰਿਹਾ ਹੈ।
ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ 75-ਜ਼ੀਰਾ ਵਿੱਚ ਐਸ.ਡੀ.ਐਮ ਜ਼ੀਰਾ, 76-ਫ਼ਿਰੋਜ਼ਪੁਰ (ਸ਼ਹਿਰੀ) ਵਿੱਚ ਐਸ.ਡੀ.ਐਮ ਫ਼ਿਰੋਜ਼ਪੁਰ, 77-ਫ਼ਿਰੋਜ਼ਪੁਰ (ਦਿਹਾਤੀ) ਵਿੱਚ ਏ.ਡੀ.ਸੀ (ਵਿਕਾਸ) ਫ਼ਿਰੋਜ਼ਪੁਰ ਅਤੇ 78-ਗੁਰੂ ਹਰਸਹਾਏ ਵਿੱਚ ਐਸ.ਡੀ.ਐਮ ਗੁਰੂ ਹਰਸਹਾਏ ਬਤੌਰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਡਿਊਟੀ ਨਿਭਾ ਰਹੇ ਹਨ। ਜ਼ਿਲ੍ਹੇ ਵਿੱਚ ਕੁੱਲ 903 ਪੋਲਿੰਗ ਬੂਥ, 903 ਬੀ.ਐਲ.ਓਜ਼ ਅਤੇ 91 ਸੈਕਟਰ ਅਫ਼ਸਰ ਤੈਨਾਤ ਕੀਤੇ ਗਏ ਹਨ।
ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਕੈਂਪਾਂ ਨੂੰ ਸਫਲ ਬਣਾਉਣ ਲਈ ਹੋਰ ਸਬੰਧਤ ਵਿਭਾਗਾਂ ਸਕੂਲਾਂ ਦੇ ਸਟਾਫ਼, ਮਾਲ ਵਿਭਾਗ ਦੇ ਪਟਵਾਰੀਆਂ, ਆਂਗਣਵਾੜੀ ਵਰਕਰਾਂ, ਸ਼ਹਿਰੀ ਖੇਤਰਾਂ ਵਿੱਚ ਨਗਰ ਕੌਂਸਲਾਂ ਦੇ ਕਰਮਚਾਰੀਆਂ ਅਤੇ ਏ.ਐੱਲ.ਐੱਮ.ਟੀਜ਼./ਡੀ.ਐੱਲ.ਐੱਮ.ਟੀਜ਼./ਬੀ.ਐੱਲ.ਓ. ਸੁਪਰਵਾਈਜ਼ਰਾਂ ਦੀ ਵੀ ਡਿਊਟੀ ਲਗਾਈ ਗਈ ਹੈ, ਤਾਂ ਜੋ ਵੱਧ ਤੋਂ ਵੱਧ ਫਾਰਮ ਇਕੱਤਰ ਕਰਨ ਅਤੇ ਡਿਜੀਟਾਈਜ਼ੇਸ਼ਨ ਦਾ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।
ਉਨ੍ਹਾਂ ਸਮੂਹ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ 12 ਜੁਲਾਈ ਨੂੰ ਇਸੇ ਤਰ੍ਹਾਂ ਕੈੰਪ ਲੱਗੇਗਾ ਅਤੇ ਆਪਣੇ ਨੇੜਲੇ ਪੋਲਿੰਗ ਸਟੇਸ਼ਨ ‘ਤੇ ਪਹੁੰਚ ਕੇ ਐਨਿਊਮਰੇਸ਼ਨ ਫਾਰਮ ਜਮ੍ਹਾਂ ਕਰਵਾਉਣ ਅਤੇ ਵੋਟਰ ਸੂਚੀ ਦੀ ਇਸ ਮਹੱਤਵਪੂਰਨ ਪ੍ਰਕਿਰਿਆ ਨੂੰ ਸਫਲ ਬਣਾਉਣ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ।
