ਬਰਸਾਤੀ ਮੌਸਮ ਦੌਰਾਨ ਸਾਵਧਾਨੀ ਹੀ ਸਭ ਤੋਂ ਵੱਡੀ ਸੁਰੱਖਿਆ
- kakkar.news
- July 16, 2026
- Punjab
ਬਰਸਾਤੀ ਮੌਸਮ ਦੌਰਾਨ ਸਾਵਧਾਨੀ ਹੀ ਸਭ ਤੋਂ ਵੱਡੀ ਸੁਰੱਖਿਆ
ਫਿਰੋਜ਼ਪੁਰ, 16 ਜੁਲਾਈ 2026
ਸਿਵਲ ਸਰਜਨ ਡਾ. ਮੀਨਾਕਸ਼ੀ ਢੀਂਗਰਾ ਨੇ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਭਾਰੀ ਮੀਂਹ ਅਤੇ ਸੰਭਾਵਿਤ ਹੜ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਵੱਲੋਂ ਲੋਕਾਂ ਦੀ ਸਿਹਤ ਸੁਰੱਖਿਆ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰੀ ਮੀਂਹ ਜਾਂ ਹੜ੍ਹ ਵਰਗੀ ਸਥਿਤੀ ਪੈਦਾ ਹੁੰਦੀ ਹੈ ਤਾਂ ਦੂਸ਼ਿਤ ਪਾਣੀ, ਗੰਦਗੀ, ਮੱਛਰਾਂ ਅਤੇ ਹੋਰ ਕੀੜੇ-ਮਕੌੜਿਆਂ ਕਾਰਨ ਦਸਤ, ਹੈਜ਼ਾ, ਟਾਈਫਾਇਡ, ਹੈਪੇਟਾਈਟਿਸ-ਏ ਅਤੇ ਈ, ਚਮੜੀ ਦੇ ਰੋਗ, ਡੇਂਗੂ, ਮਲੇਰੀਆ ਅਤੇ ਹੋਰ ਛੂਤ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਜਾਂਦਾ ਹੈ। ਜੇਕਰ ਲੋਕ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਤਾਂ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਸੰਭਵ ਹੈ।
ਡਾ. ਮੀਨਾਕਸ਼ੀ ਢੀਂਗਰਾ ਨੇ ਕਿਹਾ ਕਿ ਲੋਕ ਸਿਰਫ਼ ਸਾਫ਼ ਅਤੇ ਸੁਰੱਖਿਅਤ ਪਾਣੀ ਹੀ ਪੀਣ। ਜੇਕਰ ਕਿਸੇ ਖੇਤਰ ਵਿੱਚ ਪਾਣੀ ਦੇ ਦੂਸ਼ਿਤ ਹੋਣ ਦੀ ਸੰਭਾਵਨਾ ਹੋਵੇ ਤਾਂ ਪਾਣੀ ਨੂੰ ਘੱਟੋ-ਘੱਟ 15 ਤੋਂ 20 ਮਿੰਟ ਤੱਕ ਉਬਾਲ ਕੇ ਠੰਢਾ ਕਰਨ ਤੋਂ ਬਾਅਦ ਹੀ ਵਰਤੋਂ ਵਿੱਚ ਲਿਆਂਦਾ ਜਾਵੇ। ਜੇਕਰ ਸਿਹਤ ਵਿਭਾਗ ਵੱਲੋਂ ਕਲੋਰੀਨ ਦੀਆਂ ਗੋਲੀਆਂ ਮੁਹੱਈਆ ਕਰਵਾਈਆਂ ਜਾਣ ਤਾਂ ਉਨ੍ਹਾਂ ਦੀ ਵਰਤੋਂ ਸਿਰਫ਼ ਨਿਰਧਾਰਤ ਹਦਾਇਤਾਂ ਅਨੁਸਾਰ ਹੀ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਹਰ ਵਾਰ ਭੋਜਨ ਕਰਨ ਤੋਂ ਪਹਿਲਾਂ, ਭੋਜਨ ਬਣਾਉਣ ਤੋਂ ਪਹਿਲਾਂ ਅਤੇ ਸ਼ੌਚਾਲੇ ਦੀ ਵਰਤੋਂ ਕਰਨ ਤੋਂ ਬਾਅਦ ਸਾਬਣ ਨਾਲ ਹੱਥ ਧੋਣਾ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਵੀ ਸਫ਼ਾਈ ਦੀਆਂ ਚੰਗੀਆਂ ਆਦਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਖਾਣ-ਪੀਣ ਦੀ ਵਸਤੂ, ਫਲ, ਸਬਜ਼ੀਆਂ, ਦੁੱਧ ਜਾਂ ਹੋਰ ਭੋਜਨ ਹੜ੍ਹ ਜਾਂ ਦੂਸ਼ਿਤ ਪਾਣੀ ਦੇ ਸੰਪਰਕ ਵਿੱਚ ਆ ਜਾਵੇ ਤਾਂ ਉਸਦੀ ਵਰਤੋਂ ਨਾ ਕੀਤੀ ਜਾਵੇ। ਹਮੇਸ਼ਾ ਤਾਜ਼ਾ ਅਤੇ ਚੰਗੀ ਤਰ੍ਹਾਂ ਪਕਿਆ ਹੋਇਆ ਭੋਜਨ ਹੀ ਖਾਓ ਅਤੇ ਭੋਜਨ ਨੂੰ ਢੱਕ ਕੇ ਰੱਖੋ। ਸਿਵਲ ਸਰਜਨ ਨੇ ਕਿਹਾ ਕਿ ਜੇਕਰ ਕਿਸੇ ਕਾਰਨ ਕਰਕੇ ਹੜ੍ਹ ਦੇ ਪਾਣੀ ਵਿੱਚ ਜਾਣਾ ਪਵੇ ਤਾਂ ਨੰਗੇ ਪੈਰ ਨਾ ਜਾਓ। ਰਬੜ ਦੇ ਜੁੱਤੇ, ਦਸਤਾਨੇ ਅਤੇ ਹੋਰ ਸੁਰੱਖਿਆ ਉਪਕਰਣਾਂ ਦੀ ਵਰਤੋਂ ਕਰੋ ਅਤੇ ਬਾਹਰ ਆਉਣ ਤੋਂ ਬਾਅਦ ਸਰੀਰ ਨੂੰ ਸਾਬਣ ਅਤੇ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਵੋ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਖੇਤਰ ਵਿੱਚ ਪਾਣੀ ਖੜ੍ਹਾ ਹੋਣ ਦੀ ਸਥਿਤੀ ਬਣਦੀ ਹੈ ਤਾਂ ਪਾਣੀ ਉਤਰਣ ਤੋਂ ਬਾਅਦ ਘਰਾਂ, ਪਾਣੀ ਦੀਆਂ ਟੈਂਕੀਆਂ, ਸ਼ੌਚਾਲਿਆਂ ਅਤੇ ਆਲੇ-ਦੁਆਲੇ ਦੇ ਖੇਤਰਾਂ ਦੀ ਸਫ਼ਾਈ ਬਲੀਚਿੰਗ ਪਾਊਡਰ ਜਾਂ ਹੋਰ ਮਨਜ਼ੂਰਸ਼ੁਦਾ ਕੀਟਾਣੂਨਾਸ਼ਕਾਂ ਨਾਲ ਕੀਤੀ ਜਾਵੇ। ਗੰਦਗੀ, ਕੂੜਾ-ਕਰਕਟ ਅਤੇ ਖੜ੍ਹੇ ਪਾਣੀ ਨੂੰ ਤੁਰੰਤ ਹਟਾਇਆ ਜਾਵੇ ਤਾਂ ਜੋ ਮੱਛਰਾਂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਬੁਖਾਰ, ਦਸਤ, ਉਲਟੀਆਂ, ਪੇਟ ਦਰਦ, ਚਮੜੀ ’ਤੇ ਦਾਣੇ, ਖੁਜਲੀ ਜਾਂ ਹੋਰ ਕੋਈ ਸਿਹਤ ਸੰਬੰਧੀ ਸਮੱਸਿਆ ਮਹਿਸੂਸ ਹੋਵੇ ਤਾਂ ਖੁਦ ਦਵਾਈ ਲੈਣ ਜਾਂ ਝੋਲਾਛਾਪ ਡਾਕਟਰਾਂ ਕੋਲ ਜਾਣ ਦੀ ਬਜਾਏ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰੋ। ਸਿਵਲ ਸਰਜਨ ਨੇ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਸੱਪਾਂ ਅਤੇ ਹੋਰ ਜ਼ਹਿਰੀਲੇ ਜੀਵਾਂ ਦੇ ਕੱਟਣ ‘ਤੇ ਪੀੜਤ ਨੂੰ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਪਹੁੰਚਾਓ।
ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸੰਭਾਵਿਤ ਹੜ੍ਹਾਂ ਨਾਲ ਨਜਿੱਠਣ ਲਈ ਮੈਡੀਕਲ ਟੀਮਾਂ, ਲੋੜੀਂਦੀਆਂ ਦਵਾਈਆਂ, ਓ.ਆਰ.ਐਸ. ਦੇ ਪੈਕਟ, ਕਲੋਰੀਨ ਦੀਆਂ ਗੋਲੀਆਂ ਅਤੇ ਹੋਰ ਲੋੜੀਂਦੀਆਂ ਸਿਹਤ ਸੇਵਾਵਾਂ ਦੀ ਪਹਿਲਾਂ ਹੀ ਵਿਵਸਥਾ ਕੀਤੀ ਗਈ ਹੈ। ਆਸ਼ਾ ਵਰਕਰਾਂ, ਏ.ਐਨ.ਐਮ., ਮਲਟੀਪਰਪਜ਼ ਹੈਲਥ ਵਰਕਰਾਂ ਅਤੇ ਹੋਰ ਸਿਹਤ ਕਰਮਚਾਰੀਆਂ ਨੂੰ ਵੀ ਪੂਰੀ ਤਰ੍ਹਾਂ ਚੌਕਸ ਰਹਿਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਕਿਸੇ ਵੀ ਐਮਰਜੈਂਸੀ, ਹੜ੍ਹ ਜਾਂ ਸਿਹਤ ਸੰਬੰਧੀ ਸਹਾਇਤਾ ਲਈ ਜ਼ਿਲ੍ਹਾ ਪੱਧਰ ’ਤੇ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ, ਸਹਾਇਤਾ ਜਾਂ ਐਮਰਜੈਂਸੀ ਸੂਚਨਾ ਦੇਣ ਲਈ ਲੋਕ ਜ਼ਿਲ੍ਹਾ ਕੰਟਰੋਲ ਰੂਮ ਦੇ ਫੋਨ ਨੰਬਰ 9465845173 ‘ਤੇ ਸੰਪਰਕ ਕਰ ਸਕਦੇ ਹਨ।
ਸਿਵਲ ਸਰਜਨ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਬਰਸਾਤ ਦੇ ਮੌਸਮ ਦੌਰਾਨ ਸਾਵਧਾਨ ਰਹੋ, ਅਫਵਾਹਾਂ ਤੋਂ ਦੂਰ ਰਹੋ, ਸਿਰਫ਼ ਸਰਕਾਰੀ ਸੂਚਨਾਵਾਂ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਦੀ ਹੀ ਪਾਲਣਾ ਕਰੋ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਜਾਂ ਜ਼ਿਲ੍ਹਾ ਕੰਟਰੋਲ ਰੂਮ ਨਾਲ ਸੰਪਰਕ ਕਰੋ।
